ਰੇਹੜੀ ਵਰਕਰ ਯੂਨੀਅਨ ਟਰੈਕਟਰ ਮਾਰਚ ਵਿੱਚ ਸ਼ਾਮਲ ਕਿਸਾਨਾਂ ਨੂੰ ਫਲ੍ਹ-ਫਰੂਟ ਵੰਡਕੇ ਕਰੇਗੀ ਸਵਾਗਤ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 24 ਜਨਵਰੀ,2025 - ਸੰਯੁਕਤ ਕਿਸਾਨ ਮੋਰਚੇ ਵਲੋਂ 26 ਜਨਵਰੀ ਨੂੰ ਕੀਤੇ ਜਾ ਰਹੇ ਟਰੈਕਟਰ ਮਾਰਚ ਵਿੱਚ ਸ਼ਾਮਲ ਕਿਸਾਨਾਂ ਨੂੰ ਰੇਹੜੀ ਵਰਕਰ ਯੂਨੀਅਨ (ਇਫਟੂ) ਨਵਾਂਸ਼ਹਿਰ ਫਲ-ਫਰੂਟ ਵੰਡਕੇ ਇਸ ਮਾਰਚ ਦਾ ਸਵਾਗਤ ਕਰੇਗੀ।ਇਹ ਫੈਸਲਾ ਅੱਜ ਇੱਥੇ ਰੇਹੜੀ ਵਰਕਰ ਯੂਨੀਅਨ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫਟੂ ਪੰਜਾਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਕਿਹਾ ਕਿ ਜੇਕਰ ਖੇਤੀ ਉੱਤੇ ਕਾਰਪੋਰੇਟਰਾਂ ਦਾ ਕਬਜਾ ਹੋ ਗਿਆ ਅਤੇ ਕਿਸਾਨੀ ਹੱਥੋਂ ਖੇਤੀਬਾੜੀ ਜਾਂਦੀ ਲੱਗੀ ਤਾਂ ਖੇਤੀਬਾੜੀ ਨਾਲ ਜੁੜੇ ਆੜ੍ਹਤੀਏ ਅਤੇ ਵਪਾਰੀਆਂ ਦਾ ਕਾਰੋਬਾਰ ਵੀ ਖ਼ਤਮ ਹੋ ਜਾਵੇਗਾ।
ਕਾਰਪੋਰੇਟ ਖੇਤੀ ਉਤਪਾਦਨ ਨੂੰ ਬਹੁਤ ਹੀ ਉੱਚੀਆਂ ਕੀਮਤਾਂ ਉੱਤੇ ਵੇਚਣਗੇ।ਇਸ ਲਈ ਸੰਯੁਕਤ ਕਿਸਾਨ ਮੋਰਚੇ ਦਾ ਘੋਲ ਸਿਰਫ ਕਿਸਾਨੀ ਲਈ ਹੀ ਨਹੀਂ ਹੈ ਇਹ ਮਜਦੂਰ ਜਮਾਤ ਅਤੇ ਮੱਧਮ ਵਰਗ ਲਈ ਵੀ ਹੈ।
ਇਸ ਲਈ ਇਫਟੂ ਕਿਸਾਨੀ ਘੋਲ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ।ਰੇਹੜੀ ਵਰਕਰ ਯੂਨੀਅਨ ਦੇ ਪ੍ਰਧਾਨ ਹਰੇ ਰਾਮ, ਚੇਅਰਮੈਨ ਹਰੀ ਲਾਲ, ਖਜਾਨਚੀ ਸਰਵੇਸ਼ ਗੁਪਤਾ ,ਗੋਪਾਲ,ਰਾਜੂ ਅਤੇ ਕਿਸ਼ੋਰ ਨੇ ਕਿਹਾ ਕਿ ਕੁਝ ਲੋਕ ਵਿਰੋਧੀ ਤਾਕਤਾਂ ਵਲੋਂ ਪਰਵਾਸੀ ਮਜਦੂਰਾਂ ਅਤੇ ਪੰਜਾਬੀਆਂ ਦਰਮਿਆਨ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸਤੋਂ ਸੁਚੇਤ ਰਹਿਣ ਦੀ ਲੋੜ ਹੈ।ਨਿਊ ਆਟੋ ਵਰਕਰ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਕੁਮਾਰ ਬਛੌੜੀ ਨੇ ਕਿਹਾ ਕਿ ਰੇਹੜੀ ਵਰਕਰ ਯੂਨੀਅਨ ਦੇ ਇਸ ਨੇਕ ਕਾਰਜ ਵਿੱਚ ਉਹਨਾਂ ਦੀ ਆਟੋ ਯੂਨੀਅਨ ਵੀ ਸ਼ਾਮਲ ਹੋਵੇਗੀ।