ਮਜ਼ਦੂਰ ਸਾਥੀ ਖਿਲਾਫ ਪਰਚਾ ਦਰਜ ਕਰਨ ਅਤੇ ਦਾਜ ਦੇ ਦੋਸ਼ੀ ਖਿਲਾਫ ਪਰਚਾ ਕਰਾਉਣ ਲਈ ਮਜਦੂਰਾਂ ਨੇ ਘੇਰਿਆ ਐਸਐਸਪੀ ਦਫਤਰ
ਰੋਹਿਤ ਗੁਪਤਾ
ਗੁਰਦਾਸਪੁਰ 9 ਜਨਵਰੀ 2025 - ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਦੀ ਅਗਵਾਈ ਵਿੱਚ ਤਾਰਾ ਚੰਦ ਅਤੇ ਉਸ ਦੇ ਪਰਿਵਾਰ ਖਿਲਾਫ ਦਾਜ ਦਾ ਪਰਚਾ ਦਰਜ ਕਰਵਾਉਣ ਅਤੇ ਜੋਗਿੰਦਰ ਪਾਲ ਕਰਾਲਾ ਸਮੇਤ ਹੋਰਨਾਂ ਵਿਅਕਤੀਆਂ ਖਿਲਾਫ ਹੋਏ ਝੂਠੇ ਪਰਚੇ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਐਸਐਸਪੀ ਦਫਤਰ ਗੁਰਦਾਸਪੁਰ ਅੱਗੇ ਧਰਨਾ ਲਗਾਇਆ ਗਿਆ। ਇਸ ਤੋਂ ਪਹਿਲਾਂ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਰੋਸ ਰੈਲੀ ਕਰਨ ਉਪਰੰਤ ਐਸਐਸ ਪੀ ਦਫਤਰ ਗੁਰਦਾਸਪੁਰ ਤੱਕ ਰੋਸ ਮਾਰਚ ਕੀਤਾ ਗਿਆ।
ਜਿਸ ਤੋਂ ਬਾਅਦ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ਸਬੰਧੀ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਦਾਸਪੁਰ ਪੁਲਿਸ ਪ੍ਰਸ਼ਾਸਨ ਦਾ ਰਵਈਆ ਇਸ ਮਾਮਲੇ ਵਿੱਚ ਬੇਹਦ ਪੱਖ ਪਾਤ ਵਾਲਾ ਰਿਹਾ। ਜਿਸ ਕਰਕੇ ਪੀੜਿਤ ਪਰਿਵਾਰ ਨੂੰ ਇਨਸਾਫ ਮਿਲਣ ਦੀ ਬਜਾਏ ਝੂਠੇ ਪਰਚੇ ਵਿੱਚ ਨਾਮਜਦ ਕੀਤਾ ਗਿਆ। ਪਰਚੇ ਨੂੰ ਰੱਦ ਕਰਵਾਉਣ ਅਤੇ ਤਾਰਾ ਚੰਦ ਦੇ ਖਿਲਾਫ ਦਾਜ ਦਾ ਪਰਚਾ ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ 11 ਨਵੰਬਰ ਨੂੰ ਇਸ ਤੋਂ ਪਹਿਲਾਂ ਵੀ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਵਿੱਚ ਡੀਐਸਪੀ ਸਿਟੀ ਅਤੇ ਐਸਐਚ ਓ ਸਿਟੀ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਅਤੇ ਜੋਗਿੰਦਰ ਪਾਲ ਖਿਲਾਫ ਦਰਜ ਪਰਚੇ ਨੂੰ ਰੱਦ ਕਰਨ ਦਾ ਭਰੋਸਾ ਦਵਾਇਆ ਗਿਆ ਸੀ ਪਰੰਤੂ ਦੋ ਮਹੀਨੇ ਬੀਤ ਜਾਣ ਉਪਰੰਤ ਵੀ ਪੁਲਿਸ ਦੀ ਕਾਰਵਾਈ ਇਸ ਮਾਮਲੇ ਵਿੱਚ ਢਿੱਲੀ ਰਹੀ ਜਿਸ ਦੇ ਰੋਸ ਵਜੋਂ ਅੱਜ ਐਸਐਸਪੀ ਦਫਤਰ ਗੁਰਦਾਸਪੁਰ ਮੂਹਰੇ ਧਰਨਾ ਲਗਾਇਆ ਗਿਆ। ਉਹਨਾਂ ਕਿਹਾ ਕਿ ਤਾਰਾ ਚੰਦ ਅਤੇ ਉਸਦੇ ਪਰਿਵਾਰ ਨੂੰ ਬਚਾਉਣ ਵਿੱਚ ਸਿਆਸੀ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ, ਕਾਂਗਰਸ ਅਤੇ ਆਰਐਸਐਸ ਦਾ ਮਜ਼ਦੂਰ ਵਿੰਗ ਭਾਰਤੀ ਮਜ਼ਦੂਰ ਸੰਘ ਤਾਰਾ ਚੰਦ ਅਤੇ ਉਸ ਦੇ ਪਰਿਵਾਰ ਦੀ ਪਿੱਠ ਤੇ ਖੜਾ ਹੈ ਅਤੇ ਆਪਣੇ ਸਿਆਸੀ ਅਸਰ ਰਸੂਖ ਦੀ ਵਰਤੋਂ ਕਰਕੇ ਤਾਰਾ ਚੰਦ ਅਤੇ ਉਸ ਦੇ ਪਰਿਵਾਰ ਖਿਲਾਫ ਪੁਲਿਸ ਕਾਰਵਾਈ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਰੋਸ ਪ੍ਰਦਰਸ਼ਨ ਕਰ ਰਹੇ ਧਰਨਾਕਾਰੀਆਂ ਦੀ ਉਸ ਸਮੇਂ ਅੰਸ਼ਕ ਜਿੱਤ ਹੋਈ ਜਦੋਂ ਐਸਪੀ ਹੈਡ ਕੁਆਰਟਰ ਜੁਗਰਾਜ ਸਿੰਘ ਵੱਲੋਂ ਧਰਨੇ ਵਿੱਚ ਆ ਕੇ ਜੋਗਿੰਦਰ ਪਾਲ ਘੁਰਾਲਾ ਅਤੇ ਹੋਰਨਾਂ ਵਿਅਕਤੀਆਂ ਖਿਲਾਫ ਦਰਜ ਹੋਏ ਪਰਚੇ ਦੀ ਕੈਂਸਲੇਸ਼ਨ ਰਿਪੋਰਟ ਆਗੂਆਂ ਨੂੰ ਸੌਂਪੀ ਅਤੇ ਤਾਰਾ ਚੰਦ ਤੇ ਉਸਦੇ ਪਰਿਵਾਰ ਖਿਲਾਫ ਦਾਜ ਦਾ ਪਰਚਾ ਦਰਜ ਕਰਨ ਲਈ 15 ਜਨਵਰੀ ਤੱਕ ਦਾ ਸਮਾਂ ਮੰਗਿਆ। ਐਸਪੀ ਹੈਡ ਕੁਆਰਟਰ ਵੱਲੋਂ ਧਰਨੇ ਵਿੱਚ ਆ ਕੇ ਭਰੋਸਾ ਦਵਾਇਆ ਗਿਆ ਕਿ 15 ਜਨਵਰੀ ਤੱਕ ਤਾਰਾ ਚੰਦ ਤੇ ਉਸਦੇ ਪਰਿਵਾਰ ਖਿਲਾਫ ਦਾਜ ਦਾ ਪਰਚਾ ਦਰਜ ਕੀਤਾ ਜਾਵੇਗਾ।
ਇਸ ਮੌਕੇ ਆਗੂਆਂ ਨੇ ਐਲਾਨ ਕਰਦਿਆਂ ਕਿਹਾ ਕਿ ਅਗਰ 15 ਜਨਵਰੀ ਤੱਕ ਦੋਸ਼ੀਆਂ ਉੱਪਰ ਦਾਜ ਦਾ ਪਰਚਾ ਦਰਜ ਨਹੀਂ ਹੁੰਦਾ ਤਾਂ ਉਹ 17 ਜਨਵਰੀ ਨੂੰ ਜਨਤਕ ਜਥੇਬੰਦੀਆਂ ਦੀ ਮੀਟਿੰਗ ਕਰਕੇ ਸੰਘਰਸ਼ ਦੇ ਅਗਲੇ ਰੂਪ ਦਾ ਐਲਾਨ ਕਰਨਗੇ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ, ਰਾਮ ਲਾਲ ਖੋਜੇਪੁਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ, ਰੂਪ ਲਾਲ ਮੁਸਤਫਾਬਾਦ, ਮੇਜਰ ਸਿੰਘ ਕੋਟਟੋਡਰ ਮੱਲ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਚ ਸਕੱਤਰ ਜੋਗਿੰਦਰਪਾਲ ਪਨਿਆੜ, ਦਫਤਰ ਸਕੱਤਰ ਜੋਗਿੰਦਰ ਪਾਲ ਘੁਰਾਲਾ ਸੁਰਿੰਦਰ ਪਾਲ ਰਾਮ ਨਗਰ ਜਤਿੰਦਰ ਬਿੱਟੂ ਇਸੇਪੁਰ, ਜੋਤੀ ਲਾਲ ਪਾਹੜਾ, ਸੁਨੀਲ ਕੁਮਾਰ ਬਰਿਆਰ, ਵਿਜੇ ਕੁਮਾਰ ਜਗਤਪੁਰ, ਕਮਲ ਕਿਸ਼ੋਰ ਗੁਰਦਾਸਪੁਰ ਭਾਈਆ, ਬੀਬੀ ਕਾਂਤਾ ਦੇਵੀ ਬਰਿਆਰ, ਰਜੀਵ ਤ੍ਰਿਜਾ ਨਗਰ, ਸੰਦੀਪ ਹੱਲਾ, ਰਾਜ ਕੁਮਾਰ ਰਾਜੂ ਬਰਿਆਰ, ਨਿਸ਼ਾਨ ਸਿੰਘ ਭਾਈਕਾ ਪਿੰਡ, ਵੱਸਣ ਸਿੰਘ ਬੁੱਲੇਵਾਲ, ਕੁਲਦੀਪ ਸਿੰਘ ਘੁੰਮਣ ਕਲਾਂ, ਜਮਹੂਰੀ ਅਧਿਕਾਰ ਸਭਾ ਦੇ ਡਾਕਟਰ ਜਗਜੀਵਨ ਲਾਲ, ਹਰਭਜਨ ਮਾਂਗਟ, ਇਹ ਟੱਕ ਦੇ ਆਗੂ ਸੁਭਾਸ਼ ਕੈਰੇ, ਖੇਤ ਮਜ਼ਦੂਰ ਯੂਨੀਅਨ ਦੇ ਬਲਬੀਰ ਸਿੰਘ ਮੱਲੀ, ਡੈਮੋਕਰੇਟਿਕ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਅਮਰਜੀਤ ਸ਼ਾਸਤਰੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਅਮਰ ਕ੍ਰਾਂਤੀ ਨੇ ਸੰਬੋਧਨ ਕੀਤਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਕ੍ਰਮਵਾਰ ਗੁਰਮੀਤ ਰਾਜ ਪਾਹੜਾ ਅਤੇ ਸੁਖਦੇਵ ਰਾਜ ਬਹਿਰਾਮਪੁਰ ਨੇ ਨਿਭਾਈ।