Babushahi Special: ਜੇ ਜਾਣਦਾ ਸਾਹਿਬਾਂ ਤੂੰ ਇੰਜ ਕਰਨੀ ਭਾਈਆਂ ਨੂੰ ਲਿਔਂਦਾ ਨਾਲ ਮੈਂ
- ਮਾਮਲਾ ਬਾਰਡਰਾਂ ਤੋਂ ਮੋਰਚਾ ਚੁਕਵਾਉਣ ਦਾ
ਅਸ਼ੋਕ ਵਰਮਾ
ਬਠਿੰਡਾ,21 ਮਾਰਚ 2025: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੱਦੇ ਤਹਿਤ ਕਿਸਾਨ ਮੋਰਚੇ ਖਿਲਾਫ ਕੀਤੀ ਕਾਰਵਾਈ ਦੇ ਮਾਮਲੇ ਵਿੱਚ ਪੁਲਿਸ ਰੋਕਾਂ ਦੇ ਬਾਵਜੂਦ ਅੱਜ ਬਠਿੰਡਾ ਪੱਟੀ ਦੀਆਂ ਸੜਕਾਂ ਤੇ ਉੱਤਰਿਆ ਕਿਸਾਨਾਂ ਦਾ ਭਾਰੀ ਇਕੱਠ ਪੰਜਾਬ ਸਰਕਾਰ ਖਿਲਾਫ ਆਪਣਾ ਵਿਰੋਧ ਦਰਜ ਕਰਾਉਣ ਵਿੱਚ ਸਫਲ ਰਿਹਾ। ਹਾਲਾਂਕਿ ਮੋਰਚਾ ਫੇਲ੍ਹ ਕਰਨ ਲਈ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ’ਚ ਲੈ ਲਿਆ ਪਰ ਕਿਸਾਨ ਆਪਣੀ ਗੱਲ ਰੱਖਣ ’ਚ ਕਾਮਯਾਬ ਰਹੇ। ਕਿਸਾਨਾਂ ਦੇ ਰੁਖ ਤੋਂ ਤਾਂ ਜਾਪਦਾ ਸੀ ਕਿ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਹੁਣ ਪੰਜਾਬ ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਲੜਨ ਦੇ ਰੌਂਅ ਵਿੱਚ ਹੈ। ਇੰਨ੍ਹਾਂ ਕਿਸਾਨਾਂ ਨੂੰ ਜਦੋਂ ਦਾ ਕਿਸਾਨੀ ਮੰਗਾਂ ਦੇ ਮਾਮਲੇ ਵਿੱਚ ਗੱਲਬਾਤ ਦੌਰਾਨ ਕੇਂਦਰ ਸਰਕਾਰ ਦੀ ਬੇਰੁਖ਼ੀ ਦਾ ਪਤਾ ਲੱਗਿਆ ਹੈ ਤਾਂ ਉਹ ਉਦੋਂ ਦੇ ਤਲਖ਼ੀ ਵਿੱਚ ਆਏ ਹੋਏ ਹਨ। ਇੰਨ੍ਹਾਂ ਕਿਸਾਨਾਂ ਨੇ ਕਿਹਾ ਕਿ ਐਮਐਸਪੀ ਦੀ ਗਰੰਟੀ ਲਈ ਸ਼ੁਰੂ ਕੀਤਾ ਗਿਆ ਮੋਰਚਾ ਬਿਨਾਂ ਪ੍ਰਾਪਤੀ ਤੋਂ ਸਮਾਪਤ ਨਹੀਂ ਹੋਵੇਗਾ।

ਅੱਜ ਮੋਰਚਿਆਂ ਦੌਰਾਨ ਕਿਸਾਨਾਂ ਨੇ ਮੋਰਚਾ ਚੁੱਕਣ ਲਈ ਕੀਤੀ ਗਈ ਚਾਲਬਾਜੀ ਦਾ ਮੁੱਦਾ ਮੁੱਖ ਤੌਰ ਤੇ ਉਭਾਰਿਆ । ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਹ ਇਲਮ ਹੀ ਨਹੀਂ ਸੀ ਕਿ ਖੁਦ ਨੂੰ ਕਿਸਾਨੀ ਦਾ ਵੱਡਾ ਹਮਦਰਦ ਦੱਸਣ ਦਾ ਪਾਖੰਡ ਕਰਨ ਵਾਲੀ ਪੰਜਾਬ ਸਰਕਾਰ ਇਸ ਹੱਦ ਤੱਕ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮਾੜੀ ਮੋਟੀ ਵੀ ਭਿਣਕ ਪੈ ਜਾਂਦੀ ਤਾਂ ਕਾਫਲਿਆਂ ਨੇ ਮੌਕੇ ਤੇ ਪੁੱਜ ਜਾਣਾ ਸੀ ਜਿਸ ਦਾ ਨਤੀਜਾ ਚਾਹੇ ਕੋਈ ਵੀ ਭੁਗਤਣਾ ਪੈਂਦਾ ਉਹ ਅਲਹਿਦਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਕਿਸਾਨ ਆਗੂਆਂ ਨਾਲ ਗੱਲਬਾਤ ਦਾ ਖੇਖਣ ਕਰ ਰਹੀ ਸੀ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਪੁਲਿਸ ਦੀਆਂ ਧਾੜਾਂ ਚੜਨ ਦਾ ਫੈਸਲਾ ਲਿਆ ਹੋਇਆ ਸੀ। ਉਹਨਾਂ ਕਿਹਾ ਇਸ ਸਰਕਾਰ ਦੇ ਤਿੰਨ ਸਾਲਾਂ ’ਚ ਕਿਸਾਨਾਂ ਦੇ ਜੀਵਨ ਮਿਆਰ ਵਿੱਚ ਸੁਧਾਰ ਤਾਂ ਕੀ ਆਉਣਾ ਸੀ ਦੁੱਖਾਂ ਦਰਦਾਂ ਵਿੱਚ ਵਾਧਾ ਹੀ ਹੋਇਆ ਹੈ।

ਆਗੂਆਂ ਨੇ ਆਖਿਆ ਕਿ ਇਹ ਹੁਣ ਸਰਕਾਰ ਦੇ ਹੱਥ ਵਿੱਚ ਹੈ ਕਿ ਉਹ ਖੇਤੀ ਸੰਕਟ ਵਿੱਚ ਫਸੇ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਵਾਉਣ ਲਈ ਕੰਮ ਕਰਦੀ ਹੈ ਜਾਂ ਫਿਰ ਜਬਰ ਦੇ ਰਾਹ ਪੈਂਦੀ ਹੈ। ਕਿਸਾਨਾਂ ਨੇ ਕਿਹਾ ਕਿ ਹੱਕੀ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ ਤੇ ਹੋਰ ਤਿੱਖਾ ਹੋਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਮੰਤਰੀਆਂ ਵੱਲੋਂ ਦਿੱਤੇ ਜਾ ਰਹੇ ਬਿਆਨ ਨਿਰੀ ਪਖੰਡਬਾਜੀ ਹੈ। ਕਿਸਾਨਾਂ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਪੁਲਿਸ ਦਾ ਰਾਜ ਕਾਇਮ ਕੀਤਾ ਜਾ ਰਿਹਾ ਹੈ ਉਸ ਤੋਂ ਜਾਪਦਾ ਹੈ ਕਿ ਸੂਬਾ ਹੁਣ ਅਰਧ ਅੱਤਵਾਦ ਵਾਲਾ ਬਣ ਗਿਆ ਹੈ। ਉਹਨਾਂ ਆਖਿਆ ਕਿ ਇਸ ਤੋਂ ਪਹਿਲਾਂ ਕਿ ਕਿਸਾਨ ਕੋਈ ਵੱਡਾ ਫੈਸਲਾ ਲੈਣ ਕੇਂਦਰ ਨੂੰ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੁਲਿਸ ਕਾਰਵਾਈ ਨੂੰ ਲੈ ਕੇ ਮੁਆਫੀ ਮੰਗੇ ਅਤੇ ਭੰਨ ਤੋੜ ਦਾ ਪੂਰਾ ਮੁਆਵਜਾ ਦੇਵੇ।
ਬਠਿੰਡਾ ਜਿਲ੍ਹੇ ਵਿੱਚ ਜੀਦਾ ਟੋਲ ਪਲਾਜਾ ਸੜਕ ਜਾਮ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਪਹਿਲਾਂ ਕਿਸਾਨਾਂ ਨੇ ਕਿਹਾ ਕਿ ਜਦੋਂ ਵੀ ਕਿਸਾਨ ਮੋਰਚਾ ਲਾਉਂਦੇ ਹਨ ਤਾਂ ਸਰਕਾਰ ਕਿਸਾਨੀ ਮੁੱਦਿਆਂ ਤੋਂ ਧਿਆਨ ਲਾਂਭੇ ਕਰਨ ਵਾਸਤੇ ਕੋਈ ਨਾਲ ਕੋਈ ਚਾਲ ਚੱਲਦੀ ਹੈ। ਕਿਸਾਨ ਆਗੂਆਂ ਨੇ ਖਦਸ਼ਾ ਪ੍ਰਗਟਾਇਆ ਕਿ ਸਰਕਾਰ ਹੁਣ ਐਮਐਸਪੀ ਤੇ ਹੋਰ ਮੰਗਾਂ ਨਾਲ ਸਬੰਧਤ ਮੋਰਚੇ ਦੇ ਰੋਹ ਨੂੰ ਮੱਠਾ ਕਰਨ ਵਾਸਤੇ ਨਵੀਂਆਂ ਚਾਲਾਂ ਚੱਲ ਸਕਦੀ ਹੈ। ਆਗੂਆਂ ਨੇ ਆਖਿਆ ਕਿ ਸਰਕਾਰ ਦੀ ਨੀਅਤ ਮਸਲੇ ਹੱਲ ਕਰਨ ਦੀ ਨਹੀਂ ਬਲਕਿ ਲਟਕਾਉਣ ਦੀ ਹੈ। ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀ ਹਰ ਚਾਲ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਉਹ ਜਿੱਥੇ ਵੀ ਮੋਰਚਾ ਲੱਗਦਾ ਹੈ ਉਸ ਵਿੱਚ ਵੱਡੀ ਗਿਣਤੀ ਚ ਪੁੱਜਣ।
ਗਿੱਦੜਬਾਹਾ ’ਚ ਪੁਲਿਸ ਨਾਲ ਝੜਪਾਂ
ਗਿੱਦੜਬਾਹਾ ਲਾਗੇ ਬਠਿੰਡਾ ਗੰਗਾਨਗਰ ਸੜਕ ਜਾਮ ਕਰੀ ਬੈਠੇ ਕਿਸਾਨਾਂ ਤੇ ਪੁਲਿਸ ਵਿਚਕਾਰ ਧੱਕਾ ਮੁੱਕੀ ਅਤੇ ਤਿੱਖੀਆਂ ਝੜਪਾਂ ਵੀ ਹੋਈਆਂ । ਪੁਲਿਸ ਕਾਰਵਾਈ ਤੋਂ ਭੜਕੇ ਕਿਸਾਨਾਂ ਨੇ ਬੈਰੀਕੇਡ ਲਾਕੇ ਸੜਕ ਨੂੰ ਪੂਰੀ ਤਰਾਂ ਬੰਦ ਕਰ ਦਿੱਤਾ ਸੀ ਅਤੇ ਲਗਾਤਾਰ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਜਾ ਰਹੀ ਸੀ। ਇਸ ਮੌਕੇ ਪੁਲਿਸ ਨੇ ਕਾਫੀ ਕਿਸਾਨਾਂ ਨੂੰ ਹਿਰਾਸਤ ’ਚ ਲੈ ਲਿਆ ਅਤੇ ਕਿਸੇ ਅਣਦੱਸੀ ਥਾਂ ਤੇ ਲੈ ਗਈ। ਇਸ ਮੌਕੇ ਕਿਸਾਨਾਂ ਨੇ ਗ੍ਰਿਫਤਾਰੀਆਂ ਦੇ ਦਿੱਤੀਆਂ ਪਰ ਪੁਲਿਸ ਦੀ ਈਨ ਨਹੀਂ ਮੰਨੀ। ਪੁਲਿਸ ਦੀ ਨਫਰੀ ਘੱਟ ਅਤੇ ਕਿਸਾਨਾਂ ਦਾ ਜਮਾਵੜਾ ਜਿਆਦਾ ਹੋਣ ਕਾਰਨ ਕਿਸਾਨਾਂ ਨੂੰ ਖਦੇੜਣ ਦੌਰਾਨ ਪੁਲਿਸ ਮੁਲਾਜਮਾਂ ਦੇ ਪਸੀਨੇ ਛੁੱਟ ਗਏ।
ਮੁੱਖ ਮੰਤਰੀ ਪੰਜਾਬ ਨੂੰ ਰਗੜੇ
ਸੜਕਾਂ ਤੇ ਉੱਤਰੇ ਕਿਸਾਨਾਂ ਨੇ ਅੱਜ ਆਪਣੇ ਮੋਰਚਿਆਂ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਚੰਗੇ ਰਗੜੇ ਲਾਏ। ਕਿਸਾਨਾਂ ਨੇ ਇੱਥੋਂ ਤੱਕ ਆਖਿਆ ਕਿ ਮੁੱਖ ਮੰਤਰੀ ਨੂੰ ਹੁਣ ਆਪਣੇ ਨਾਮ ਨਾਲ ਮੋਦੀ ਲਗਾ ਲੈਣਾ ਚਾਹੀਦਾ ਹੈ। ਕਿਸਾਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਭਾਜਪਾ ਅਤੇ ਆਰਐਸਅਐਸ ਦੇ ਕਾਰਕੁੰਨ ਵਜੋਂ ਕੰਮ ਕਰ ਰਹੀ ਹੈ। ਕੁੱਝ ਕਿਸਾਨਾਂ ਦਾ ਪ੍ਰਤੀਕਰਮ ਸੀ ਕਿ ਮੋਦੀ ਸਰਕਾਰ ਨੂੰ ਹੁਣ ਮੁੱਖ ਮੰਤਰੀ ਪੰਜਾਬ ਨੂੰ ਭਾਰਤੀ ਜੰਤਾ ਪਾਰਟੀ ਵਿੱਚ ਸ਼ਾਮਲ ਕਰਕੇ ਕੋਈ ਵੱਡਾ ਅਹੁਦਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦਾ ਬੀਜੇਪੀ ਨਾਲ ਕੰਮ ਕਰਨ ਦਾ ਹੁਣ ਚੰਗਾ ਤਜਰਬਾ ਹੋ ਗਿਆ ਹੈ।