ਮਨਪ੍ਰੀਤ ਇਯਾਲੀ ਨੂੰ ਝਟਕਾ, ਦਾਖਾ ਹਲਕੇ ਦੇ ਆਗੂਆਂ ਨੇ ਅਕਾਲੀ ਦਲ ਅਤੇ ਸੁਖਬੀਰ ਬਾਦਲ ਦੀ ਲੀਡਰਸ਼ਿਪ ’ਚ ਭਰੋਸਾ ਪ੍ਰਗਟਾਇਆ
ਲੁਧਿਆਣਾ, 20 ਮਾਰਚ 2025: ਮਨਪ੍ਰੀਤ ਸਿੰਘ ਇਯਾਲੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਵੱਡੀ ਗਿਣਤੀ ਵਿਚ ਦਾਖਾ ਹਲਕੇ ਤੋਂ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਭਰੋਸਾ ਪ੍ਰਗਟਾਇਆ।
ਦਾਖਾ ਹਲਕੇ ਦੇ ਵੱਡੀ ਗਿਣਤੀ ਵਿਚ ਸਰਕਲ ਜਥੇਦਾਰਾਂ, ਚੇਅਰਮੈਨ, ਸਰਪੰਚਾਂ, ਵੱਖ-ਵੱਖ ਵਿੰਗਾਂ ਅਤੇ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਜ਼ਮੀਨੀ ਪੱਧਰ ਦੇ ਆਗੂਆਂ ਨੇ ਪਿੰਡ ਬਾਦਲ ਵਿਖੇ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਤੇ ਸਪਸ਼ਟ ਕੀਤਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਡੱਟ ਕੇ ਖੜ੍ਹੇ ਹਨ ਤੇ ਕਦੇ ਵੀ ਮਨਪ੍ਰੀਤ ਸਿੰਘ ਇਯਾਲੀ ਵਾਲੇ ਧੜੇ ਦੇ ਨਾਲ ਨਹੀਂ ਜਾਣਗੇ।
ਇਸ ਮੌਕੇ ਗੱਲਬਾਤ ਕਰਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਉਹਨਾਂ ਦੇ ਪੁਰਖ਼ਿਆਂ ਨੇ ਪੰਥ ਵਾਸਤੇ ਅਣਗਿਣਤ ਸ਼ਹਾਦਤਾਂ ਦਿੱਤੀਆਂ ਹਨ ਅਤੇ ਹਮੇਸ਼ਾ ਚੰਗੇ ਮਾੜੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਡੱਟ ਕੇ ਖੜ੍ਹੇ ਹਨ ਜੋ ਹਮੇਸ਼ਾ ਪੰਥ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਵਾਸਤੇ ਡਟਿਆ ਹੈ।
ਇਹਨਾਂ ਆਗੂਆਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਇਸ ਹਮਾਇਤ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹਮੇਸ਼ਾ ਖੇਤਰੀ ਖੁਆਹਿਸ਼ਾਂ ਦੀ ਰਾਖੀ ਵਾਸਤੇ ਡਟੇ ਰਹਿਣਗੇ ਅਤੇ ਕਦੇ ਵੀ ਸੱਤਾ ਦੇ ਲਾਲਚ ਵਿਚ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰਨਗੇ।
ਇਸ ਤੋਂ ਪਹਿਲਾਂ ਧਰਮਕੋਟ ਹਲਕੇ ਦੇ ਆਗੂਆਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹ ਹਮੇਸ਼ਾ ਹੀ ਆਪਣੀ ਮਾਂ ਪਾਰਟੀ ਨਾਲ ਡਟੇ ਹਨ ਤੇ ਕਦੇ ਵੀ ਕੁਝ ਮੌਕਾਪ੍ਰਸਤਾਂ ਦੀ ਮਾੜੀ ਪ੍ਰਚਾਰ ਮੁਹਿੰਮ ਨਾਲ ਗੁੰਮਰਾਹ ਨਹੀਂ ਹੋਣਗੇ ਜੋ ਅਕਾਲੀ ਦਲ ਦੇ ਨਾਲ-ਨਾਲ ਸਿੱਖ ਸੰਸਥਾਵਾਂ ਦਾ ਨੁਕਸਾਨ ਕਰਨਾ ਚਾਹੁੰਦੇ ਹਨ।
ਨਿਹਾਲਸਿੰਘ ਵਾਲਾ, ਲੰਬੀ ਤੇ ਬਾਘਾਪੁਰਾਣਾ ਦੇ ਵਰਕਰਾਂ ਨੇ ਵੀ ਸਰਦਾਰ ਬਾਦਲ ਨਾਲ ਮੁਲਾਕਾਤ ਕੀਤੀ ਅਤੇ ਅਕਾਲੀ ਦਲ ਤੇ ਉਹਨਾਂ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਪ੍ਰਗਟਾਇਆ।
ਇਸ ਮੌਕੇ ਦਾਖਾਂ ਤੋਂ ’ ਲਖਵਿੰਦਰ ਸਿੰਘ ਉਪੱਲ ਚੇਅਰਮੈਨ, ਗੁਰਦੀਪ ਸਿੰਘ ਅਕਾਲੀ ਚੇਅਰਮੈਨ, ਸਵਰਨ ਸਿੰਘ ਛਜਾਵਾਲ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ, ਚਮਕੌਰ ਸਿੰਘ ਉੱਭੀ, ਗੁਰਇੰਦਰਜੀਤ ਸਿੰਘ ਰੂਮੀ ਜਨਰਲ ਸਕੱਤਰ ਯੂਥ ਅਕਾਲੀ ਦਲ ਜਗਰੂਪ ਸਿੰਘ ਸਰਪੰਚ ਛਜਾਵਾਲਾ, ਸ਼ਿੰਗਾਰਾ ਸਿੰਘ ਸਰਪੰਚ, ਬਲਵਿੰਦਰ ਸਿੰਘ ਸ਼ਿੰਦਾ ਮੈਂਬਰ ਬਲਾਕ ਸੰਮਤੀ, ਪ੍ਰਭਜੋਤ ਸਿੰਘ ਫਲੇਵਾਲ ਪ੍ਰਧਾਨ, ਜਸਪਾਲ ਸਿੰਘ, ਗੁਰਮਿੰਦਰ ਸਿੰਘ, ਜਸਇੰਦਰ ਸਿੰਘ, ਅਵਤਾਰ ਸਿੰਘ ਗੁਜਰਵਾਲ, ਸਰਪ੍ਰੀਤ ਸਿੰਘ ਕਾਉਂਕੇ ਸਰਕਲ ਪ੍ਰਧਾਨ, ਗੁਰਪ੍ਰੀਤ ਸਿੰਘ ਮੈਨੇਜਰ, ਗੁਰਪ੍ਰੀਤ ਸਿੰਘ ਗੋਰਾ, ਹਰਪਾਲ ਸਿੰਘ ਉਪੱਲ ਸਰਪੰਚ ਕੋਠੇ ਪੈਨਾ ਅਤੇ ਹਰਮਿੰਦਰ ਸਿੰਘ ਸਵੱਦੀ ਵੀ ਹਾਜ਼ਰ ਸਨ।