ਹੌਸਲੇ ਤੇ ਹਿੰਮਤ ਦੀ ਮਿਸਾਲ : ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼
ਉਜਾਗਰ ਸਿੰਘ
ਸੁਨੀਤਾ ਵਿਲੀਅਮਜ਼ ਅਤੇ ਬੈਰੀ ਬੁੱਚ ਵਿਲਮੋਰ 9 ਮਹੀਨੇ 14 ਦਿਨ ਅਰਥਾਤ 287 ਦਿਨ ਪੁਲਾੜ ਵਿਚ ਬਿਤਾਉਣ ਤੋਂ ਬਾਅਦ ਬੁੱਧਵਾਰ ਨੂੰ ਧਰਤੀ ‘ਤੇ ਆ ਗਏ ਹਨ। ਉਨ੍ਹਾਂ ਦਾ ਡਰੈਗਨ ਪੁਲਾੜ ਯਾਨ ਭਾਰਤੀ ਸਮੇਂ ਅਨੁਸਾਰ 19 ਮਾਰਚ ਨੂੰ ਸਵੇਰੇ 3.27 ਵਜੇ ਪਾਣੀ ਵਿੱਚ ਫਲੋਰੀਡਾ ਦੇ ਸਮੁੰਦਰੀ ਤੱਟ ‘ਤੇ ਡੇਲਾਹਾਸੇ ਜਲ ਖੇਤਰ ਵਿੱਚ ਉਤਾਰਿਆ ਗਿਆ। ਉਹ ਮੰਗਲਵਾਰ 18 ਮਾਰਚ ਨੂੰ 08.35 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਰਵਾਨਾ ਹੋਏ ਸਨ। ਜਦੋਂ ਪੁਲਾੜ ਯਾਨ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਇਆ ਤਾਂ ਇਸਦਾ ਤਾਪਮਾਨ 1650 ਡਿਗਰੀ ਸੈਲਸੀਅਸ ਤੋਂ ਵੱਧ ਗਿਆ ਸੀ ਪ੍ਰੰਤੂ ਕੈਪਸੂਲ ਦੇ ਪੁਲਾੜ ਨਾਲੋਂ ਵੱਖ ਹੋਣ ਸਮੇਂ ਡਰੈਗਨ ਦੀ ਪਲਾਜ਼ਮਾ ਸ਼ੀਲਡ ਦਾ ਤਾਪਮਾਨ ਵੱਧਕੇ 1927 ਸੈਲਸੀਅਸ ਤੱਕ ਪਹੁੰਚ ਗਿਆ ਸੀ, ਜਿਸ ਕਰਕੇ 7 ਮਿੰਟ ਕੈਪਸੂਲ ਨਾਲੋਂ ਸੰਪਰਕ ਟੁੱਟਿਆ ਰਿਹਾ ਸੀ। ਤੁਰੰਤ ਗੋਤਾਖੋਰਾਂ ਨੇ ਕੈਪਸੂਲ ਨੂੰ ਰਿਕਵਰੀ ਸ਼ਿਪ ਤੇ ਚੜ੍ਹਾ ਲਿਆ। ਇੱਕ ਘੰਟੇ ਬਾਅਦ ਪੁਲਾੜ ਯਾਤਰੀਆਂ ਨੂੰ ਬਾਹਰ ਨਿਕਾਲਿਆ ਗਿਆ ਤੇ ਸਟਰੇਚਰ ਤੇ ਪਾ ਕੇ ਲਿਜਾਇਆ ਗਿਆ। ਵਾਪਸ ਆਉਣ ਲਈ ਉਨ੍ਹਾਂ ਨੂੰ 17 ਘੰਟੇ ਸਮਾਂ ਲੱਗਿਆ। ਸੁਨੀਤਾ ਵਿਲੀਅਮਜ਼ ਅਤੇ ਬੈਰੀ ਬੁੱਚ ਵਿਲਮੋਰ ਨੂੰ ਵਾਪਸ ਲਿਆਉਣ ਲਈ ਕਰੂ-9 ਵਿੱਚ ਅਮਰੀਕਾ ਦੇ ਨਿੱਗ ਹੇਗ ਅਤੇ ਰੂਸ ਦੇ ਐਲਗਜ਼ੈਂਡਰ ਗੋਰਬੁਨੋਟ ਗਏ ਸਨ। ਪੁਲਾੜ 27359 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਆਇਆ ਹੈ ਤੇ ਉਸਨੇ 12 ਕਰੋੜ 10 ਲੱਖ ਮੀਲ ਦਾ ਸਫ਼ਰ ਤਹਿ ਕੀਤਾ ਹੈ। ਉਨ੍ਹਾਂ ਦੇ ਸਫਲਤਾ ਪੂਰਬਕ ਜ਼ਮੀਨੀ ਸਤਹ ‘ਤੇ ਆਉਣ ਨਾਲ ਸਮੁਚੇ ਸੰਸਾਰ ਅਤੇ ਨਾਸਾ ਦੇ ਵਿਗਿਆਨੀਆਂ ਨੇ ਸੁੱਖ ਦਾ ਸਾਹ ਲਿਆ, ਕਿਉਂਕਿ ਇੱਕ ਵਾਰ ਪਹਿਲਾਂ ਵੀ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਯੋਜਨਾ ਨੁਕਸ ਪੈ ਜਾਣ ਕਰਕੇ ਅੱਗੇ ਪਾਉਣੀ ਪਈ ਸੀ। ਲੋਕਾਂ ਵਿੱਚ ਉਨ੍ਹਾਂ ਦੀ ਵਾਪਸੀ ਲਈ ਬਹੁਤ ਉਤਸ਼ਾਹ ਅਤੇ ਅਸਥਿਰਤਾ ਬਣੀ ਹੋਈ ਸੀ।
ਬੈਰੀ ਬੁੱਚ ਵਿਲਮੋਰ ਅਤੇ ਸੁਨੀਤਾ ਲੀਨਾ ਪਾਂਡਿਆ ਵਿਲੀਅਮਜ਼ 6 ਜੂਨ 2024 ਨੂੰ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਲਈ ਸਿਰਫ 8 ਦਿਨ ਠਹਿਰਨ ਵਾਸਤੇ ਗਏ ਸਨ ਅਤੇ ਉਸੇ ਪੁਲਾੜ ਵਿੱਚ ਵਾਪਸ ਆਉਣਾ ਸੀ ਪ੍ਰੰਤੂ ਪੁਲਾੜ ਜ਼ਹਾਜ ਵਿੱਚ ਨੁਕਸ ਪੈਣ ਕਰਕੇ ਉਨ੍ਹਾਂ ਨੂੰ ਉਥੇ ਲੰਬਾ ਸਮਾਂ ਰਹਿਣਾ ਪਿਆ। ਇਕ ਬੋਰਡ ਸਪੇਸ ਕਰਾਫਟ ਐਲਨ ਮਸਕ ਦੇ ਸਪੇਸ ਐਕਸ ਦਾ ਸੀ। ਰਾਸ਼ਟਰਪਤੀ ਟਰੰਪ ਦੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਟਰੰਪ ਅਤੇ ਐਲਨ ਮਸਕ ਨੇ ਐਲਾਨ ਕੀਤਾ ਸੀ ਕਿ ਦੋਹਾਂ ਪੁਲਾੜ ਯਾਤਰੀਆਂ ਨੂੰ ਜਲਦੀ ਵਾਪਸ ਲਿਆਂਦਾ ਜਾਵੇਗਾ। ਸਪੇਸ ਐਕਸ ਅਤੇ ਨਾਸਾ ਵਧਾਈ ਦੇ ਪਾਤਰ ਹਨ। ਉਨ੍ਹਾਂ ਨੂੰ ਟੈਕਸਾਸ ਰਾਜ ਦੇ ਹੂਸਟਨ ਵਿੱਚ ਸਥਿਤ ਨਾਸਾ ਦੇ ਜੌਹਨਸਨ ਸਪੇਸ ਸੈਂਟਰ ਵਿੱਚ ਲਿਜਾਇਆ ਗਿਆ ਹੈ। ਇਥੇ ਉਨ੍ਹਾਂ ਦੇ ਵਾਈਟਲ ਅੰਗਾਂ ਦਾ ਮੁਆਇਨਾ ਕੀਤਾ ਜਾਵੇਗਾ। ਉਨ੍ਹਾਂ ਨੂੰ 45 ਦਿਨ ਲਈ ਹਸਪਤਾਲ ਵਿੱਚ ਡਾਕਟਰਾਂ ਦੀ ਵੇਖ-ਰੇਖ ਵਿੱਚ ਰੱਖਿਆ ਜਾਵੇਗਾ ਕਿਉਂਕਿ ਲੰਬਾ ਸਮਾਂ ਪੁਲਾੜ ਵਿੱਚ ਰਹਿਣ ਕਰਕੇ ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਆ ਗਈ ਹੋਵੇਗੀ। ਪੂਰੇ ਤੰਦਰੁਸਤ ਹੋਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਓਵਲ ਹਾਊਸ ਵਿੱਚ ਮਿਲਣ ਜਾਣਗੇ। ਚਾਰ ਵਾਰ ਸਫ਼ਲਤਾ ਪੂਰਬਕ ਪੁਲਾੜ ਦੀ ਯਾਤਰਾ ਕਰਨ ਵਾਲੀ ਭਾਰਤੀ ਮੂਲ ਦੀ ਅਮਰੀਕੀ ਸੁਨੀਤਾ ਵਿਲੀਅਮਜ਼ ਸੰਸਾਰ ਦੀ ਪਹਿਲੀ ਇਸਤਰ ਸਭ ਤੋਂ ਲੰਬਾ ਸਮਾਂ ਪੁਲਾੜ ਵਿੱਚ ਸਮਾਂ ਬਿਤਾਉਣ ਵਾਲਾ ਵਿਅਕਤੀ ਬਣ ਗਈ ਹੈ। ਸੁਨੀਤਾ ਵਿਲੀਅਮਜ਼ ਨੇ ਚਾਰ ਵਾਰੀ ਪੁਲਾੜ ਦੀ ਯਾਤਰਾ ਸਮੇਂ ਕੁਲ 606 ਦਿਨ ਦਾ ਸਮਾਂ ਬਿਤਾਇਆ ਹੈ। ਇਸਦੇ ਨਾਲ ਹੀ ਉਹ ਭਾਰਤੀ ਮੂਲ ਦੀ ਦੂਜੀ ਪੁਲਾੜ ਯਾਤਰੀ ਹੈ। ਇਹ ਯਾਤਰਾਵਾਂ ਉਸਨੇ 31 ਜਨਵਰੀ, 4 ਫਰਵਰੀ, 9 ਫਰਵਰੀ 2007 ਅਤੇ 18 ਮਾਰਚ 2025 ਵਿੱਚ ਕੀਤੀਆਂ ਹਨ। ਇਸ ਤੋਂ ਪਹਿਲਾਂ ਭਾਰਤੀ ਮੂਲ ਦੀ ਕਲਪਨਾ ਚਾਵਲਾ ਪੁਲਾੜ ਵਿੱਚ ਗਈ ਸੀ, ਜਿਸਦੀ ਵਾਪਸੀ ਸਮੇਂ ਪੁਲਾੜ ਜਹਾਜ ਵਿੱਚ ਤਕਨੀਕੀ ਖ਼ਰਾਬੀ ਕਰਕੇ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਕਲਪਨਾ ਚਾਵਲਾ ਭਾਰਤ ਦੇ ਹਰਿਆਣਾ ਅਤੇ ਸੁਨੀਤਾ ਵਿਲੀਅਮਜ਼ ਪੱਛਵੀਂ ਗੁਜਰਾਤ ਸੂਬੇ ਨਾਲ ਸੰਬੰਧ ਰੱਖਦੀ ਹੈ। ਨਾਸਾ ਦੀ ਜਾਣਕਾਰੀ ਅਨੁਸਾਰ ਇਸਦੇ ਨਾਲ ਹੀ ਸੁਨੀਤਾ ਵਿਲੀਅਮਜ਼ ਪੁਲਾੜ ਵਿੱਚ ਸਭ ਤੋਂ ਵੱਧ ਸਮਾਂ ਬਿਤਾਉਣ ਵਾਲੇ ਪੁਲਾੜ ਯਾਤਰੀਆਂ ਵਿੱਚ ਦੂਜੇ ਸਥਾਨ ‘ਤੇ ਪਹੁੰਚ ਗਈ ਹੈ। ਇਸ ਮਿਸ਼ਨ ਵਿੱਚ ਸੁਨੀਤਾ ਵਿਲੀਅਮਜ਼ ਨੇ ਪੁਲਾੜ ਵਿੱਚ ਲਗਾਤਾਰ 286 ਦਿਨ ਬਿਤਾ ਕੇ ਇਤਿਹਾਸ ਸਿਰਜ ਦਿੱਤਾ ਹੈ। ਪੁਲਾੜ ਵਿੱਚ ਰਹਿੰਦਿਆਂ ਉਸਨੇ 4576 ਵਾਰ ਧਰਤੀ ਦੀ ਪਰਕਰਮਾ ਕੀਤੀ। ਸੁਨੀਤਾ ਵਿਲੀਅਮਜ਼ ਨੂੰ ਭਾਰਤ ਸਰਕਾਰ ਨੇ ਪੁਲਾੜ ਦੇ ਖੇਤਰ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ 2007 ਵਿੱਚ ਪਦਮ ਭੂਸ਼ਣ ਦਾ ਖ਼ਿਤਾਬ ਦੇ ਕੇ ਸਨਮਾਨਤ ਕੀਤਾ ਸੀ। ਉਹ 2007 ਅਤੇ 2013 ਵਿੱਚ ਭਾਰਤ ਆਈ ਸੀ। ਉਸ ਸਮੇਂ ਉਸਨੇ ਆਪਣੇ ਪਿੰਡ ਝੂਲਾਸਨ ਦੇ ਡੋਲਾ ਮਾਤਾ ਮੰਦਰ ਵਿੱਚ ਪੂਜਾ ਕੀਤੀ ਸੀ। ਜਦੋਂ 2024 ਵਿੱਚ ਪੁਲਾੜ ਯਾਤਰਾ ‘ਤੇ ਗਈ ਸੀ, ਉਦੋਂ ਦੀ ਹੀ ਇਸ ਮੰਦਰ ਵਿੱਚ ਅਖੰਡ ਜਯੋਤੀ ਲਗਾਤਾਰ ਜਲ ਰਹੀ ਹੈ। ਪਿੰਡ ਦੀਆਂ ਇਸਤਰੀਆਂ ਉਸਦੇ ਸੁਰੱਖਿਅਤ ਆਉਣ ਦੀਆਂ ਪ੍ਰਾਰਥਨਾਵਾਂ ਕਰਦੀਆਂ ਸਨ। ਸੁਨੀਤਾ ਦੇ ਵਾਪਸ ਸੁਰੱਖਿਅਤ ਆਉਣ ‘ਤੇ ਪਿੰਡ ਵਿੱਚ ਖ਼ੁਸ਼ੀਆਂ ਮਨਾਈਆਂ ਗਈਆਂ, ਪਟਾਕ ਚਲਾਏ ਤੇ ਮਠਿਆਈਆਂ ਵੰਡੀਆਂ ਗਈਆਂ।
ਮਹਿਜ 22 ਸਾਲ ਦੀ ਉਮਰ ਵਿੱਚ 1987 ਵਿੱਚ ਸੁਨੀਤਾ ਵਿਲੀਅਮਜ਼ ਨੇ ਨੇਵਲ ਅਕਾਡਮੀ ਤੋਂ ਸਰੀਰਕ ਵਿਗਿਆਨ ਵਿੱਚ ਬੈਚੂਲਰ ਆਫ਼ ਸਾਇੰਸ ਦੀ ਡਿਗਰੀ ਪ੍ਰਾਪਤ ਕਰਕੇ ਸਟੇਟ ਨੇਵੀ ਵਿੱਚ ਭਰਤੀ ਹੋ ਗਈ ਸੀ। ਉੋਸਨੂੰ ਨਵਲ ਕੋਸਟਲ ਸਿਸਟਮ ਕਮਾਂਡ ਵਿੱਚ ਛੇ ਮਹੀਨੇ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਬੇਸਿਕ ਡਾਈਵਿੰਗ ਅਧਿਕਾਰੀ ਨਿਯੁਕਤ ਕਰ ਦਿੱਤਾ ਸੀ। ਉਸ ਤੋਂ ਬਾਅਦ 1989 ਵਿੱਚ ਸੁਨੀਤਾ ਵਿਲੀਅਮਜ਼ ਨੂੰ ਏਵੀਏਟਰ ਨਾਮਜ਼ਦ ਕਰ ਦਿੱਤਾ ਸੀ। ਉਸਨੇ ਹੈਲੀਕਾਪਟਰ ਲੜਾਈ ਸਪੋਰਟ ਸਕੁਐਡਰਨ-3 (ਐਚ.ਸੀ-3) ਵਿੱਚ ਸ਼ੁਰੂਆਤੀ ਐਚ-46 ਸਾਗਰ ਨਾਈਟ ਦੀ ਸਿਖਲਾਈ ਵੀ ਪ੍ਰਾਪਤ ਕੀਤੀ। ਫਿਰ ਉਸਨੂੰ ਹੈਲੀਕਾਪਟਰ ਲੜਾਈ ਸਪੋਰਟਸ ਵਿੱਚ ਨਿਯੁਕਤ ਕੀਤਾ ਗਿਆ। ਉਸਤੋਂ ਬਾਅਦ ਸੁਨੀਤਾ ਵਿਲੀਅਮਜ਼ ਦੀ ਨਾਰਫੋਕ, ਵਰਜੀਨੀਆ ਵਿੱਚ ਸਕੁਐਡਰਨ 8 (ਐਚ.ਸੀ-8) ਜਿਸ ਨਾਲ ਉਸਨੇ ਮੈਡੀਟੇਰੀਅਨ, ਲਾਲ ਸਾਗਰ ਅਤੇ ਫਾਰਸ ਦੀ ਖਾੜੀ ਅਪ੍ਰੇਸ਼ਨ ਪ੍ਰੋਵਾਈਡ ਕੰਫਰਟ ਲਈ ਵਿਦੇਸ਼ ਤਾਇਨਾਤੀ ਸਮੇਂ ਕੰਮ ਕੀਤਾ। ਸਤੰਬਰ 1992 ਵਿੱਚ ਉਹ ਯੂ.ਐਸ.ਐਸ.ਸਿਲਵਾਨੀਆਂ ਵਿੱਚ ਤੂਫ਼ਾਨ ਐਂਡਿਰ ਰੀਲੀਫ਼ ਤਹਿਤ ਕਾਰਜ਼ਾਂ ਲਈ ਸਿਖਲਾਈ ਵਾਸਤੇ ਫਲੋਰੀਡਾ ਭੇਜੀ ਗਈ, ਜੋ ਐਚ.46 ਦੀ ਟੁਕੜੀ ਦੀ ਅਧਿਕਾਰੀ ਸੀ। 1993 ਵਿੱਚ ਸੰਯੁਕਤ ਰਾਜ ਦੇ ਨੇਵਲ ਟੈਸਟ ਪਾਇਲਟ ਸਕੂਲ ਵਿੱਚ ਸਿਖਲਾਈ ਲਈ ਅਤੇ ਦਸੰਬਰ ਗ੍ਰੈਜੂਏਸ਼ਨ ਕੀਤੀ। ਉਸਨੂੰ ਰੋਟਰੀ ਵਿੰਗ ਏਅਰ ਕਰਾਫਟ ਟੈਸਟ ਡਾਇਰੈਕਟੋਰੇ ਐਚ.46 ਪ੍ਰੋਜੈਕਟ ਅਧਿਕਾਰੀ ਅਤੇ ਟੀ.2 ਵਿੱਚ ਵੀ 22 ਚੇਜ਼ ਪਾਇਲਟ ਵੱਜੋਂ ਨਿਯੁਕਤ ਕੀਤਾ। ਉਸਤੋਂ ਬਾਅਦ ਸਕੁਐਡਰਨ ਸੇਫਟੀ ਅਫ਼ਸਰ ਨਿਯੁਕਤ ਕਰ ਦਿੱਤਾ। 1995 ਵਿੱਚ ਫਲੋਰੀਡਾ ਇਨਸਟੀਚਿਊਟ ਆਫ਼ ਟੈਕਨਾਲੋਜੀ ਤੋਂ ਇਜਿੰਨੀਅਰਿੰਗ ਮੈਨੇਜਮੈਂਟ ਵਿੱਚ ਮਾਸਟਰ ਆਫ਼ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ। 1998 ਵਿੱਚ ਉਹ ਨਾਸਾ ਵਿੱਚ ਭਰਤੀ ਹੋ ਗਈ ਸੀ। ਸੁਨੀਤਾ ਲਿਵਅਮਜ਼ 17 ਸਤੰਬਰ 2012 ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਕਮਾਂਡਰ ਬਣੀ ਸੀ। ਸੰਸਾਰ ਦੇ ਤਜ਼ਰਬੇਕਾਰ ਪੁਲਾੜ ਯਾਤਰੀਆਂ ਵਿੱਚ ਨੌਵੇਂ ਸਥਾਨ ‘ਤੇ ਆਉਂਦੀ ਹੈ। 16 ਅਪ੍ਰੈਲ 2007 ਨੂੰ ਪੁਲਾੜ ਸਟੇਸ਼ਨ ਤੋਂ ਮੈਰਾਥਨ ਦੌੜਨ ਵਾਲਾ ਪਹਿਲਾ ਵਿਅਕਤੀ ਹੈ। ਸ਼ਟਲ ਡਿਸਕਵਰੀ ‘ਤੇ ਸਵਾਰ ਹੋਣ ਤੋਂ ਬਾਅਦ ਸੁਨੀਤਾ ਵਿਲੀਅਮਜ਼ ਨੇ ਆਪਣੇ ਟੱਟੂ ਦੀ ਪੂਛ ਨੂੰ ਲੋਕਮ ਆਫ਼ ਲਵ ਨੂੰ ਦਾਨ ਕਰਨ ਦਾ ਪ੍ਰਬੰਧ ਵੀ ਕੀਤਾ। ਉਸਨੇ ਚਾਰ ਸਪੇਸਵਾਕਾਂ ਵਿੱਚ 9 ਵਾਰ 62 ਘੰਟੇ ਸੈਰ ਕੀਤੀ। ਉਹ ਜੌਹਨ ਹਿਗਿਨ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਮੰਜ਼ਲ ਪ੍ਰਯੋਗਸ਼ਾਲਾ ਵਿੱਚ ਕਨੇਡਾਰਮ 2 ਦੇ ਨਿਯੰਤਰਣ ਦਾ ਕੰਮ ਕਰਦੇ ਰਹੇ ਹਨ। ਉਸਨੇ ਅਲੱਗ ਅਲੱਗ ਪੁਲਾੜ ਯੰਤਰਾਂ ਵਿੱਚ ਲਗਪਗ 3000 ਉਡਾਣਾ ਭਰੀਆਂ। ਸੁਨੀਤਾ ਵਿਲੀਅਮਜ਼ ਨੂੰ ਬਹੁਤ ਸਾਰੇ ਮਾਨ ਸਨਮਾਨ ਮਿਲੇ ਹਨ, ਜਿਨ੍ਹਾਂ ਵਿੱਚ ਨੇਵ ਕਮਾਂਡੇਸ਼ਨ ਮੈਡਲ, ਨੇਵੀ ਐਂਡ ਮੈਰੀਨ ਸ਼ਾਰਪ ਅਚੀਵਮੈਂਟ ਮੈਡਲ ਅਤੇ ਹਿਊਮੈਨੇਟੇਰੀ ਸਰਵਿਸ ਮੈਡਲ ਸ਼ਾਮਲ ਹਨ। ਉਹ ਸੋਸਾਇਟੀ ਆਫ਼ ਐਕਸਪੈਰੀਮੈਂਟਲ, ਟੈਸਟ ਪਾਇਲਟਸ ਇਜਿੰਨੀਅਰਿੰਗ ਅਤੇ ਅਮਰੀਕੀ ਹੈਲੀਕਾਪਟਰ ਐਸੋਸੀਏਸ਼ਨ ਨਾਲ ਜੁੜੀ ਹੋਈ ਹੈ। ਉਹ ਅਮਲੀ ਤੌਰ ‘ਤੇ ਕੰਮ ਕਰਨ ਵਿੱਚ ਯਕੀਨ ਰੱਖਦੀ ਹੈ। ਸੁਨੀਤਾ ਵਿਲੀਅਮਜ਼ ਟਿਕ ਕੇ ਵਿਹਲੀ ਨਹੀਂ ਬੈਠ ਸਕਦੀ, ਉਹ ਲਗਾਤਾਰ ਕੁਝ ਨਾ ਕੁਝ ਕਰਨ ਵਿੱਚ ਰੁੱਝੀ ਰਹਿੰਦੀ ਹੈ। ਇਸ ਸਮੇਂ ਉਸਦਾ ਪਰਿਵਾਰ ਜੋ ਮੈਸੇਚਿਊਸੇਟਸ ਵਿੱਚ ਰਹਿੰਦਾ ਹੈ। ਸੁਨੀਤਾ ਵਿਲੀਅਮਜ਼ ਦੇ ਸੁਰੱਖਿਅਤ ਵਾਪਸ ਆਉਣ ‘ਤੇ ਪਿੰਡ ਵਿੱਚ ਉਸਦੇ ਪਰਿਵਾਰ ਦੇ ਨਜ਼ਦੀਕੀਆਂ ਨੇ ਖ਼ੁਸ਼ੀਆਂ ਮਨਾਈਆਂ ਹਨ ਅਤੇ ਉਥੇ ਵਿਆਹ ਵਰਗਾ ਮਾਹੌਲ ਹੈ।
ਸੁਨੀਤਾ ਲਿਨ ਪਾਂਡਿਆ ਦਾ ਜਨਮ 19 ਸਤੰਬਰ 1965 ਨੂੰ ਓਹਾਈਓ ਰਾਜ ਦੇ ਯੂਕਲਿਡ ਨਗਰ (ਕਲੀਵਲੈਂਡ) ਵਿੱਚ ਪਿਤਾ ਦੀਪਕ ਪਾਂਡਿਆ ਅਤੇ ਮਾਤਾ ਉਰਸੁਲਾਈਨ ਬੋਨੀ (ਜ਼ਾਲੋਕਰ) ਪਾਂਡਿਆ ਦੀ ਕੁਖੋਂ ਹੋਇਆ। ਉਨ੍ਹਾਂ ਦੇ ਪਿਤਾ ਡਾ. ਦੀਪਕ ਪਾਂਡਿਆ ਨਿਊਰੋਆਟੋਮਿਸਟ ਸਨ। ਦੀਪਕ ਪਾਂਡਿਆ ਦੀ 2020 ਵਿੱਚ ਮੌਤ ਹੋ ਗਈ ਸੀ। ਸੁਨੀਤਾ ਦੀ ਮਾਤਾ ਸੋਲਵਾਨੀਆਂ ਤੋਂ ਹਨ। ਸੁਨੀਤਾ ਆਪਣੇ ਭਰਾ ਜੈ ਥਾਮਸ ਪਾਂਡਿਆ ਅਤੇ ਭੈਣ ਦੀਨਾ ਅਨਾਦਜ਼ ਤੋਂ ਛੋਟੀ ਹੈ। ਸੁਨੀਤਾ ਦੇ ਪਿਤਾ ਡਾਕਟਰੀ ਦੀ ਪੜ੍ਹਾਈ ਕਰਨ ਲਈ 1958 ਵਿੱਚ ਅਮਰੀਕਾ ਗਏ ਸਨ। ਸੁਨੀਤਾ ਵਿਲੀਅਮਜ਼ ਦੇ ਚਾਚੇ ਤਾਇਆਂ ਦਾ ਵੱਡਾ ਪਰਿਵਾਰ ਹੈ। ਝੂਲਾਸਨ ਪਿੰਡ ਵਿੱਚ ਸੁਨੀਤਾ ਵਿਲੀਅਮ ਦੀ ਦਾਦੀ ਰਾਮ ਬਹਿਨ ਨਰਮਦਾ ਸ਼ੰਕਰ ਪਾਂਡਿਆ ਦੀ ਯਾਦ ਵਿੱਚ ਲਾਇਬਰੇਰੀ ਸਥਾਪਤ ਕੀਤੀ ਹੋਈ ਹੈ। ਉਨ੍ਹਾਂ ਦਾ ਪਿੰਡ ਗੁਜਰਾਤ ਸੂਬੇ ਦੇ ਮਹਿਸਾਨਾ ਜ਼ਿਲ੍ਹੇ ਵਿੱਚ ਝੂਲਾਸਨ ਹੈ, ਜੋ ਗਾਂਧੀਨਗਰ ਤੋਂ 40 ਕਿਲੋਮੀਟਰ ਹੈ। ਸੁਨੀਤਾ ਨੇ 1983 ਵਿੱਚ ਨੀਡਹੋਮ ਮੈਸੇਚਿਊਸੇਟਸ ਦੇ ਸਕੂਲ ਵਿੱਚੋਂ ਗ੍ਰੈਜੂਏਸ਼ਨ ਕੀਤੀ ਸੀ। ਸੁਨੀਤਾ ਲੀਨਾ ਪਾਂਡਿਆ ਦਾ ਵਿਆਹ ਆਪਣੇ ਕਲਾਸ ਫੈਲੋ ਮਾਈਕਲ.ਜੇ.ਵਿਲੀਅਮਜ਼ ਨਾਲ ਹੋਇਆ ਹੈ। ਸੁਨੀਤਾ ਮਿਹਨਤੀ, ਆਤਮ ਵਿਸ਼ਵਾਸੀ, ਦਲੇਰ, ਹੈਲੀਕਾਪਟਰ ਪਾਇਲਟ, ਜਲ ਸੈਨਿਕ, ਗੋਤਾਖੋਰ, ਤੈਰਾਕ, ਜਲਸੈਨਾ ਪੌਡ ਚਾਲਕ ਤੇ ਪਸ਼ੂ ਪ੍ਰੇਮੀ ਇਸਤਰੀ ਹੈ। ਉਹ ਹਰ ਕੰਮ ਨੂੰ ਵੰਗਾਰ ਸਮਝਕੇ ਕਰਦੀ ਹੈ। ਇਸ ਕਰਕੇ ਇੱਕ ਸਾਧਾਰਨ ਪਰਿਵਾਰ ਵਿੱਚੋਂ ਉਠਕੇ ਇਤਨੇ ਵੱਡੇ ਕਾਰਜ ਕੀਤੇ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.