ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ.ਨਗਰ ਵੱਲੋਂ ਮਨਾਇਆ ਗਿਆ ਰਾਸ਼ਟਰੀ ਯੁਵਾ ਦਿਵਸ
ਹਰਜਿੰਦਰ ਸਿੰਘ ਭੱਟੀ
ਐੱਸ.ਏ.ਐੱਸ.ਨਗਰ, 09 ਜਨਵਰੀ, 2025: ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਅਤੇ ਸ੍ਰੀ ਅਤੁਲ ਕਸਾਨਾ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਦੀ ਯੋਗ ਅਗਵਾਈ ਅਧੀਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ.ਨਗਰ ਨਗਰ ਵੱਲੋਂ "ਰਾਸ਼ਟਰੀ ਯੁਵਾ ਦਿਵਸ" ਦੇ ਮੌਕੇ 'ਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਸ਼੍ਰੀਮਤੀ ਸੁਰਭੀ ਪਰਾਸ਼ਰ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ.ਨਗਰ ਨੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਸਵਾਮੀ ਵਿਵੇਕਾਨੰਦ ਦਾ ਜਨਮ ਦਿਨ ਹੋਣ ਕਰਕੇ ਹਰ ਸਾਲ 12 ਜਨਵਰੀ ਨੂੰ ਰਾਸ਼ਟਰੀ ਯੁਵਾ ਦਿਵਸ ਮਨਾਇਆ ਜਾਂਦਾ ਹੈ। 1984 ਵਿੱਚ ਭਾਰਤ ਸਰਕਾਰ ਨੇ ਇਸ ਦਿਨ ਨੂੰ ਰਾਸ਼ਟਰੀ ਯੁਵਾ ਦਿਵਸ ਵਜੋਂ ਘੋਸ਼ਿਤ ਕੀਤਾ ਸੀ। ਸਵਾਮੀ ਜੀ ਦਾ ਫਲਸਫਾ ਅਤੇ ਉਹ ਆਦਰਸ਼, ਜਿਨ੍ਹਾਂ ਲਈ ਉਹ ਕੰਮ ਕਰਦੇ ਸਨ, ਭਾਰਤੀ ਨੌਜਵਾਨਾਂ ਲਈ ਪ੍ਰੇਰਨਾ ਦਾ ਇੱਕ ਵੱਡਾ ਸਰੋਤ ਹੋ ਸਕਦੇ ਹਨ। ਉਨ੍ਹਾਂ ਨੂੰ ਪੱਛਮ ਨੂੰ ਵੇਦਾਂਤ ਅਤੇ ਯੋਗ ਦੇ ਭਾਰਤੀ ਦਰਸ਼ਨਾਂ ਨਾਲ ਜਾਣੂ ਕਰਵਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਅੰਧਵਿਸ਼ਵਾਸਾਂ ਦੇ ਵਿਰੁੱਧ ਵੀ ਕੰਮ ਕੀਤਾ ਅਤੇ ਸਮਾਜ ਵਿੱਚ ਔਰਤਾਂ ਦੀ ਸਥਿਤੀ ਨੂੰ ਉੱਚਾ ਚੁੱਕਣ ਦੀ ਵਕਾਲਤ ਕੀਤੀ।
ਸ੍ਰੀ ਕ੍ਰਿਸ਼ਨ ਕੁਮਾਰ ਸਿੰਗਲਾ, ਵਧੀਕ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ.