Babushahi Special ਖਾਮੋਸ਼ ਹੁੰਦੇ ਪੰਜਾਬ ਦੀ ਜੁਆਨੀ ਦੇ ਬੋਲ: ਕੌਣ ਆਖੇ ਸਾਹਿਬ ਨੂੰ ਇੰਜ ਨਹੀਂ ਇੰੰਜ ਕਰ
ਅਸ਼ੋਕ ਵਰਮਾ
ਬਠਿੰਡਾ,8 ਅਕਤੂਬਰ 2025: ਭਰ ਜੁਆਨੀ ’ਚ ਸਦੀਵੀ ਵਿਛੋੜਾ ਦੇ ਗਏ ਲੋਕ ਗਾਇਕ ਰਾਜਵੀਰ ਜਵੰਦਾ ਦੀ ਮੌਤ ਨੇ ਪੰਜਾਬੀ ਸੱਭਿਆਚਾਰ ਨੂੰ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪੰਜਾਬ ਵਿੱਚ ਕਲਮਾਂ ਅਤੇ ਬੋਲਾਂ ਦਾ ਚੜ੍ਹਦੀ ਉਮਰੇ ਇੰਜ ਚਲੇ ਜਾਣਾ ਕੋਈ ਪਹਿਲੀ ਵਾਰ ਨਹੀਂ ਹੋਇਆ ਬਲਕਿ ਚੜ੍ਹਤ ਦੀ ਤਿੱਖੜ ਦੁਪਹਿਰੇ ਪੰਜਾਬੀ ਗਾਇਕਾਂ ਅਤੇ ਕਲਮਾਂ ਵਾਲਿਆਂ ਨੂੰ ਦੁਨੀਆਂ ਛੱਡਣੀ ਪਈ ਹੈ। ਪੰਜਾਬ ਤਾਂ ਅਜੇ ਤੱਕ ਨਾਮਵਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੀ ਅਣਹੋਣੀ ਮੌਤ ਦੇ ਸਦਮੇ ਤੋਂ ਨਹੀਂ ਉੱਭਰ ਸਕਿਆ ਸੀ ਕਿ ਅੱਜ ਰਾਜਵੀਰ ਜਵੰਧਾ ਦੇ ਚਲੇ ਜਾਣ ਦੀ ਮਨਹੂਸ ਖਬਰ ਆ ਗਈ ਹੈ। ਗਾਇਕ ਸਿੱਧੂ ਮੂਸੇਵਾਲਾ ਨੂੰ ਸਿਰਫ 29 ਸਾਲ ਦੀ ਉਮਰ ’ਚ ਕਤਲ ਕਰ ਦਿੱਤਾ ਗਿਆ ਸੀ। ਲੋਕ ਆਖਦੇ ਹਨ ਕਿ ਰਾਜਵੀਰ ਜਵੰਧਾ ਦੀ ਸਰਕਾਰਾਂ ਦੀਆਂ ਨੀਤੀਆਂ ਅਤੇ ਨੀਤੀਆਂ ਨੇ ਹੱਤਿਆ ਕੀਤੀ ਹੈ ਜੋ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਨਹੀਂ ਕੱਢ ਸਕੀਆਂ ਹਨ।
ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਹਕੂਮਤਾਂ ਵਾਲਿਆਂ ਨੇ ਰਾਜਗੱਦੀ ਤੇ ਕਬਜੇ ਲਈੇ ਵੋਟਾਂ ਲੁੱਟਣ ਖਾਤਰ ਕੀਤੇ ਵਾਅਦਿਆਂ ਤੇ ਪਹਿਰਾ ਦਿੱਤਾ ਹੁੰਦਾ ਤਾਂ ਅੱਜ ਰਾਜਵੀਰ ਜਵੰਧਾ ਨੇ ਸਾਡੇ ਵਿੱਚ ਹੋਣਾ ਸੀ ਅਤੇ ਨਾਂ ਹੀ ਉਸ ਦੀ ਪਤਨੀ ਨੂੰ ਇਸ ਛੋਟੀ ਜਿਹੀ ਉਮਰ ’ਚ ਪਤੀ ਦਾ ਵਿਛੋੜਾ ਝੱਲਣ ਲਈ ਮਜਬੂਰ ਹੋਣਾ ਪੈਣਾ ਸੀ। ਰਾਜਵੀਰ ਜਵੰਧਾ ਦੇ ਬੇਰੁੱਤੇ ਤੁਰ ਜਾਣ ਕਾਰਨ ਦੋ ਧੀਆਂ ਅੱਜ ਅਨਾਥ ਹੋ ਗਈਆਂ ਹਨ ਜਿੰਨ੍ਹਾਂ ਨੂੰ ਪਏ ਘਾਟੇ ਦੀ ਤਾਂ ਕਦੇ ਵੀ ਪੂਰਤੀ ਨਹੀਂ ਕੀਤੀ ਜਾ ਸਕਦੀ ਹੈ। ਰਾਜਵੀਰ ਜਵੰਧਾ ਇੱਕ ਅਜਿਹਾ ਗਾਇਕ ਸੀ ਜਿਸ ਦੀ ਗਾਇਕੀ ਅਤੇ ਸਟਾਈਲ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਇਸ ਅਣਹੋਣੀ ਦੀ ਖਬਰ ਸੁਣਦਿਆਂ ਫੋਰਟਿਸ ਹਸਪਤਾਲ ਵਿੱਚ ਪੁੱਜੀਆਂ ਸ਼ਖਸ਼ੀਅਤਾਂ ਅਤੇ ਗਾਇਕਾਂ ਵੱਲੋਂ ਕਹੀ ਇੱਕ ਗੱਲ ਸਾਂਝੀ ਹੈ ਕਿ ਰਾਜਵੀਰ ਦੇ ਇੰਜ ਚਲੇ ਜਾਣ ਦਾ ਘਾਟਾ ਕਦੇ ਵੀ ਪੂਰਿਆ ਨਹੀਂ ਜਾ ਸਕਣਾ ਹੈ।
ਹੁਣ ਰਤਾ ਪਿਛੋਕੜ ਤੋਂ ਸ਼ੁਰੂ ਕਰਦੇ ਹਾਂ ਜਦੋਂ ਗੈਂਗਸਟਰਾਂ ਨੇ ਗਾਇਕੀ ਦੀ ਦੁਨੀਆਂ ’ਚ ਧਰੂ ਤਾਰੇ ਵਾਂਗ ਚਮਕਦੇ ਸਿੱਧੂ ਮੂਸੇਵਾਲਾ ਨੂੰ ਮਾਨਸਾ ਜਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਦਿਨ ਦਿਹਾੜੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ। ਹਾਲਾਂਕਿ ਸਿੱਧੂ ਮੂਸੇਵਾਲਾ ਗਾਇਕ ਵਜੋਂ ਹਮੇਸ਼ਾ ਕਿਸੇ ਨਾ ਕਿਸੇ ਵਿਵਾਦ ਨਾਲ ਜੁੜਿਆ ਰਿਹਾ ਹੈ ਪਰ ਇਹ ਵੀ ਇੱਕ ਹਕੀਕਤ ਹੈ ਕਿ ਉਸ ਦੀ ਗਾਇਕੀ ਨੂੰ ਨਾਪਸੰਦ ਕਰਨ ਵਾਲੇ ਵੀ ਬਹੁਤ ਸਨ ਅਤੇ ਉਸ ਦੇ ਪ੍ਰਸੰਸਕਾਂ ਦੀ ਗਿਣਤੀ ਉਨ੍ਹਾਂ ਤੋਂ ਕਿਤੇ ਜਿਆਦਾ ਸੀ। ਪੰਜਾਬ ਦੇ ਕਾਲੇ ਦੌਰ ਦੌਰਾਨ ਇਨਕਲਾਬੀ ਕਵੀ ਅਵਤਾਰ ਸਿੰਘ ਸੰਧੂ ਉਰਫ਼ ਪਾਸ਼ ਨੂੰ ਸਿਰਫ 38 ਸਾਲ ਦੀ ਉਮਰ ਵਿੱਚ 23 ਮਾਰਚ, 1988 ਨੂੰ ਉਸ ਦੇ ਜੱਦੀ ਪਿੰਡ ਤਲਵੰਡੀ ਸਲੇਮ ਵਿੱਚ ਕਤਲ ਕਰ ਦਿੱਤਾ ਗਿਆ ਸੀ ਪਰ ਪਾਸ਼ ਆਪਣੀ ਬੇਹੱਦ ਮਕਬੂਲ ਹੋਣ ਵਾਲੀ ਕਵਿਤਾ ‘ਸਭ ਤੋਂ ਖ਼ਤਰਨਾਕ ਹੁੰਦਾ ਹੈ, ਸਾਡੇ ਸੁਪਨਿਆਂ ਦਾ ਮਰ ਜਾਣਾ’ ਰਾਹੀਂ ਹੁਣ ਵੀ ਜਿਉਂਦਾ ਹੈ ।
ਪੰਜਾਬ ਦੇ ਕਾਲੇ ਸਮਿਆਂ ਦੌਰਾਨ ਇਸੇ ਮਾਰਚ ਮਹੀਨੇ ਨੌਜਵਾਨ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਸ ਦੀ ਜੀਵਨ ਸਾਥਣ ਬੀਬਾ ਅਮਰਜੋਤ ਕੌਰ ਤੋਂ ਇਲਾਵਾ ਦੋ ਸਾਜੀਆਂ ਦਾ ਵੀ ਕਤਲ ਹੋਇਆ ਸੀ। ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਵੱਲੋਂ ਪਿੰਡ ਮਹਿਸਾਸਪੁਰ ਵਿੱਚ 8 ਮਾਰਚ 1988 ਨੂੰ ਅਖਾੜਾ ਲਾਇਆ ਹੋਇਆ ਸੀ ਤਾਂ ਇਸ ਮੌਕੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਚਮਕੀਲੇ ਦੀ ਗਾਇਕੀ ਦਾ ਪੱਧਰ ਕਿਸ ਤਰਾਂ ਦਾ ਸੀ ਇਹ ਮਾਮਲਾ ਵਿਵਾਦਾਂ ਦਾ ਵਿਸ਼ਾ ਰਿਹਾ ਹੈ ਪਰ ਇਸ ਗਾਇਕ ਜੋੜੀ ਦੀ ਉਸ ਦੌਰ ਦੇ ਪੇਂਡੂ ਪੰਜਾਬ ਵਿੱਚ ਤੂਤੀ ਬੋਲਦੀ ਸੀ । ਅੱਜ ਵੀ ਲੋਕ ਉਨ੍ਹਾਂ ਦੇ ਗੀਤਾਂ ਨੂੰ ਉਸੇ ਤਰਾਂ ਹੀ ਸੁਣਦੇ ਹਨ। ਬੇਸ਼ੱਕ ਕਾਲੇ ਦੌਰ ਨੇ ਇਨ੍ਹਾਂ ਗਾਇਕਾਂ ਨੂੰ ਜੁਦਾ ਕਰ ਦਿੱਤਾ ਪਰ ਉਨ੍ਹਾਂ ਦੀਆਂ ਦੁਬਾਰਾ ਆਈਆਂ ਦੋ ਐਲਬਮਾਂ ਹੱਥੋ ਹੱਥੀ ਵਿਕੀਆਂ ਤੇ ਵਿਕ ਰਹੀਆਂ ਹਨ ਜੋ ਉਨ੍ਹਾਂ ਦੀ ਮਕਬੂਲੀਅਤ ਦੱਸਣ ਲਈ ਕਾਫੀ ਹੈ।
ਤਕਰੀਬਨ 12 ਸਾਲਾਂ ਦੇ ਫਿਲਮੀ ਸਫਰ ਦੌਰਾਨ 25 ਤੋਂ ਵੱਧ ਮਸ਼ਹੂਰ ਪੰਜਾਬੀ ਫਿਲਮਾਂ ਦੇ ਹੀਰੋ ਵਰਿੰਦਰ ਦੀ ਵੀ 6 ਦਸੰਬਰ 1988 ਨੂੰ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ। ਲੁਧਿਆਣਾ ਦੇ ਪਿੰਡ ਤਲਵੰਡੀ ਵਿੱਚ ਵਰਿੰਦਰ ਦੀ ਫਿਲਮ ‘ਜੱਟ ਤੇ ਜਮੀਨ’ ਦੀ ਸ਼ੂਟਿੰਗ ਚੱਲ ਰਹੀ ਸੀ ਤਾਂ ਇਸ ਦੌਰਾਨ ਅਣਪਛਾਤਿਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਸੀ। ਸਿਰਫ 30 ਸਾਲ ਦੀ ਉਮਰੇ ਗਾਇਕ ਦਿਲਸ਼ਾਦ ਅਖਤਰ ਵੀ ਗੋਲੀਆਂ ਦਾ ਸ਼ਿਕਾਰ ਹੋਇਆ ਸੀ। ਇੰਨ੍ਹੀਂ ਦਿਨੀ ਕਾਲਜਾਂ ਅਤੇ ਯੂਨੀਵਰਿਸਟੀਆਂ ਦੇ ਹੋਸਟਲਾਂ ’ਚ ਦਿਲਸ਼ਾਦ ਅਖਤਰ ਦੀ ਅਵਾਜ ਗੂੰਜਦੀ ਸੀ। ਗੁਰਦਾਸਪੁਰ ਜਿਲ੍ਹੇ ਵਿੱਚ ਵਿਆਹ ਸਮਾਗਮ ਦੌਰਾਨ 28 ਜਨਵਰੀ 1996 ਨੂੰ ਦਿਲਸ਼ਾਦ ਅਖਤਰ ਨੇ ਹੰਸ ਰਾਜ ਹੰਸ ਵੱਲੋਂ ਗਾਇਆ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਇੱਕ ਸ਼ਰਾਬੀ ਡੀਐਸਪੀ ਨੇ ਉਸ ਤੇ ਫਾਇਰਿੰਗ ਕਰ ਦਿੱਤੀ ਸੀ। ਇਸੇ ਤਰਾਂ ਹੋਰ ਵੀ ਕਈ ਗਾਇਕਾਂ ਅਤੇ ਲੇਖਕਾਂ ਨੂੰ ਅਜਿਹੇ ਹੀ ਕਾਰਨਾਂ ਕਰਕੇ ਜਾਨ ਗੁਆਉਣੀ ਪਈ ਹੈ।