ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕਿਸਾਨ ਜਥੇਬੰਦੀਆਂ ਵੱਲੋਂ ਮੁਆਵਜੇ ਲਈ ਰੋਸ ਧਰਨਾ
ਅਸ਼ੋਕ ਵਰਮਾ
ਬਠਿੰਡਾ, 8 ਅਕਤੂਬਰ 2025: ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਅੱਜ ਜਿਲਾ ਕਚਹਿਰੀਆਂ ਬਠਿੰਡਾ ਵਿਖੇ ਕਿਸਾਨਾਂ ਨੇ ਰੋਸ ਧਰਨਾ ਦੇ ਕੇ ਹੜਾਂ ਦੌਰਾਨ ਹੋਏ ਨੁਕਸਾਨ ਦਾ ਮੁਆਵਜ਼ਾ ਹਾਸਿਲ ਕਰਨ ਲਈ ਬਠਿੰਡਾ ਪ੍ਰਸ਼ਾਸਨ ਰਾਹੀਂ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ। ਇਸ ਮੌਕੇ ਕਿਸਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਦਿੱਤੀ। ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ,ਬੀ ਕੇ ਯੂ ਡਕੌਂਦਾ( ਬੁਰਜ ਗਿੱਲ )ਦੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ ਬੀ ਕੇ ਯੂ (ਧਨੇਰ)ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਬੀ ਕੇ ਯੂ ਮਾਨਸਾ ਸੂਬਾ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਪੂਹਲੀ, ਬੀ ਕੇ ਯੂ ਮਾਲਵਾ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਕੋਟਸ਼ਮੀਰ,ਜਮਹੂਰੀ ਕਿਸਾਨ ਸਭਾ ਦੇ ਜ਼ਿਲਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ ਅਤੇ ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਾਰਾ ਸਿੰਘ ਮਾਈਸਰ ਖਾਨਾ ਨੇ ਸੰਬੋਧਨ ਕੀਤਾ।
ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਜੋ ਪਿਛਲੇ ਦਿਨੀ ਪੰਜਾਬ ਵਿੱਚ ਹੜ ਆਏ ਹਨ, ਉਹ ਕੁਦਰਤੀ ਕਰੋਪੀ ਨਹੀਂ ਸਗੋਂ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਅਣਗਿਹਲੀ ਦੇ ਕਾਰਨ ਡੈਮਾਂ ਨੂੰ ਸਮੇਂ ਤੋਂ ਪਹਿਲਾਂ ਭਰਿਆ ਗਿਆ ਅਤੇ ਉਸ ਤੋਂ ਬਾਅਦ ਵਰਖਾ ਆਉਣ ਤੇ ਸਾਰੇ ਡੈਮਾਂ ਤੋਂ ਜਿਆਦਾ ਪਾਣੀ ਛੱਡ ਕੇ ਲਗਭਗ 5 ਲੱਖ ਏਕੜ ਰਕਬੇ ਨੂੰ ਖੇਤੀ ਅਤੇ ਘਰਾਂ ਸਮੇਤ ਬਰਬਾਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬਰਬਾਦੀ ਤੋਂ ਬਾਅਦ ਲੋਕਾਂ ਦੀ ਬਾਂਹ ਫੜ੍ਹਨ ਦੀ ਬਜਾਏ ਪੰਜਾਬ ਅਤੇ ਕੇਂਦਰ ਸਰਕਾਰ ਰਾਜਨੀਤੀ ਕਰ ਰਹੀਆਂ ਹਨ ਅਤੇ ਇੱਕ ਦੂਜੇ ਉੱਪਰ ਦੋਸ਼ ਲੈ ਰਹੀਆਂ ਹਨ। ਦੂਜੇ ਪਾਸੇ ਝੋਨੇ ਦੀ ਫਸਲ ਮੰਡੀਆਂ ਵਿੱਚ ਆਉਣ ਦੇ ਬਾਵਜੂਦ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ ਜਿਸ ਕਰਕੇ ਕਿਸਾਨੀ ਨੂੰ ਪ੍ਰਾਈਵੇਟ ਵਪਾਰੀਆਂ ਵੱਲੋਂ ਲੁੱਟਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਹੜ੍ਹਾਂ ਵਿੱਚ ਬਰਬਾਦ ਹੋਏ ਲੋਕਾਂ ਅਤੇ ਮੰਡੀਆਂ ਵਿੱਚ ਫਸਲ ਲੈ ਕੇ ਆ ਰਹੇ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਪਰਾਲੀ ਦੇ ਨਾਂ ਤੇ ਕਿਸਾਨਾਂ ਉੱਪਰ ਪਰਚੇ ਦਰਜ ਕਰ ਰਹੇ ਹਨ ,ਜਿਸ ਨੂੰ ਕਿਸਾਨ ਮੋਰਚਾ ਕਦੇ ਵੀ ਸਹਿਣ ਨਹੀਂ ਕਰੇਗਾ।ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਹੜਾਂ ਦੌਰਾਨ ਪ੍ਰਬੰਧਕੀ ਕੁਤਾਹੀਆਂ ਕਰਨ ਵਾਲੇ ਮੁਲਾਜ਼ਮਾਂ ਅਤੇ ਸਰਕਾਰ ਦੇ ਅਧਿਕਾਰੀਆਂ ਵਿਰੁੱਧ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਦੀ ਅਗਵਾਈ ਵਿੱਚ ਕਮਿਸ਼ਨ ਬਣਾ ਕੇ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾਣ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਾਰ-ਵਾਰ ਆ ਰਹੇ ਹੜ੍ਹਾਂ ਤੋਂ ਨਿਜਾਤ ਪਾਉਣ ਲਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਪ੍ਰਬੰਧ ਪੰਜਾਬ ਸਰਕਾਰ ਹਵਾਲੇ ਕੀਤਾ ਜਾਵੇ। ਡੈਮਾਂ ਅਤੇ ਦਰਿਆਵਾਂ ਨੂੰ ਚੈਨੇਲਾਈਜ਼ ਕੀਤਾ ਜਾਵੇ। ਕੇਂਦਰ ਸਰਕਾਰ ਪੰਜਾਬ ਅੰਦਰ ਆਏ ਹੜਾਂ ਨੂੰ ਕੌਮੀ ਆਫਤ ਐਲਾਨ ਕਰੇ ਅਤੇ ਘੱਟੋ ਘੱਟ 25 ਹਜਾਰ ਕਰੋੜ ਦਾ ਪੈਕਜ ਪੰਜਾਬ ਨੂੰ ਜਾਰੀ ਕੀਤਾ ਜਾਵੇ। ਪੰਜਾਬ ਅੰਦਰ ਨਹਿਰਾਂ ਅਤੇ ਸੂਇਆਂ ਦੀ ਸਫਾਈ ਕੀਤੀ ਜਾਵੇ ਅਤੇ ਜਿਨਾਂ ਖੇਤਰਾਂ ਵਿੱਚ ਨਹਿਰੀ ਸਿਸਟਮ ਬੰਦ ਹੋ ਗਿਆ ਉੱਥੇ ਮੁੜ ਸ਼ੁਰੂ ਕੀਤਾ ਜਾਵੇ। ਦਰਿਆਵਾਂ ਦੇ ਉੱਪਰ ਬਣੇ ਹੋਏ ਬੰਨਾਂ ਨੂੰ ਮਜਬੂਤ ਕੀਤਾ ਜਾਵੇ ਅਤੇ ਦਰਿਆਵਾਂ ਨਾਲ ਲੱਗਦੀਆਂ ਕੱਚੀਆਂ ਜਮੀਨਾਂ ਜਿਨਾਂ ਦੀਆਂ ਗਰਦੌਰੀਆਂ ਕਿਸਾਨਾਂ ਦੇ ਨਾਮ ਤੋਂ ਤੋੜੀਆਂ ਗਈਆਂ ਹਨ ਉਹਨਾਂ ਨੂੰ ਵੀ ਮੁਆਵਜਾ ਦਿੱਤਾ ਜਾਵੇ।
ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਲਈ 70 ਹਜਾਰ ਰੁਪਏ ਪ੍ਰਤੀ ਏਕੜ ਦਾ ਮੁਆਵਜਾ ਦਿੱਤਾ ਜਾਵੇ ਅਤੇ ਪੰਜ ਏਕੜ ਦੀ ਸ਼ਰਤ ਹਟਾਈ ਜਾਵੇ।ਪੰਜਾਬ ਦੇ ਬਾਕੀ ਜਿਲਿਆਂ ਵਿੱਚ ਮੀਂਹ ਕਾਰਨ ਝੋਨੇ ਅਤੇ ਨਰਮੇ ਦਾ ਝਾੜ ਬਹੁਤ ਘੱਟ ਗਿਆ ਹੈ, ਉਸ ਘਾਟੇ ਦੀ ਵੀ ਪੂਰਤੀ ਕੀਤੀ ਜਾਵੇ। ਹੜਾਂ ਵਿੱਚ ਮਾਰੇ ਗਏ ਮਿਰਤਕਾਂ ਦੇ ਪਰਿਵਾਰ ਨੂੰ 25 ਲੱਖ ਦਾ ਮੁਆਜਵਾ ਅਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਮਕਾਨਾਂ ਦਾ 10 ਲੱਖ ਰੁਪੈ ਪ੍ਰਤੀ ਮਕਾਨ, ਮੱਝ ਅਤੇ ਗਊ ਦਾ ਇਕ ਲੱਖ ਰੁਪਏ ਪ੍ਰਤੀ ਪਸ਼ੂ ਅਤੇ ਭੇਡ-ਬੱਕਰੀ ਦਾ 20 ਹਜਾਰ ਰੁਪਏ ਪ੍ਰਤੀ ਪਸ਼ੂ, ਮੁਆਵਜਾ ਦਿੱਤਾ ਜਾਵੇ, ਮਜ਼ਦੂਰ ਪਰਿਵਾਰਾਂ ਨੂੰ ਇਕ ਲੱਖ ਰੁਪਏ ਪ੍ਰਤੀ ਪਰਿਵਾਰ ਯਕ ਮੁਕਤ ਸਹਾਇਤਾ ਦਿੱਤੀ ਜਾਵੇ। ਡੀਏਪੀ ਖਾਦ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਡੀਏਪੀ ਤੇ ਯੂਰੀਆ ਨਾਲ ਦਿੱਤੀਆਂ ਜਾ ਰਹੀਆਂ ਬੇਲੋੜੀਆਂ ਖਾਦਾ ਤੇ ਦਵਾਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕਿਸਾਨ ਜਥੇਬੰਦੀਆਂ ਵੱਲੋਂ ਮੁਆਵਜੇ ਲਈ ਰੋਸ ਧਰਨਾ ਈਆਂ ਕਿਸਾਨਾਂ ਸਿਰ ਜਬਰਦਸਤੀ ਨਾ ਮੜੀਆਂ ਜਾਣ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਜਾਂ 7000 ਰੂਪੈ ਪ੍ਰਤੀ ਏਕੜ ਦਿੱਤਾ ਜਾਵੇ।
ਆਗੂਆਂ ਨੇ ਕਿਹਾ ਕਿ ਇਸ ਸਹਾਇਤਾ ਦੀ ਅਣਹੋਂਦ ਕਾਰਨ ਮਜਬੂਰੀ ਵੱਸ ਪਰਾਲੀ ਨੂੰ ਅੱਗ ਲਾ ਰਹੇ ਕਿਸਾਨਾਂ ਉੱਪਰ ਜਬਰੀ ਕਾਰਵਾਈਆਂ ਕਰਕੇ ਪਰਚੇ ਕੀਤੇ ਜਾਣੇ ਬੰਦ ਕੀਤੇ ਜਾਣ, ਹਲਦੀ ਰੋਗ ਅਤੇ ਹੋਰ ਬਿਮਾਰੀਆਂ ਕਾਰਨ ਪੰਜਾਬ ਅੰਦਰ ਖਰਾਬ ਹੋਈਆਂ ਫਸਲਾਂ ਫਸਲਾਂ ਲਈ 30 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਜਵਾ ਵੀ ਦਿੱਤਾ ਜਾਵੇ। ਹੜ੍ਹ ਪੀੜਤ ਕਿਸਾਨਾਂ ਦੇ ਕਰਜੇ ਦੀਆਂ ਕਿਸ਼ਤਾਂ ਇਕ ਸਾਲ ਅੱਗੇ ਪਾਈਆਂ ਜਾਣ ਅਤੇ ਇੱਕ ਸਾਲ ਦਾ ਵਿਆਜ ਖਤਮ ਕੀਤਾ ਜਾਵੇ । ਜਿੰਨ੍ਹਾਂ ਜਮੀਨਾਂ ਵਿੱਚ ਹੜ ਕਾਰਨ ਰੇਤ ਭਰ ਗਈ ਹੈ ਜਾਂ ਡੂੰਘੇ ਟੋਏ ਪੈ ਗਏ ਹਨ ਉਸ ਨੂੰ ਸਾਫ ਕਰਨ ਲਈ ਕਿਸਾਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਅਤੇ ਫਸਲ ਬੀਜਣ ਲਈ ਬੀਜ ਅਤੇ ਖਾਦ ਮੁਹਈਆ ਕੀਤੀ ਜਾਵੇ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਬੀ ਕੇ ਯੂ ਉਗਰਾਹਾਂ ਦੀ ਸੂਬਾ ਆਗੂ ਹਰਿੰਦਰ ਕੌਰ ਬਿੰਦੂ, ਹਰਵਿੰਦਰ ਸਿੰਘ ਕੋਟਲੀ,ਜਸਵੀਰ ਸਿੰਘ ਆਕਲੀਆ, ਰਾਜ ਮਹਿੰਦਰ ਸਿੰਘ ਕੋਟਭਾਰਾ,ਜਗਸੀਰ ਸਿੰਘ ਝੁੰਬਾ, ਕੁਲਦੀਪ ਸਿੰਘ ਕੋਟਸ਼ਮੀਰ ,ਬਲਵਿੰਦਰ ਸਿੰਘ ਗੰਗਾ, ਜਗਜੀਤ ਸਿੰਘ ਘੁੰਮਣ, ਬਖਸ਼ੀਸ਼ ਸਿੰਘ ਖਾਲਸਾ, ਮਜ਼ਦੂਰ ਆਗੂ ਮੱਖਣ ਸਿੰਘ ਗੁਰੂਸਰ, ਪ੍ਰਕਾਸ਼ ਸਿੰਘ ,ਅਮਰਜੀਤ ਸਿੰਘ ਹਨੀ, ਬਲਵਿੰਦਰ ਸਿੰਘ ਸੰਦੋਹਾ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ । ਕਿਸਾਨ ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਇਹਨਾਂ ਮੰਗਾਂ ਵੱਲ ਧਿਆਨ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।