ਹਿਮਾਚਲ ਬ੍ਰੇਕਿੰਗ: ਬਿਲਾਸਪੁਰ ‘ਚ ਬੱਸ ਹਾਦਸੇ ‘ਚ 15 ਦੀ ਮੌਤ – ਪਹਾੜ ਦਾ ਮਲਬਾ ਬੱਸ ‘ਤੇ ਡਿੱਗਿਆ, ਕਈ ਅਜੇ ਵੀ ਫਸੇ ਹੋਏ
ਸ਼ਸ਼ੀ ਸ਼ਰਮਾ ਪੁਰੋਹਿਤ
ਬਿਲਾਸਪੁਰ / ਕੁੱਲੂ , 7 ਅਕਤੂਬਰ 2025:
ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ‘ਚ ਇਕ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਦੋਂ ਮਰੋਤਨ ਤੋਂ ਘੁਮਾਰਵੀ ਜਾ ਰਹੀ ਇਕ ਸੰਤੋਸ਼ੀ ਪ੍ਰਾਈਵੇਟ ਬੱਸ ‘ਤੇ ਪਹਾੜ ਤੋਂ Landsliding ਦਾ ਮਲਬਾ ਡਿੱਗ ਗਿਆ। ਇਹ ਘਟਨਾ ਭੱਲੂ ਪੁਲ ਨੇੜੇ ਬਰਠੀਂ ਖੇਤਰ ਵਿੱਚ ਸੁੱਖਰ ਖੱਡ ਦੇ ਕਿਨਾਰੇ ਵਾਪਰੀ।
ਮਲਬਾ ਡਿੱਗਣ ਨਾਲ ਬੱਸ ਦੀ ਛੱਤ ਉੱਡ ਗਈ ਤੇ ਪੂਰੀ ਬੱਸ ਮਲਬੇ ਹੇਠ ਦੱਬ ਗਈ। ਰਾਹਤ ਕਾਰਜ ਜਾਰੀ ਹਨ, ਪਰ ਖ਼ਬਰ ਲਿਖੇ ਜਾਣ ਤੱਕ 15 ਲਾਸ਼ਾਂ ਬੱਸ ਵਿਚੋਂ ਬਾਹਰ ਕੱਢੀਆਂ ਜਾ ਚੁੱਕਿਆ ਸਨ .
ਦੋ ਛੋਟੀਆਂ ਕੁੜੀਆਂ ਅਤੇ ਇੱਕ ਮੁੰਡਾ ਜ਼ਿੰਦੇ ਬਚਾਏ ਗਏ ਹਨ, ਹਾਲਾਂਕਿ ਇੱਕ ਕੁੜੀ ਦੀ ਮਾਂ ਇਸ ਹਾਦਸੇ ਵਿੱਚ ਮਾਰੀ ਗਈ ਹੈ। ਜ਼ਖ਼ਮੀਆਂ ਦਾ ਇਲਾਜ ਬਰਠੀਂ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।
ਪਤਾ ਲੱਗਾ ਹੈ ਕਿ ਬੱਸ ਵਿੱਚ ਲਗਭਗ 35 ਸਵਾਰੀਆਂ ਸਨ। ਹਾਦਸਾ ਸ਼ਾਮ ਕਰੀਬ ਸਾਢੇ ਛੇ ਵਜੇ ਵਾਪਰਿਆ। ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਵੀ ਮੌਤ ਹੋ ਗਈ ਹੈ, ਜਦੋਂਕਿ ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ।
ਮੁੱਖ ਮੰਤਰੀ ਦਾ ਦੁੱਖ ਪ੍ਰਗਟ, ਰਾਹਤ ਕੰਮ ਤੇਜ਼ ਕਰਨ ਦੇ ਹੁਕਮ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਹਾਦਸੇ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਜਤਾਈ ਤੇ ਆਤਮਾਵਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਪੂਰੀ ਮਜ਼ਬੂਤੀ ਨਾਲ ਖੜੀ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।
ਮੁੱਖ ਮੰਤਰੀ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਵਿੱਚ ਹਨ ਤੇ ਉਨ੍ਹਾਂ ਨੇ ਰਾਹਤ ਤੇ ਬਚਾਅ ਕਾਰਜਾਂ ਨੂੰ ਹੋਰ ਤੇਜ਼ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਵੇ ਤੇ ਉਨ੍ਹਾਂ ਦੇ ਇਲਾਜ ਦੀ ਪੂਰੀ ਵਿਵਸਥਾ ਕੀਤੀ ਜਾਵੇ।
ਸੁੱਖੂ ਸ਼ਿਮਲਾ ਤੋਂ ਪੂਰੇ ਹਾਲਾਤਾਂ ਦੀ ਨਿਗਰਾਨੀ ਕਰ ਰਹੇ ਹਨ।