ਜਿੰਦਗੀ ਚ ਖੁਦ ਨੂੰ ਉੱਚਾ ਤੇ ਦੂਜਿਆਂ ਨੂੰ ਨੀਵਾਂ ਵਿਖਾਉਣ ਦੀ ਆਦਤ ਤੋਂ ਹਮੇਸ਼ਾਂ ਗੁਰੇਜ਼ ਕਰੋ।ਇਹ ਤੁਹਾਡੇ ਵਕਾਰ ਨੂੰ ਢਾਹ ਲਾਉਂਦੀ ਹੈ।ਤੁਹਾਡੇ ਮਾਣ ਇੱਜ਼ਤ ਨੂੰ ਘਟਾਉਂਦੀ ਹੈ।ਸੋ ਜੇਕਰ ਤੁਹਾਡੇ ਚ ਇਹ ਆਦਤ ਹੈ ਤਾ ਅੱਜ ਹੀ ਇਸ ਦਾ ਖਹਿੜਾ ਛੱਡ ਦਿਓ।ਨਹੀਂ ਤਾ ਜਿੰਦਗੀ ਚ ਅਜਿਹੀ ਖ਼ਤਾ ਖਾਵੋਗੇ ਕੇ ਮੁੜ ਸੰਭਲ ਨਹੀਂ ਸਕੋਗੇ।
ਖੁਦ ਨੂੰ ਚੰਗਾ ਕਹਾਉਣਾ
ਅਕਸਰ ਵੇਖਿਆ ਹੈ ਕੇ ਕੁਝ ਲੋਕ ਆਪਣੇ ਆਪ ਨੂੰ ਚੰਗਾ ਵਿਖਾਉਣ ਵਾਸਤੇ ਦੂਜੇ ਨੂੰ ਨੀਵਾਂ ਵਿਖਾਉਣ ਲਈ ਇੱਕ ਮਿੰਟ ਨਹੀਂ ਲਾਉਂਦੇ।ਅਸਲ ਚ ਅਜਿਹੇ ਬੰਦੇ ਸੈਲਫਿਸ਼ ਹੁੰਦੇ ਹਨ।ਉਹ ਸਿਰਫ ਆਪਣਾ ਫਾਇਦਾ ਸੋਚਦੇ ਹਨ।ਉਨਾਂ ਨੂੰ ਦੂਜੇ ਨਾਲ ਕੋਈ ਮਤਲਬ ਨਹੀਂ।ਦੂਜੇ ਦਾ ਨੁਕਸਾਨ ਹੁੰਦਾ ਹੈ ਹੋਈ ਜਾਵੇ।ਇਹ ਲੋਕ ਕੇਵਲ ਤੇ ਕੇਵਲ ਆਪਣਾ ਫਾਇਦਾ ਵੇਖਦੇ ਹਨ।ਖੁਦ ਨੂੰ ਵਧੀਆ ਵਿਖਾਉਣ ਲਈ ਦੂਜੇ ਨੂੰ ਨੀਵਾਂ ਕਦੇ ਨਾ ਵਿਖਾਓ।ਜੋ ਮਨੁੱਖ ਖੁਦ ਨੀਵਾਂ ਹੋ ਕੇ ਦੂਜੇ ਨੂੰ ਚੰਗੇ ਹੋਣ ਦਾ ਦਰਜ਼ਾ ਦਵੇ ਉਹ ਉੱਚੀ ਸੋਚ ਦਾ ਮਾਲਕ ਹੁੰਦਾ ਹੈ।ਗੁਰਬਾਣੀ ਚ ਵੀ ਆਉਂਦਾ ਹੈ।
ਹਮ ਨਹੀਂ ਚੰਗੇ ਬੁਰਾ ਨਹੀਂ ਕੋਇ ।।ਪ੍ਰਣਵਤਿ ਨਾਨਕੁ ਤਾਰੇ ਸੋਇ ।।
ਆਪਣੇ ਆਪ ਨੂੰ ਚੰਗਾ ਤੇ ਦੁਜੇ ਨੂੰ ਬੁਰਾ ਕਹਿਣਾ ਜਾਂ ਸਾਬਤ ਕਰਨ ਦੀ ਕੋਸ਼ਿਸ਼ ਕਰਨਾ ਇਕ ਅਜਿਹੀ ਆਦਤ ਹੈ ਜੋ ਤੁਹਾਨੂੰ ਕੁੱਝ ਵਕਤ ਲਈ ਤਾਂ ਉੱਚਾ ਚੁੱਕ ਸਕਦੀ ਹੈ।ਪਰ ਤੁਹਾਡੀ ਉਹ ਉਚਾਈ ਚਿਰ ਸਥਾਈ ਨਹੀਂ ਰਹਿ ਹੋਵੇਗੀ ਤੇ ਤੁਹਾਨੂੰ ਕੁਝ ਵਕਤ ਬਾਅਦ ਨੀਵਾਂ ਜਰੂਰ ਦਿਖਾ ਦੇਵੇਗੀ।ਇਸ ਵਾਸਤੇ ਕਿਸੇ ਦੀ ਬੁਰਾਈ ਕਰਨ ਤੋ ਗੁਰੇਜ਼ ਕਰੋ।ਅੱਜ ਕੱਲ ਬਹੁਤੇ ਲੋਕਾਂ ਦਾ ਸੁਭਾਅ ਅਜਿਹਾ ਬਣ ਚੁੱਕਾ ਹੈ ਕੇ ਉਹ ਦੂਜੇ ਦੀ ਬੁਰਾਈ ਕਰਕੇ ਸਫਲਤਾ ਹਾਸਲ ਕਰਨਾ ਚਾਹੁੰਦੇ ਨੇ,ਜੋ ਸਰਾਸਰ ਗਲਤ ਹੈ।ਅਜਿਹੇ ਢੰਗ ਨਾਲ ਪ੍ਰਾਪਤ ਕੀਤੀ ਸਫਲਤਾ ਅਸਫਲਤਾ ਤੋ ਵੀ ਭੈੜੀ ਹੈ।ਜਿਸ ਦੇ ਦੂਰ ਰਸ ਨਤੀਜ਼ੇ ਚੰਗੇ ਨਹੀਂ ਨਿਕਲਦੇ।
ਕਰ ਭਲਾ ਹੋ ਭਲਾ
ਕਹਿੰਦੇ ਹਨ ਕਰ ਭਲਾ ਹੋ ਭਲਾ।ਹਰ ਵਿਅਕਤੀ ਨੇ ਆਪਣੀ ਕਿਸਮਤ ਦਾ ਖਾਣਾ ਹੈ।ਜੋ ਤੁਹਾਡੀ ਕਿਸਮਤ ਚ ਹੈ ਉਹ ਤੁਹਾਨੂੰ ਹਰ ਹਾਲ ਚ ਮਿਲ ਜਾਣਾ ਹੈ।ਬੇਸ਼ੱਕ ਦੇਰ ਨਾਲ ਹੀ ਸਹੀ।ਦੂਜੇ ਦੀ ਤਰੱਕੀ ਵੇਖ ਕੇ ਸੜੋ ਨਾ ਸਗੋ ਮਿਹਨਤ ਕਰਕੇ ਸਫਲ ਬਣਨ ਦੀ ਕੋਸ਼ਿਸ਼ ਕਰੋ।ਇਸ ਤਰਾਂ ਸਮਾਜ ਤੁਹਾਡੀ ਵਡਿਆਈ ਕਰੇਗਾ।ਗੁਰਬਾਣੀ ਚ ਆਉਂਦਾ ਹੈ :
ਸਚੈ ਮਾਰਿਗ ਚੱਲਦਿਆਂ ਉਸਤਤ ਕਰੇ ਜਹਾਨੁ ॥
ਜੇ ਸੱਚ ਉੱਤੇ ਖੜੋਗੇ ਤੇ ਸੱਚ ਤੇ ਡਟ ਕੇ ਪਹਿਰਾ ਦੇਵੋਗੇ ਤਾ ਤੁਹਾਡੀ ਸਫਲਤਾ ਉੱਤੇ ਤੁਹਾਨੂੰ ਫਕਰ ਹੋਵੇਗਾ,ਮਾਣ ਹੋਵੇਗਾ।ਕਿਸੇ ਨੂੰ ਨੀਵਾਂ ਵਿਖਾ ਕੇ ਜਾਂ ਧੋਖੇ ਨਾਲ ਪ੍ਰਾਪਤ ਕੀਤੀ ਕਾਮਯਾਬੀ ਤੁਹਾਨੂੰ ਜਿੰਦਗੀ ਭਰ ਚੈਨ ਨਾਲ ਸੌਣ ਨਹੀਂ ਦੇਵੇਗੀ।ਅੰਦਰੋ ਅੰਦਰੀ ਤੁਹਾਨੂੰ ਘੁਣ ਵਾਂਗ ਖਾਂਦੀ ਰਹੇਗੀ।ਅਜਿਹੀ ਸਫਲਤਾ ਜਾਂ ਕਾਮਯਾਬੀ ਦਾ ਕੀ ਫਾਇਦਾ ? ਜੋ ਤੁਹਾਨੂੰ ਪਲ ਪਲ ਸਤਾਉਂਦੀ ਰਹੇ।ਹਮੇਸ਼ਾ ਉੱਚੀ ਸੋਚ ਰੱਖੋ।ਦੂਜਿਆਂ ਬਾਰੇ ਚੰਗਾ ਸੋਚੋ।ਸਰਬੱਤ ਦਾ ਭਲਾ ਮੰਗੋ। ਗੁਰਬਾਣੀ ਚ ਆਉਂਦਾ ਹੈ:
ਨਾਨਕ ਨੀਵਾਂ ਜੋ ਚਲੈ, ਲਾਗੇ ਨਾ ਤਾਤੀ ਵਾਓ ‘॥
ਭਾਵ ਕੇ ਨੀਵਾਂ ਹੋ ਕੇ ਵਿਚਰਨ ਵਾਲੇ ਵਿਅਕਤੀ ਨੂੰ ਤੱਤੀ ਵਾਓ ਤੱਕ ਨਹੀਂ ਲੱਗਦੀ ।ਉਸਦਾ ਕਦੇ ਕੁੱਝ ਨਹੀਂ ਵਿਗੜਦਾ ਮਤਲਬ ਉਸਦਾ ਕੋਈ ਨੁਕਸਾਨ ਨਹੀਂ ਹੁੰਦਾ:
ਨੀਵਾਂ ਹੋ ਕੇ ਚਲਣਾ ਦਿਆਲੂਪੁਣੇ ਦੀ ਨਿਸ਼ਾਨੀ
ਜੋ ਇਨਸਾਨ ਨੀਵਾਂ ਹੋ ਕੇ ਚਲਦਾ ਹੈ।ਅਸਲ ਚ ਉਹ ਦਿਆਲੂ ਤੇ ਉੱਚੇ ਵਿਚਾਰਾਂ ਦਾ ਧਾਰਨੀ ਹੁੰਦਾ ਹੈ।ਉਸ ਦੀ ਸੋਚ ਉੱਚੀ ਸੁੱਚੀ ਹੁੰਦੀ ਹੈ।ਜਦੋ ਅਸੀ ਨਿੱਕੇ ਹੁੰਦੇ ਸਾਂ ਤਾਂ ਪਿੰਡਾਂ ਤੇ ਸ਼ਹਿਰਾਂ ਦੇ ਗਲੀ ਮੁਹੱਲਿਆਂ ਚ ਸਵੱਖਤੇ ਸਵੱਖਤੇ ਜੋਗੀ ਆਇਆ ਕਰਦੇ ਸਨ।ਜੋ ਉੱਚੀ ਆਵਾਜ਼ ਚ ਹੇਕ ਲਾ ਕੇ ਗਾਇਆ ਕਰਦੇ ਸਨ:
‘ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ,ਉੱਚਾ ਹੋ ਕੇ ਮਾਣ ਨਾ ਕਰੀਂ’॥
