ਹਮਾਂਯੂਪੁਰ ਦਰੱਖਤ ਕਟਾਈ ਮਾਮਲਾ....ਨਵੀਂ ਪੰਚਾਇਤ ਨੇ ਮਾਮਲੇ ਦੀ ਜਾਂਚ ਦਾ ਭਰੋਸਾ ਦਿਵਾਇਆ
- ਹੁਣ ਗੇਂਦ ਸਰਕਾਰ ਦੇ ਪਾਲੇ 'ਚ
ਮਲਕੀਤ ਸਿੰਘ
ਲਾਲੜੂ, 16 ਜਨਵਰੀ 2025: ਪਿੰਡ ਹਮਾਂਯੂਪੁਰ ਦੀ ਪੰਚਾਇਤੀ ਜ਼ਮੀਨ ਵਿੱਚੋਂ ਕੱਟੇ ਗਏ ਦਰੱਖਤਾਂ ਦੇ ਮਾਮਲੇ ਵਿਚ ਉਸ ਸਮੇਂ ਨਵਾਂ ਮੌੜ ਆ ਗਿਆ ,ਜਦੋਂ ਨਵੇਂ ਸਰਪੰਚ ਸਮੇਤ ਨਵੀਂ ਪੰਚਾਇਤ ਨੇ ਇਸ ਮਾਮਲੇ ਦੀ ਜਾਰੀ ਜਾਂਚ 'ਚ ਸਹਿਯੋਗ ਦਾ ਭਰੋਸਾ ਦਿੰਦਿਆਂ ਪ੍ਰੈੱਸ ਨੋਟ ਜਾਰੀ ਕਰ ਕੇ ਸਪੱਸ਼ਟੀਕਰਨ ਦਿੱਤਾ ਹੈ । ਇਸ ਸਬੰਧੀ ਜਾਰੀ ਪ੍ਰੈੱਸ ਨੋਟ ਵਿੱਚ ਜਿੱਥੇ ਪਿੰਡ ਦੀਆਂ ਹੋਰਨਾਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਉਪਰ ਸਰਪੰਚ ਤੇ ਪੰਚਾਇਤ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਗਿਆ ਹੈ ,ਉੱਥੇ ਹੀ ਆਪਣੇ ਉਪਰ ਲਗਾਏ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਵੀ ਦੱਸਿਆ ਗਿਆ ਹੈ । ਪਿੰਡ ਦੇ ਸਰਪੰਚ ਦਲਬੀਰ ਸਿੰਘ, ਪੰਚ ਗੁਰਜੀਤ ਕੌਰ, ਗੋਮਤੀ ਦੇਵੀ, ਜਗਦੀਪ ਸਿੰਘ, ਹਰਮਿੰਦਰ ਸਿੰਘ, ਕਰਮ ਸਿੰਘ, ਲੀਲਾ ਦੇਵੀ, ਕਾਕਾ ਸਿੰਘ ਤੇ ਬਲਬੀਰ ਕੌਰ ਦੇ ਦਸਤਖਤਾਂ ਹੇਠ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਦਰੱਖਤ ਕੱਟਣ ਦੀ ਘਟਨਾ ਨਵੀਂ ਬਣੀ ਪੰਚਾਇਤ ਦੇ ਕਾਰਜਕਾਲ ਸ਼ੁਰੂ ਹੋਣ ਤੋਂ ਪਹਿਲਾਂ ਦੀ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਇਸ ਸਬੰਧੀ ਨਾ ਤਾਂ ਬੀਡੀਪੀਓ ਡੇਰਾਬੱਸੀ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਨਾ ਹੀ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੂੰ ਪਤਾ ਹੈ ਕਿ ਦਰੱਖਤ ਕੱਟਣ ਦੀ ਘਟਨਾ ਨਵੀਂ ਪੰਚਾਇਤ ਬਣਨ ਤੋਂ ਪਹਿਲਾਂ ਦੀ ਹੈ ਅਤੇ ਨਵੀਂ ਪੰਚਾਇਤ ਦਾ ਦਰੱਖਤ ਕੱਟਣ ਦੇ ਮਾਮਲੇ ਵਿੱਚ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ ਪੰਚਾਇਤ ਸਕੱਤਰ ਨੂੰ ਨਾਲ ਲੈ ਕੇ ਮੌਕੇ ਵੀ ਦਿਖਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਕੱਟੇ ਦਰੱਖਤਾਂ ਦੀ ਗਿਣਤੀ 300 ਦੇ ਕਰੀਬ ਹੈ, ਪਰ ਅਖਬਾਰਾਂ ਵਿੱਚ ਲੱਗੀਆਂ ਖਬਰਾਂ ਵਿੱਚ ਦਰੱਖਤਾਂ ਦੀ ਗਿਣਤੀ ਸਿਰਫ 15-20 ਦੱਸੀ ਜਾ ਰਹੀ ਹੈ। ਦਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੰਚਾਇਤ ਵੱਲੋਂ ਲੰਘੀ 21 ਦਸੰਬਰ ਨੂੰ ਮਤਾ ਪਾ ਕੇ ਬੀਡੀਪੀਓ ਡੇਰਾਬੱਸੀ ਅਤੇ ਥਾਣਾ ਮੁੱਖੀ ਹੰਡੇਸਰਾ ਨੂੰ ਭੇਜਿਆ ਗਿਆ ਹੈ ਤਾਂ ਜੋ ਦਰੱਖਤ ਕੱਟਣ ਵਾਲਿਆਂ ਖਿਲਾਫ ਸਖਤ ਕਾਰਵਾਈ ਹੋ ਸਕੇ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪੰਚਾਇਤ ਵੀ ਚਾਹੁੰਦੀ ਹੈ ਕਿ ਜਿਨ੍ਹਾਂ ਵਿਅਕਤੀਆਂ ਵੱਲੋਂ ਪੰਚਾਇਤੀ ਜ਼ਮੀਨ ਵਿੱਚੋਂ ਦਰੱਖਤ ਕੱਟੇ ਗਏ ਹਨ, ਉਨ੍ਹਾਂ ਵਿਰੁੱਧ ਸਖਤ ਕਾਰਵਾਈ ਹੋਵੇ ਅਤੇ ਸਮੁੱਚੀ ਪੰਚਾਇਤ ਇਸ ਕਾਰਵਾਈ ਵਿੱਚ ਪੂਰਾ ਸਹਿਯੋਗ ਦੇਣ ਲਈ ਵੀ ਤਿਆਰ ਹੈ।
ਇਸ ਮਾਮਲੇ ਵਿਚ ਨਵੀਂ ਪੰਚਾਇਤ ਤੇ ਸਰਪੰਚ ਦੇ ਸਪੱਸ਼ਟੀਕਰਨ ਦੇਣ ਉਪਰੰਤ ਹੁਣ ਗੇਂਦ ਸਰਕਾਰ ਦੇ ਪਾਲੇ ਵਿੱਚ ਆ ਗਈ ਹੈ , ਕਿਉਂਕਿ ਨਵੀਆਂ ਚੋਣਾਂ ਤੋਂ ਕਾਫ਼ੀ ਸਮਾਂ ਪਹਿਲਾਂ ਪੰਚਾਇਤਾਂ ਭੰਗ ਹੋ ਗਈਆਂ ਸਨ ਤੇ ਪਿੰਡਾਂ ਵਿਚ ਪ੍ਰਬੰਧਕ ਲੱਗ ਗਏ ਸਨ ।