ਮੁੱਖ ਮੰਤਰੀ ਦੀ ਘੁਰਕੀ ਮਗਰੋਂ ਤਹਸੀਲਦਾਰ ਕਰਨ ਲੱਗੇ ਰਜਿਸਟਰੀਆਂ, ਜਗਰਾਉ ਤਹਿਸੀਲ ਅੰਦਰ ਹੋਈ ਇੱਕ ਰਜਿਸਟਰੀ
ਦੀਪਕ ਜੈਨ
ਜਗਰਾਉਂ, 4 ਮਾਰਚ 2025 - ਪੂਰੇ ਪੰਜਾਬ ਅੰਦਰ ਤਹਿਸੀਲਦਾਰ ਅਤੇ ਨੈਬ ਤਹਿਸੀਲਦਾਰਾਂ ਵੱਲੋਂ ਸਮੂਹਿਕ ਛੁੱਟੀ ਤੇ ਜਾਣ ਕਾਰਨ ਪਿਛਲੇ ਦੋ ਦਿਨ ਤੋਂ ਤਹਿਸੀਲਾਂ ਅੰਦਰ ਰਜਿਸਟਰੇਸ਼ਨ ਦਾ ਕੰਮ ਬੰਦ ਪਿਆ ਸੀ ਅਤੇ ਲੋਕ ਖੱਜਲ ਖਰਾਬ ਹੋ ਰਹੇ ਸਨ। ਜਿਸ ਉੱਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਖਤੀ ਕਰਦਿਆਂ ਹੋਇਆਂ ਯੂਨੀਅਨ ਦੇ ਅਹੁਦੇਦਾਰਾਂ ਨੂੰ ਇਹ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹਨਾਂ ਨੇ ਰਜਿਸਟਰੀ ਕਰਨ ਦੇ ਕੰਮ ਵਿੱਚ ਕੋਈ ਅੜਚਨ ਪਾਈ ਤਾਂ ਉਹ ਉਹਨਾਂ ਨੂੰ ਬਰਤਰਫ ਕਰਕੇ ਨਵੇਂ ਤਹਿਸੀਲਦਾਰ, ਨੈਬ ਤਹਿਸੀਲਦਾਰ ਵਗੈਰਾ ਭਰਤੀ ਕਰ ਲੈਣਗੇ ਕਿਉਂ ਜੋ ਪੰਜਾਬ ਅੰਦਰ ਬਹੁਤ ਹੋਣਹਾਰ ਨੌਜਵਾਨ ਪੀੜੀ ਨੌਕਰੀਆਂ ਦੇ ਇੰਤਜ਼ਾਰ ਵਿੱਚ ਬੈਠੀ ਹੈ। ਜਿਸ ਉੱਪਰ ਤਹਿਸੀਲਦਾਰਾਂ ਵੱਲੋਂ ਤਹਿਸੀਲਾਂ ਅੰਦਰ ਰਜਿਸਟਰੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਤੁਹਾਨੂੰ ਯਾਦ ਕਰਵਾ ਦਈਏ ਕਿ ਕੁਝ ਸਮਾਂ ਪਹਿਲਾਂ ਪੰਜਾਬ ਤਹਿਸੀਲਦਾਰ ਅਤੇ ਨੈਬ ਤਹਿਸੀਲਦਾਰਾਂ ਦੀ ਯੂਨੀਅਨ ਦੇ ਪ੍ਰਧਾਨ ਸੁਖਚਰਨ ਸਿੰਘ ਵੱਲੋਂ 20 ਹਜਾਰ ਰੁਪਆ ਰਿਸ਼ਵਤ ਲਏ ਜਾਣ ਕਾਰਨ ਉਸ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਸੀ। ਜਿਸ ਕਾਰਨ ਤਹਿਸੀਲਦਾਰ ਯੂਨੀਅਨ ਰੋਹ ਵਿੱਚ ਆ ਗਈ ਸੀ ਅਤੇ ਹੜਤਾਲ ਕੀਤੀ ਸੀ ਅਤੇ ਹੁਣ ਲੁਧਿਆਣਾ ਦੇ ਇੱਕ ਤਹਿਸੀਲਦਾਰ ਵੱਲੋਂ ਗਲਤ ਰਜਿਸਟਰੀ ਕੀਤੇ ਜਾਣ ਕਾਰਨ ਪੰਜਾਬ ਸਰਕਾਰ ਵੱਲੋਂ ਉਸ ਤਹਿਸੀਲਦਾਰ ਨੂੰ ਮੌਕੇ ਤੇ ਮੁਅਤਲ ਕਰ ਦਿੱਤਾ ਗਿਆ। ਜਿਸ ਦੇ ਕਾਰਨ ਤਹਿਸੀਲਦਾਰ ਯੂਨੀਅਨ ਵੱਲੋਂ ਸਮੂਹਿਕ ਛੁੱਟੀ ਤੇ ਜਾਣ ਦਾ ਐਲਾਨ ਕੀਤਾ ਸੀ। ਜਿਸ ਕਾਰਨ ਸਰਕਾਰ ਨੂੰ ਇਹ ਸਖਤ ਕਦਮ ਚੁੱਕਣਾ ਪਿਆ ਅਤੇ ਤਹਿਸੀਲਦਾਰ ਯੂਨੀਅਨ ਨੂੰ ਸਰਕਾਰ ਦੀ ਸਖਤੀ ਅੱਗੇ ਝੁੱਕ ਕੇ ਆਪਣੇ ਆਪਣੇ ਦਫਤਰਾਂ ਵਿੱਚ ਹਾਜ਼ਰੀ ਲਗਵਾਉਣ ਲਈ ਮਜਬੂਰ ਹੋਣਾ ਪਿਆ ਹੈ।
ਅੱਜ ਭਾਵੇਂ ਜਗਰਾਉਂ ਤਹਿਸੀਲ ਅੰਦਰ ਨੈਬ ਤਹਸੀਲਦਾਰ ਸੁਰਿੰਦਰ ਕੁਮਾਰ ਪੱਬੀ ਵੱਲੋਂ ਇੱਕ ਹੀ ਰਜਿਸਟਰੀ ਕੀਤੀ ਗਈ ਹੈ। ਪਰ ਇਸ ਦਾ ਵੱਡਾ ਕਾਰਨ ਇਹ ਵੀ ਹੈ ਕਿ ਲੋਕਾਂ ਵੱਲੋਂ ਆਪਣੀਆਂ ਰਜਿਸਟਰੀਆਂ ਲਿਖਵਾਈਆਂ ਤਾਂ ਪਈਆਂ ਹਨ। ਪਰ ਤਸੀਲਦਾਰ ਯੂਨੀਅਨ ਦੀ ਹੜਤਾਲ ਕਾਰਨ ਉਹਨਾਂ ਨੇ ਅਪੁਆਇੰਟਮੈਂਟਾਂ ਨਹੀਂ ਲਿਤੀਆਂ ਸਨ। ਜਿਸ ਕਾਰਨ ਉਹ ਮੌਕੇ ਤੇ ਰਜਿਸਟਰੀ ਕਰਵਾਉਣ ਲਈ ਹਾਜ਼ਰ ਨਹੀਂ ਹੋ ਸਕੇ ਅਤੇ ਜਦੋਂ ਜਨਤਾ ਨੂੰ ਹੜਤਾਲ ਖੁੱਲਣ ਦੀ ਖਬਰ ਪਤਾ ਲੱਗੀ ਤਦ ਤੱਕ ਰਜਿਸਟਰੀ ਕਰਨ ਦਾ ਸਮਾਂ ਬੀਤ ਚੁੱਕਾ ਸੀ।
ਹੁਣ ਬੁੱਧਵਾਰ ਨੂੰ ਆਮ ਦੀ ਤਰ੍ਹਾਂ ਰਜਿਸਟਰੀਆਂ ਹੋਣਗੀਆਂ ਪਰ ਤਹਿਸੀਲ ਅੰਦਰ ਰਜਿਸਟਰੀ ਕਰਵਾਉਣ ਵਾਲੀ ਜਨਤਾ ਦਾ ਰਸ਼ ਹੱਦੋਂ ਵੱਧ ਹੋਵੇਗਾ। ਜਗਰਾਉਂ ਤਹਿਸੀਲ ਤਾਂ ਪਹਿਲਾਂ ਹੀ ਕਾਫੀ ਅਰਸੇ ਤੋਂ ਸੁਰਖੀਆਂ ਵਿੱਚ ਆ ਰਹੀ ਹੈ. ਕਿਉਂ ਜੋ ਇੱਥੇ ਰਜਿਸਟਰੀ ਕਰਵਾਉਣ ਲਈ ਜਨਤਾ ਨੂੰ ਬਹੁਤ ਖੱਜਲ ਹੋਣਾ ਪੈਂਦਾ ਹੈ ਅਤੇ ਸਾਰਾ ਸਾਰਾ ਦਿਨ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਅਤੇ ਜਦੋਂ ਹੁਣ ਭੀੜ ਵੱਧ ਜਾਵੇਗੀ ਤਾਂ ਜਨਤਾ ਹੋਰ ਵੀ ਪਰੇਸ਼ਾਨ ਹੋਵੇਗੀ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਗਰਾਉਂ ਤਹਿਸੀਲ ਅੰਦਰ ਰਜਿਸਟਰੀਆਂ ਦੇ ਕੰਮ ਨੂੰ ਦੇਖਦੇ ਹੋਏ ਤਸਵੀਰਦਾਰ ਦੇ ਅਹੁਦੇ ਦੀ ਵੀ ਪੂਰਤੀ ਕੀਤੀ ਜਾਵੇ ਅਤੇ ਤਹਿਸੀਲਦਾਰ ਅਤੇ ਨੈਬ ਤਹਿਸੀਲਦਾਰ ਵੱਲੋਂ ਰੋਜ਼ਾਨਾ ਦੋ ਅਲੱਗ ਅਲੱਗ ਦਫਤਰਾਂ ਵਿੱਚ ਲਗਾਤਾਰ ਰਜਿਸਟੀਆਂ ਕੀਤੀਆਂ ਜਾਣ ਜਿਸ ਨਾਲ ਜਨਤਾ ਵੀ ਸੁਖਾਲੀ ਹੋ ਜਾਵੇ।
ਇਸ ਬਾਰੇ ਜਦੋਂ ਜਗਰਾਓ ਤਹਿਸੀਲ ਦੇ ਨਾਇਬ ਤਹਸੀਲਦਾਰ ਸੁਰਿੰਦਰ ਪਬੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਯੂਨੀਅਨ ਨੇ ਆਪਣੀ ਸਮੂਹਿਕ ਛੁੱਟੀ ਦਾ ਐਲਾਨ ਰੱਦ ਨਹੀਂ ਕੀਤਾ ਹੈ। ਪਰ ਉਹਨਾਂ ਵੱਲੋਂ ਅੱਜ ਇੱਕ ਰਜਿਸਟਰੀ ਕਰ ਦਿੱਤੀ ਗਈ ਹੈ ਅਤੇ ਉਹ ਕੱਲ ਨੂੰ ਰੋਜਾਨਾ ਦੀ ਤਰ੍ਹਾਂ ਹੀ ਰਜਿਸਟਰੀਆਂ ਦਾ ਕੰਮ ਨੇਪਰੇ ਚਾੜਨਗੇ। ਉਹਨਾਂ ਦੱਸਿਆ ਕਿ ਪੰਜਾਬ ਅੰਦਰ ਕਈ ਤਹਿਸੀਲਾਂ ਅੰਦਰ ਹਾਲੇ ਵੀ ਤਹਿਸੀਲਦਾਰ ਅਤੇ ਨਾਇਬ ਤਹਸੀਲਦਾਰ ਸਮੂਹਿਕ ਛੁੱਟੀ ਤੇ ਚੱਲ ਰਹੇ ਹਨ ਅਤੇ ਕੁਝ ਕੂ ਤਹਸੀਲਾਂ ਅੰਦਰ ਰਜਿਸਟਰੀ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਜਗਰਾਉਂ ਤਹਿਸੀਲ ਅੰਦਰ ਵੀ ਲੋਕਾਂ ਨੂੰ ਘੱਟ ਪਤਾ ਹੋਣ ਕਾਰਨ ਅੱਜ ਇੱਕ ਹੀ ਰਜਿਸਟਰੀ ਰਜਿਸਟਰੇਸ਼ਨ ਵਾਸਤੇ ਆਈ ਸੀ ਜੋ ਕਿ ਉਹਨਾਂ ਵੱਲੋਂ ਕਰਵਾ ਦਿੱਤੀ ਗਈ ਹੈ।