ਉਸ ਵਕਤ ਸਾਨੂੰ ਜੋਗੀ ਵੱਲੋਂ ਗਾਈਆਂ ਜਾਂਦੀਆਂ ਇਨਾਂ ਤੁਕਾਂ ਦੇ ਅਰਥਾਂ ਦਾ ਬਹੁਤਾ ਗਿਆਨ ਨਹੀਂ ਹੁੰਦਾ ਸੀ।ਪ੍ਰੰਤੂ ਉਸ ਦੇ ਸਹੀ ਅਰਥ ਹੁਣ ਸਮਝ ਆਉਂਦੇ ਹਨ ਕੇ ਨੀਵਾਂ ਹੋ ਕੇ ਬੰਦਾ ਉਹ ਕੁਛ ਹਾਸਲ ਕਰ ਸਕਦਾ ਹੈ।ਜੋ ਸ਼ਾਇਦ ਉੱਚਾ ਹੋ ਕੇ ਹਾਸਲ ਨਹੀਂ ਕੀਤਾ ਜਾ ਸਕਦਾ।ਬੜੀ ਤਾਕਤ ਹੈ ਨੀਵੇਂਪਣ ਚ।ਭਾਂਵੇ ਕੇ ਬੇ ਮਤਲਬ ਨੀਵਾਂ ਹੋਣ ਜਾਂ ਝੁਕਣ ਨੂੰ ਇੱਕ ਕਮਜ਼ੋਰੀ ਵਜੋਂ ਵੀ ਵੇਖਿਆ ਜਾਂਦਾ ਹੈ।ਫਿਰ ਵੀ ਨੀਵੇਂ ਹੋਣ ਨਾਲ ਤੁਸੀਂ ਵੱਡੇ ਹੋ ਜਾਂਦੇ ਹੋ।ਜਿੱਦਾਂ ਤੇਜ਼ ਹਵਾਵਾਂ ਦੇ ਚਲਦਿਆਂ ਉੱਚੇ ਦਰਖਤ ਝੁਕ ਜਾਂਦੇ ਹਨ ਤੇ ਟੁੱਟਣ ਤੋ ਬਚ ਜਾਂਦੇ ਹਨ।ਜੋ ਨਹੀਂ ਝੁਕਦੇ ਉਹ ਟੁੱਟ ਜਾਂਦੇ ਹਨ।ਇਸ ਤਰਾਂ ਨੀਵੇਂ ਹੋ ਕੇ ਰਹਿਣ ਦੇ ਫਾਇਦੇ ਦੀ ਇਹ ਪੁਖ਼ਤਾ ਮਿਸਾਲ ਹੈ।
ਸੋ ਖੁਦ ਨੂੰ ਉੱਚਾ ਵਿਖਾਉਣ ਦੀ ਥਾਂ ਜੱਗ ਚ ਨੀਵਾਂ ਹੋ ਕੇ ਵਿਚਰਨ ਦੀ ਲੋੜ ਹੈ।ਇਸ ਨਾਲ ਹਰ ਕੋਈ ਤੁਹਾਡੀ ਤਾਰੀਫ਼ ਕਰੇਗਾ।ਜਿੰਦਗੀ ਦਾ ਲੁਤਫ਼ ਉੱਚਾ ਹੋਣ ਚ ਨਹੀਂ,ਨੀਵਾਂ ਹੋ ਕੇ ਚੱਲਣ ਚ ਹੈ।ਨੀਵਾਂ ਹੋ ਕੇ ਚੱਲਣ ਨਾਲ ਅਸੀ ਕਈ ਅਣਕਿਆਸੇ ਲੜਾਈ ਝਗੜਿਆਂ ਤੋਂ ਬਚ ਸਕਦੇ ਹਾਂ।ਨਹੀਂ ਯਕੀਨ ਤਾਂ ਪਰਖ ਕੇ ਵੇਖ ਲੈਣਾ।
ਬਾਕੀ ਰੱਬ ਰਾਖਾ !

-
ਲੈਕਚਰਾਰ ਅਜੀਤ ਖੰਨਾ , ਐਮਏ ਐਮਫਿਲ ਐਮਜੇਐਮਸੀ ਬੀ ਐਡ
khannaajitsingh@gmail.com
76967-54669
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.