ਸੋਚ ਸਮਝ ਕੇ ਵੋਟ ਪਾਉਣਾ ਕੌਮੀ ਵੋਟਰ ਦਿਵਸ ਦਾ ਮੁੱਖ ਮੰਤਵ -ਡਾ: ਪ੍ਰੀਤੀ ਯਾਦਵ
- 15ਵੇਂ ਕੌਮੀ ਵੋਟਰ ਦਿਵਸ ਮੌਕੇ "ਵੋਟਰ ਪ੍ਰਣ" ‘ਤੇ ਦਸਤਖ਼ਤ ਕਰਕੇ ਸਮਾਗਮ ਦੀ ਕੀਤੀ ਆਰੰਭਤਾ
ਪਟਿਆਲਾ 24 ਜਨਵਰੀ 2025 - ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ 15ਵੇਂ ਕੌਮੀ ਵੋਟਰ ਦਿਵਸ ਮੌਕੇ ਸਰਕਾਰੀ ਬਿਕਰਮ ਕਾਲਜ ਆਫ ਕਾਮਰਸ, ਪਟਿਆਲਾ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੌਮੀ ਵੋਟਰ ਦਿਵਸ ਨੂੰ ਮਨਾਉਣ ਦਾ ਮੁੱਖ ਮੰਤਵ ਹੈ ਕਿ ਹਰੇਕ ਵਿਅਕਤੀ ਖਾਸਕਰ ਨੌਜਵਾਨ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਸੋਚ ਸਮਝ ਕੇ ਕਰਨ । ਉਹਨਾਂ ਵੋਟਰ ਪ੍ਰਣ 'ਤੇ ਦਸਤਖ਼ਤ ਕਰਕੇ ਇਸ ਸਮਾਗਮ ਦਾ ਆਰੰਭ ਕੀਤਾ ।
ਉਹਨਾਂ ਨੌਜਵਾਨਾ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਵੋਟਰ ਬਣਨ ਲਈ ਪ੍ਰੇਰਿਤ ਕੀਤਾ । ਉਹਨਾਂ ਕਿਹਾ ਕਿ ਨੌਜਵਾਨ ਸਾਡੇ ਲੋਕਤੰਤਰ ਦੀ ਹੋਰ ਵਧੇਰੇ ਤਰੱਕੀ ਲਈ ਅੱਗੇ ਆਉਣ ਅਤੇ ਵਿਚਾਰ ਚਰਚਾ ਵਿੱਚ ਆਪਣਾ ਪੱਖ ਰੱਖਣ। ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਉਹਨਾਂ ਦੇ ਨਾਲ ਸਹਾਇਕ ਕਮਿਸ਼ਨਰ ਰਿਚਾ ਗੋਇਲ ਵੀ ਸਨ ।
ਡਿਪਟੀ ਕਮਿਸ਼ਨਰ ਦਾ ਕਾਲਜ ਦੇ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ । ਇਸ ਮੌਕੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ । ਸਮਾਗਮ ਦੌਰਾਨ ਵਾਣੀ ਇੰਟਰਨੈਸ਼ਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗਾਣ ਦੀ ਪੇਸ਼ਕਾਰੀ ਕੀਤੀ ਗਈ ।
ਡਾ: ਪ੍ਰੀਤੀ ਯਾਦਵ ਨੇ ਨੌਜਵਾਨ ਵਰਗ ਨੂੰ ਬਿਨਾਂ ਕਿਸੇ ਡਰ, ਲਾਲਚ ਤੇ ਜਾਤਪਾਤ ਅਤੇ ਧਰਮ ਤੋਂ ਨਿਰਪੱਖ ਹੋ ਕੇ ਵੋਟਰ ਪ੍ਰਣ ਚੁਕਾਇਆ। ਉਹਨਾਂ ਸਵੀਪ ਗਤੀਵਿਧੀਆਂ ਦੀ ਸਫਲਤਾ ਲਈ ਕਾਲਜ ਵਿੱਚ ਮੌਜੂਦ ਬੀ.ਐਲ.ਓਜ਼ ਦੀ ਪ੍ਰਸੰਸ਼ਾ ਕੀਤੀ । ਉਹਨਾਂ ਵਿਦਿਆਰਥੀਆਂ ਵੱਲੋਂ ਬਣਾਈ ਰੰਗੋਲੀ, ਪੋਸਟਰ ਮੇਕਿੰਗ ਅਤੇ ਸਲੋਗਨ ਲੇਖਨ ਦੀ ਸ਼ਲਾਘਾ ਵੀ ਕੀਤੀ । ਉਹਨਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰ ਪ੍ਰਣਾਲੀ ਵਿੱਚ ਆਪਣੀ ਭਾਗੀਦਾਰੀ ਲਾਜ਼ਮੀ ਬਨਾਉਣ ਅਤੇ ਦੇਸ਼ ਦੇ ਇਸ ਮਹਾਨ ਦਿਵਸ ਨੂੰ ਮਨਾਉਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ ।
ਡਿਪਟੀ ਕਮਿਸ਼ਨਰ ਨੇ ਸਮੂਹ ਨੋਡਲ ਅਫਸਰਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਸਨਮਾਨਿਤ ਕੀਤਾ । ਉਹਨਾਂ ਪੋਸਟਰ ਮੇਕਿੰਗ ਅਤੇ ਸਲੋਗਨ ਲੇਖਨ ਮੁਕਾਬਲਿਆਂ ਵਿਚੋਂ ਜੇਤੂ ਹੋਏ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ । ਸਮਾਗਮ ਦੌਰਾਨ ਕਾਲਜ ਦੇ ਪ੍ਰਿੰਸੀਪਲ ਕੁਸੁਮ ਲਤਾ ਵੱਲੋਂ ਮੁੱਖ ਮਹਿਮਾਨ ਡਾ: ਪ੍ਰੀਤੀ ਯਾਦਵ, ਸਹਾਇਕ ਕਮਿਸ਼ਨਰ ਰਿਚਾ ਗੋਇਲ , ਜ਼ਿਲ੍ਹਾ ਸਵੀਪ ਨੋਡਲ ਅਫਸਰ ਸ਼ਵਿੰਦਰ ਸਿੰਘ ਰੇਖੀ ਅਤੇ ਚੋਣ ਤਹਿਸੀਲਦਾਰ ਵਿਜੇ ਚੌਧਰੀ ਦਾ ਧੰਨਵਾਦ ਕੀਤਾ ।
ਡਿਪਟੀ ਕਮਿਸ਼ਨਰ ਨੇ ਸਕੂਲ ਕਾਲਜ ਦੇ ਵਿਦਿਆਰਥੀਆਂ , ਬੀ.ਐਲ.ਓਜ਼ ਅਤੇ ਸਮੂਹ ਪ੍ਰੋਫੈਸਰ ਸਾਹਿਬਾਨਾਂ ਨੂੰ ਵੋਟਰ ਦਿਵਸ ਦੀ ਵਧਾਈ ਵੀ ਦਿੱਤੀ ।