ਨਗਰ ਨੇ ਵਿਦਿਆਰਥੀਆਂ ਨੂੰ ਕਾਨੂੰਨੀ ਸੇਵਾਵਾਂ ਅਥਾਰਟੀਜ਼ ਐਕਟ, 1987 ਦੇ ਉਪਬੰਧਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀ ਜਾਂ ਕਬੀਲੇ ਦੇ ਮੈਂਬਰ, ਔਰਤਾਂ, ਬੱਚੇ, ਮਾਨਸਿਕ ਤੌਰ 'ਤੇ ਬਿਮਾਰ/ਅਪੰਗ, ਬੇਰੁਜ਼ਗਾਰ, ਉਦਯੋਗਿਕ ਕਾਮੇ, ਹਿਰਾਸਤ ਵਿੱਚ ਵਿਅਕਤੀ, ਜੇਲ੍ਹਾਂ ਵਿੱਚ ਬੰਦ ਕੈਦੀ ਅਤੇ ਉਹ ਸਾਰੇ ਵਿਅਕਤੀ ਜਿਨ੍ਹਾਂ ਦੀ ਸਾਲਾਨਾ ਆਮਦਨ 3.00 ਲੱਖ ਰੁਪਏ ਤੋਂ ਘੱਟ ਹੈ, ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਦੇ ਹੱਕਦਾਰ ਹਨ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਕਿ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਵਲੋਂ ਜਾਰੀ ਸ਼ਡਿਊਲ ਅਨੁਸਾਰ ਸਾਲ 2025 ਦੀ ਪਹਿਲੀ ਰਾਸ਼ਟਰੀ ਲੋਕ ਅਦਾਲਤ 08.03.2024 ਨੂੰ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ ਕ੍ਰਿਮੀਨਲ ਕੰਪਾਊਂਡੇਬਲ ਕੇਸ, ਐਨ.ਆਈ.ਐਕਟ ਦੀ ਧਾਰਾ 138 ਅਧੀਨ ਕੇਸ, ਬੈਂਕ ਰਿਕਵਰੀ ਕੇਸ, ਮੋਟਰ ਐਕਸੀਡੈਂਟ ਕਲੇਮ ਕੇਸ, ਵਿਆਹ ਸੰਬੰਧੀ ਝਗੜੇ, ਮਜ਼ਦੂਰ ਵਿਵਾਦ, ਜ਼ਮੀਨ ਗ੍ਰਹਿਣ ਮਾਮਲੇ, ਬਿਜਲੀ ਅਤੇ ਪਾਣੀ ਦੇ ਬਿੱਲ (ਨਾਨ-ਕੰਪਾਊਂਡੇਬਲ ਚੋਰੀ ਦੇ ਕੇਸਾਂ ਨੂੰ ਛੱਡ ਕੇ), ਤਨਖ਼ਾਹ ਅਤੇ ਭੱਤੇ ਅਤੇ ਰਿਟਾਇਰਲ ਲਾਭਾਂ ਨਾਲ ਸਬੰਧਤ ਸੇਵਾ ਦੇ ਮਾਮਲੇ, ਮਾਲ ਵਿਭਾਗ ਨਾਲ ਸਬੰਧਤ ਕੇਸ ਅਤੇ ਹੋਰ ਸਿਵਲ ਕੇਸ (ਕਿਰਾਏ, ਈਜ਼ਮੈਂਟਰੀ ਰਾਈਟਸ, ਇਨਜਕਸ਼ਨ ਸੂਟ) ਆਦਿ ਨੂੰ ਧਿਰਾਂ ਵਿਚਕਾਰ ਨਿਪਟਾਉਣ ਲਈ ਵਿਚਾਰਿਆ ਜਾਵੇਗਾ।
ਮਨਜਿੰਦਰ ਸਿੰਘ, ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ.ਨਗਰ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਨਸ਼ਾ ਪੀੜਤ ਵਿਅਕਤੀਆਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਵੀ ਉਨ੍ਹਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਕਿ ਕਾਨੂੰਨੀ ਸੇਵਾਵਾਂ ਅਥਾਰਟੀਜ਼ ਨਸ਼ਾਖੋਰੀ ਦੇ ਪੀੜਤਾਂ ਨੂੰ ਮੁੜ ਵਸੇਬਾ ਕੇਂਦਰ ਵਿੱਚ ਲੈ ਕੇ ਜਾਣ ਲਈ ਵਚਨਬੱਧ ਹਨ ਤਾਂ ਜੋ ਉਨ੍ਹਾਂ ਨੂੰ ਇਸ ਖਤਰੇ ਤੋਂ ਛੁਟਕਾਰਾ ਦਿਵਾਉਣ ਅਤੇ ਜ਼ਿੰਮੇਵਾਰ ਨਾਗਰਿਕ ਵਜੋਂ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਵਿੱਚ ਮਦਦ ਕੀਤੀ ਜਾ ਸਕੇ।