ਰੋਸ਼ਨ ਪੰਜਾਬ ਪ੍ਰੋਗਰਾਮ ਤਹਿਤ ਗੁਰਦਾਸਪੁਰ 'ਚ ਬਿਜਲੀ ਸੁਧਾਰਾਂ ਦਾ ਨਵਾਂ ਪੜਾਅ ਸ਼ੁਰੂ : ਰਮਨ ਬਹਿਲ
ਰੋਹਿਤ ਗੁਪਤਾ
ਗੁਰਦਾਸਪੁਰ, 8 ਅਕਤੂਬਰ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਅੱਜ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ “ਰੋਸ਼ਨ ਪੰਜਾਬ ਪ੍ਰੋਗਰਾਮ” ਤਹਿਤ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਪੰਜ ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਹੈ।
ਸ੍ਰੀ ਰਮਨ ਬਹਿਲ ਨੇ ਕਿਹਾ ਕਿ ਇਹ ਪ੍ਰੋਗਰਾਮ ਪੰਜਾਬ ਸਰਕਾਰ ਦੇ “ਰੋਸ਼ਨ ਪੰਜਾਬ” ਸੁਪਨੇ ਨੂੰ ਸਾਕਾਰ ਕਰਨ ਵੱਲ ਇਕ ਵੱਡਾ ਕਦਮ ਹੈ। ਉਨ੍ਹਾਂ ਦੱਸਿਆ ਕਿ ਆਪਣੇ ਜ਼ਿਲ੍ਹੇ ਗੁਰਦਾਸਪੁਰ ਵਿੱਚ 129 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਪ੍ਰਣਾਲੀ ਦੇ ਸੁਧਾਰ ਕੰਮ ਸ਼ੁਰੂ ਹੋ ਚੁੱਕੇ ਹਨ।
ਅੱਜ ਇਸ ਸਿਲਸਿਲੇ ਹੇਠ ਤਿੱਬੜੀ ਰੋਡ ਨਾਗਾ ਵਾਲੇ ਮੰਦਰ ਦੇ ਕੋਲ 100 KVA ਦੇ ਨਵੇਂ ਟਰਾਂਸਫਾਰਮਰ ਦਾ ਉਦਘਾਟਨ ਸ੍ਰੀ ਰਮਨ ਬਹਿਲ ਵੱਲੋਂ ਕੀਤਾ ਗਿਆ। ਇਸ ਟਰਾਂਸਫਾਰਮਰ ਨਾਲ ਲਗਭਗ 200 ਘਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲਣੀ ਸ਼ੁਰੂ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਗੁਰਦਾਸਪੁਰ ਸ਼ਹਿਰ ਵਿੱਚ ਜਿੱਥੇ ਵੀ ਬਿਜਲੀ ਦੀਆਂ ਲਾਈਨਾਂ ਮਾੜੀਆਂ, ਖਰਾਬ ਜਾਂ ਥੱਲੀਆਂ ਡਿਗੀਆਂ ਹੋਈਆਂ ਹਨ, ਉਨ੍ਹਾਂ ਸਭ ਨੂੰ ਠੀਕ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਦੇ ਹਰ ਕੋਨੇ ਤਕ ਸਥਿਰ ਤੇ ਲਗਾਤਾਰ ਬਿਜਲੀ ਪਹੁੰਚ ਸਕੇ। ਸ੍ਰੀ ਬਹਿਲ ਨੇ ਇਸ ਮਹੱਤਵਪੂਰਨ ਉਪਰਾਲੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਹਾਜ਼ਰ ਐਸ.ਡੀ.ਓ. ਗੁਰਮੀਤ ਸਿੰਘ, ਮੋਹਨ ਲਾਲ, ਬਲੋਕ ਪ੍ਰਧਾਨ ਹਿਤੇਸ਼ ਮਹਾਜਨ, ਬਲੋਕ ਪ੍ਰਧਾਨ ਰੁਪੇਸ਼ ਕੁਮਾਰ ਬਿੱਟੂ, ਚੇਅਰਮੈਨ ਕਾਰ ਬਾਜ਼ਾਰ ਸ਼ਰਨਜੀਤ ਸਿੰਘ, ਹਲਕਾ ਕੋਆਰਡੀਨੇਟਰ (ਸੋਸ਼ਲ ਮੀਡੀਆ) ਮਨਜਿੰਦਰ ਸਿੰਘ ਬਰਨਾਲਾ,ਸਰਤਾਜ ਸਿੰਘ, ਹਲਕਾ ਵਾਇਸ ਕੋਆਰਡੀਨੇਟਰ (ਸੋਸ਼ਲ ਮੀਡੀਆ) ਬਲਜਿੰਦਰ ਸਿੰਘ ਗਿੱਲ,ਪਰਮਜੀਤ ਸਿੰਘ ਰਿੰਕੂ, ਸਰਪੰਚ ਪਿੰਡ ਅਲੀਸ਼ੇਰ,ਸਮਾਗਮ ਵਿੱਚ ਸਥਾਨਕ ਨਾਗਰਿਕਾਂ ਨੇ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਰਮਨ ਬਹਿਲ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਗੁਰਦਾਸਪੁਰ ਦੇ ਵਿਕਾਸ ਲਈ ਲਗਾਤਾਰ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਹੈ।