ਹਾਕਮ ਧਿਰ ਨੂੰ ਸਿਆਸੀ ਤਾਰੀਆਂ ਲਵਾਉਣ ਲਈ ਤਰਨ ਤਾਰਨ ’ਚ ਮਹਾਂ ਰੈਲੀ ਕਰਨ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ,8 ਅਕਤੂਬਰ 2025:ਪੰਜਾਬ ਦੇ ਕੰਪਿਊਟਰ ਅਧਿਆਪਕਾਂ ਨੇ 2022 ਦੀ ਦਿਵਾਲੀ ਮੌਕੇ ਕੀਤੇ ਵਾਅਦੇ ਯਾਦ ਕਰਾਉਣ ਲਈ 19 ਅਕਤੂਬਰ ਨੂੰ ਜਿਮਨੀ ਚੋਣ ਦੇ ਮੱਦੇਨਜ਼ਰ ਤਰਨਤਾਰਨ ਵਿਖੇ ਵਾਅਦਾ ਨਿਭਾਓ ਮਹਾਂ ਰੈਲੀ ਕਰਨ ਦਾ ਐਲਾਨ ਕੀਤਾ ਹੈ। ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਬਠਿੰਡਾ ਦੇ ਆਗੂ ਜੋਨੀ ਸਿੰਗਲਾ, ਗੁਰਬਖਸ਼ ਲਾਲ, ਕਮਲਜੀਤ ਸਿੰਘ, ਹਰਜੀਵਨ ਸਿੰਘ, ਨਵਪ੍ਰੀਤ ਸਿੰਘ, ਸ਼ੈਫੀ ਗੋਇਲ, ਅੰਸ਼ੂਮਨ ਕਾਂਸਲ, ਸੁਮਨਜੀਤ ਸਿੰਘ, ਉਮੇਸ਼ ਕੁਮਾਰ ਆਦਿ ਆਗੂਆਂ ਨੇ ਕਿਹਾ ਆਪ ਸਰਕਾਰ ਦੇ ਸੱਤਾ ਵਿੱਚ ਆਉਂਦਿਆਂ ਹੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ 2022 ਦੀ ਦੀਵਾਲੀ ਮੌਕੇ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਨਾਲ 6ਵਾਂ ਪੇਅ ਕਮਿਸ਼ਨ ਅਤੇ ਹੋਰ ਨਿਯਮ ਰੂਲਜ ਲਾਗੂ ਕਰਨ ਦਾ ਕੀਤਾ ਗਿਆ ਵਾਅਦਾ ਸਾਲ 2025 ਦੀ ਦਿਵਾਲੀ ਤੱਕ ਵੀ ਅਧੂਰਾ ਹੈ ਜਿਸ ਕਰਕੇ ਇਹ ਫੈਸਲਾ ਲਿਆ ਹੈ।
ਉਨ੍ਹਾਂ ਦੱਸਿਆ ਕਿ ਕੰਪਿਊਟਰ ਅਧਿਆਪਕ 2025 ਦੀ ਦਿਵਾਲੀ ਕਾਲੀਆਂ ਝੰਡੀਆਂ ਨਾਲ ਰੋਸ਼ ਪ੍ਰਦਰਸ਼ਨ ਕਰਦੇ ਹੋਏ ਮਨਾਉਣਗੇ ਅਤੇ ਕੀਤੇ ਵਾਅਦੇ ਨੂੰ ਪੂਰਾ ਕਰਵਾਉਣ ਲਈ ਸੜਕਾਂ ਤੇ ਉਤਰਨਗੇ । ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਖ ਵੱਖ ਮੀਡੀਆ ਪਲੇਟਫਾਰਮਾਂ ਰਾਹੀ ਕਰ ਰਹੇ ਹਨ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਲਈ ਕੇਸ ਲੜੇ ਜਦੋਂਕਿ ਹਕੀਕਤ ਇਸ ਦੇ ਉਲਟ ਹੈ। ਉਨ੍ਹਾਂ ਕਿਹਾ ਕਿ 25 ਫਰਵਰੀ 2025 ਨੂੰ ਕੰਪਿਊਟਰ ਅਧਿਆਪਕਾਂ ਦੇ ਹੱਕ ਵਿੱਚ ਆਏ ਹਾਈ ਕੋਰਟ ਦੇ ਡਬਲ ਬੈਂਚ ਦੇ ਫੈਸਲੇ ਨੂੰ ਲਾਗੂ ਕਰਨ ਦੀ ਬਜਾਏ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵੱਲ ਰੁਖ਼ ਕਰ ਲਿਆ ਹੈ। ਉਹਨਾਂ ਦੱਸਿਆ ਕਿ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਅਣਗਿਣਤ ਮੀਟਿੰਗਾਂ ਹੋ ਚੁੱਕੀਆਂ ਹਨ ਜਿਸ ਦਾ ਹੁਣ ਤੱਕ ਕੋਈ ਵੀ ਸਿੱਟਾ ਨਹੀਂ ਨਿਕਲਿਆ ਹੈ।
ਉਨ੍ਹਾਂ ਦੱਸਿਆ ਕਿ ਜੇਕਰ 14 ਅਕਤੂਬਰ 2025 ਨੂੰ ਕੰਪਿਊਟਰ ਅਧਿਆਪਕਾਂ ਦੀ ਵਿੱਤ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਸਬ ਕਮੇਟੀ ਦੇ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਦੌਰਾਨ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਐਲਾਨ ਨਹੀਂ ਕੀਤਾ ਜਾਂਦਾ ਤਾਂ 19 ਤਰੀਕ ਅਕਤੂਬਰ ਨੂੰ ਤਰਨ ਤਾਰਨ ਵਿਖੇ ਪਰਿਵਾਰਾਂ ਸਮੇਤ ਇੱਕ ਵੱਡੇ ਇਕੱਠ ਦੇ ਨਾਲ ਸਰਕਾਰ ਦੀ ਵਾਅਦਾ ਖਿਲਾਫੀ ਦਾ ਲੋਕਾਂ ਦੀ ਕਚਹਿਰੀ ਵਿੱਚ ਵਿਰੋਧ ਕੀਤਾ ਜਾਵੇਗਾ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤਰਨ ਤਾਰਨ ਜਿਮਨੀ ਚੋਣ ਤੋਂ ਪਹਿਲਾਂ ੳਹੁਨਾਂ ਤੇ ਛੇਵਾਂ ਪੇਅ ਕਮਿਸ਼ਨ ਅਤੇ ਪੰਜਾਬ ਸਿਵਲ ਸਰਵਿਸਜ ਨਿਯਮ ਪੂਰੀ ਤਰਾਂ ਲਾਗੂ ਨਹੀਂ ਕੀਤੇ ਗਏ ਅਤੇ ਬਾਕੀ ਮੰਗਾਂ ਨਾਂ ਮੰਨੀਆਂ ਤਾਂ ਕੰਪਿਊਟਰ ਅਧਿਆਪਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਰਿਹਾਇਸ਼ ਦੇ ਬਾਹਰ 26 ਅਕਤੂਬਰ ਤੋਂ ਪੱਕੇ ਧਰਨੇ ਤੇ ਬੈਠਣ ਲਈ ਮਜ਼ਬੂਰ ਹੋਣਗੇ ਅਤੇ ਸਰਕਾਰ ਖਿਲਾਫ ਭੰਡੀ ਪ੍ਰਚਾਰ ਕੀਤਾ ਜਾਏਗਾ।