Babushahi Special ਸੰਗੀਤ ਜਗਤ ’ਚ ਲੇਡੀ ਸਿੱਧੂ ਮੂਸੇਵਾਲਾ ਵਜੋਂ ਪੱਥਰਾਂ ਦਾ ਸੀਨਾ ਪਾੜ ਉੱਗੀ ‘ਦੈਟ ਗਰਲ’ ਗਾਇਕਾ ਪਰਮ
ਅਸ਼ੋਕ ਵਰਮਾ
ਬਠਿੰਡਾ,7ਅਕਤੂਬਰ2025 : ਮੋਗਾ ਜਿਲ੍ਹੇ ਦੇ ਪਿੰਡ ਦੁੱਨਕੇ ਦੀ ਪਰਮਜੀਤ ਕੌਰ ਉਰਫ ਪਰਮ ਨੇ ਆਪਣੀ ਅਵਾਜ਼ ਦੇ ਦਮ ਤੇ ਸੰਗੀਤ ਦੀ ਦੁਨੀਆਂ ’ਚ ਅਜਿਹਾ ਤਹਿਲਕਾ ਮਚਾਇਆ ਹੈ ਕਿ ਸੋਸ਼ਲ ਮੀਡੀਆ ਤੇ ਹੁਣ ਉਸ ਦੀ ਚਰਚਾ ‘ਲੇਡੀ ਸਿੱਧੂ ਮੂਸੇਵਾਲਾ’ ਵਜੋਂ ਹੋਣ ਲੱਗੀ ਹੈ। ਇਨ੍ਹੀਂ ਦਿਨੀ ਪਰਮ ਆਪਣੇ ਗੀਤ ਦੀ ਲਾਈਨ ‘ਨੀਂ ਮੈਂ ਅੱਡੀ ਪਤਾਸੇ ਭੋਰਦੀ’ ਨਾਲ ਟਰੈਂਡਿੰਗ ਵਿੱਚ ਚੱਲ ਰਹੀ ਹੈ ਅਤੇ ਉਸ ਦੇ ਪ੍ਰਸ਼ੰਸਕਾਂ ਵੱਲੋਂ ਪਿਆਰ ਨਾਲ ‘ਪਰਮ’ ਵਜੋਂ ਹੈਸ਼ਟੈਗ ਕੀਤਾ ਜਾ ਰਿਹਾ ਹੈ। ਪਿੰਡ ਦੇ ਗਰੀਬ ਪ੍ਰੀਵਾਰ ’ਚ ਜਨਮ ਲੈਣ ਵਾਲੀ ਦਿਹਾੜੀਦਾਰ ਮਜ਼ਦੂਰ ਦੀ ਧੀਅ ਪਰਮਜੀਤ ਦੀ ਕਹਾਣੀ ਸਿਰਫ ਇੱਕ ਗੀਤ ਦੀ ਸਫਲਤਾ ਦੀ ਨਹੀਂ ਬਲਕਿ ਉਸ ਦੇ ਜਨੂੰਨ ਦਾ ਪ੍ਰਗਟਾਵਾ ਵੀ ਹੈ। ਘਰ ਦੇ ਨਾਮ ਹੇਠ ਪ੍ਰੀਵਾਰ ਕੋਲ ਸਿਰਫ ਦੋ ਕਮਰੇ ਸਨ ਅਤੇ ਕਬੀਲਦਾਰੀ ਚਲਾਉਣ ਲਈ ਪਰਮ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਘਰੇਲੂ ਨੌਕਰਾਣੀ ਵਜੋਂ ਕੰਮ ਕਰਦੀ ਸੀ।
ਦੱਸਦੇ ਹਨ ਕਿ ਬਚਪਨ ਵਿੱਚ ਗਲੀਆਂ ਵਿੱਚ ਘੁੰਮਦਿਆਂ ਪਰਮ ਕਿਸੇ ਨਾਂ ਕਿਸੇ ਗੀਤ ਨੂੰ ਗੁਣਗੁਣਾਉਂਦੀ ਰਹਿੰਦੀ ਸੀ। ਉਦੋਂ ਖੁਦ ਪਰਮ ਨੇ ਅਤੇ ਨਾਂ ਹੀ ਲੋਕਾਂ ਨੇ ਸੋਚਿਆ ਸੀ ਕਿ ਇਹ ਕੁੜੀ ਇੱਕ ਦਿਨ ਗੀਤ ਸੰਗੀਤ ਦੀ ਦੁਨੀਆਂ ਵਿੱਚ ਧਮਾਕਾ ਕਰਨ ਜਾ ਰਹੀ ਹੈ। ਦਰਅਸਲ ਪਰਮ ਦਾ ਚਾਚਾ ਜਗਰਾਤਿਆਂ ਵਿੱਚ ਭਜਨ ਵਗੈਰਾ ਗਾਉਂਦਾ ਸੀ ਜਿੱਥੋਂ ਉਸ ਨੂੰ ਗਾਉਣ ਦੀ ਅਜਿਹੀ ਚੇਟਕ ਲੱਗੀ ਜੋ ਦਸਵੀਂ ਤੱਕ ਪੁੱਜਦਿਆਂ ਜਨੂੰਨ ਵਿੱਚ ਤਬਦੀਲ ਹੋ ਗਈ। ਪਿੰਡ ਦੀਆਂ ਕੁੱਝ ਔਰਤਾਂ ਨੇ ਦੱਸਿਆ ਕਿ ਜਦੋਂ ਪਰਮ ਗਲ੍ਹੀਆਂ ਵਿੱਚ ਗਾਉਂਦੀ ਸੀ ਤਾਂ ਇਸ ਮੌਕੇ ਐਨਾ ਇਕੱਠ ਹੋ ਜਾਂਦਾ ਜਿਸ ਤੋਂ ਪਤਾ ਲੱਗਦਾ ਸੀ ਕਿ ਉਸ ਦੀ ਅਵਾਜ਼ ਕਿੰਨੀਂ ਦਮਦਾਰ ਹੈ। ਸਕੂਲੀ ਸਿੱਖਿਆ ਤੋਂ ਬਾਅਦ ਪਰਮ ਮੋਗਾ ਦੇ ਇੱਕ ਨਾਮੀ ਕਾਲਜ ਵਿੱਚ ਦਾਖਲ ਹੋ ਗਈ ਜਿੱਥੇ ਪੜ੍ਹਾਈ ਦੇ ਨਾਲ ਉਸ ਨੇ ਸੰਗੀਤ ਨੂੰ ਇੱਕ ਵਿਸ਼ੇ ਵਜੋਂ ਚੁਣ ਲਿਆ ।
.jpg)
ਕਾਲਜ ਵਿੱਚ ਉਸ ਨੇ ਸੰਗੀਤ ਨਾਲ ਜੁੜੇ ਵਿਦਿਆਰਥੀਆਂ ਦਾ ਗਰੁੱਪ ਬਣਾਇਆ ਅਤੇੇ ਆਪਣੀ ਅਵਾਜ਼ ਨੂੰ ਹੋਰ ਨਿਖਾਰਨ ਲਈ ਰਿਆਜ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਉਸ ਨੇ ਫੇਸਬੁੱਕ ਪੇਜ ਬਣਾ ਲਿਆ ਜਿਸ ’ਤੇ ਗੀਤ ਪੋਸਟ ਕਰਨੇ ਸ਼ੁਰੂ ਕਰ ਦਿੱਤੇ ਜੋ ਪਸੰਦ ਕੀਤੇ ਜਾਣ ਲੱਗੇ। ਇਸ ਨੇ ਪਰਮ ਦੇ ਵਿਸ਼ਵਾਸ਼ ਨੂੰ ਹੋਰ ਵੀ ਮਜਬੂਤੀ ਬਖਸ਼ੀ ਅਤੇ ਉਹ ਅੱਗੇ ਵਧਦੀ ਚਲੀ ਗਈ। ਇਸ ਸੰਗੀਤਕ ਸਫਰ ’ਚ ਉਦੋਂ ਅਹਿਮ ਮੋੜ ਆਇਆ ਜਦੋਂ ਇੰਗਲੈਂਡ ਦੇ ਮਣੀ ਸੰਧੂ ਨੇ ਪਰਮ ਦਾ ਹੁਨਰ ਪਛਾਣਦਿਆਂ ਗੀਤ ‘ਦੈਟ ਗਰਲ’ ਨੂੰ ਸ਼ੂਟ ਕਰਨ ਦੀ ਯੋਜਨਾ ਬਣਾਈ ਅਤੇ ਨਿਵੇਕਲੇ ਢੰਗ ਨਾਲ ਸ਼ੂਟਿੰਗ ਕੀਤੀ। ਯੂਟਿਊਬ ਤੇ ਇਸ ਗੀਤ ਨੂੰ 75 ਲੱਖ ਤੋਂ ਜਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਪਰਮ ਦੇ ਸਿੱਧੂ ਮੂਸੇਵਾਲਾ ਵਰਗੇ ਅੰਦਾਜ਼ , ਰੈਪ ਸਟਾਈਲ ਅਤੇ ਪੰਜਾਬੀ ਸੱਭਿਆਚਾਰ ਵਾਲੇ ਬੋਲਡ ਅੰਦਾਜ਼ ਨੂੰ ਸੰਗੀਤ ਪ੍ਰੇਮੀਆਂ ਨੇ ਪਲਕਾਂ ਤੇ ਬਿਠਾਇਆ ਹੈ।
ਸੰਗੀਤ ਪ੍ਰ੍ਰੇਮੀ ਆਖਦੇ ਹਨ ਕਿ ਉਨ੍ਹਾਂ ਨੇ ਤਾਂ ਕਦੀ ਸੋਚਿਆ ਨਹੀਂ ਸੀ ਕਿ ਇਹ ਗੀਤ ਸੁਪਰ ਡੁਪਰ ਹਿੱਟ ਹੋਵੇਗਾ। ਹੁਣ ਕੋਈ ਉਸ ਨੂੰ ਲੇਡੀ ਸਿੱਧੂ ਮੂਸੇਵਾਲਾ ਦੱਸਦਾ ਹੈ ਅਤੇ ਕਿਧਰੇ ਉਹ ‘ਗਲੀ ਗਰਲ’ ਵਜੋਂ ਜਾਣੀ ਜਾਂਦੀ ਹੈ। ਦੁੱਨੇਕੇ ਦੇ ਇੱਕ ਨੌਜਵਾਨ ਨੇ ਦੱਸਿਆ ਕਿ ਉਸਦੇ ਗੀਤ ਦੀ ਲਾਈਨ ‘ਨੀਂ ਮੈਂ ਅੱਡੀ ਨਾਲ ਪਤਾਸੇ ਭੋਰਦੀ’ ਹਰ ਤਰਫ ਗੂੰਜ ਰਹੀ ਹੈ । ਬੱਚੇ ਪਰਮ ਦੇ ਰੈਪ ਸਟਾਈਲ ਦੀ ਨਕਲ ਕਰਦੇ ਹਨ ਜੋਕਿ ਉਸਦੀ ਸਫਲਤਾ ਵੱਲ ਇਸ਼ਾਰਾ ਹੈ। ਗੀਤ ‘ਦੈਟ ਗਰਲ’ ਦਾ ਗੀਤਕਾਰ ਉਸ ਦਾ ਸਹਿਪਾਠੀ ਜਸ਼ਨਪ੍ਰੀਤ ਉਰਫ ਸਾਹਿਬ ਹੈ । ਜਸ਼ਨਪ੍ਰੀਤ ਦਾ ਕਹਿਣਾ ਸੀ ਕਿ ਸਕੂਲ ਵਿੱਚ ਪਰਮ ਦੀ ਗਾਇਕੀ ਬਹੁਤੀ ਵਧੀਆ ਨਹੀਂ ਸੀ ਅਤੇ ਅਵਾਜ਼ ਵਿੱਚ ਖਿੱਚ੍ਹ ਵੀ ਨਹੀਂ ਸੀ । ਕਾਲਜ ਵਿੱਚ ਕੀਤੇ ਅਭਿਆਸ ਨੇ ਉਸ ਦੀ ਅਵਾਜ਼ ਨਿਖਾਰ ਦਿੱਤੀ ਹੈ ਜਿਸ ਕਰਕੇ ਹੁਣ ਉਹ ਮੁਕੰਮਲ ਗਾਇਕਾ ਬਣ ਗਈ ਹੈ।
ਲੇਡੀ ਸਿੱਧੂ ਮੂਸੇਵਾਲਾ ਬਣੀ ਪਰਮ
ਆਪਣੀ ਗਾਇਕੀ ਦੌਰਾਨ ਪਰਮ ਨੇ ਨਾਮਵਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਅੰਦਾਜ਼ ਨੂੰ ਅਪਣਾਇਆ ਹੈ। ਉਸ ਦੀ ਅਵਾਜ਼ ਵਿੱਚ ਵੀ ਸਿੱਧੂ ਮੂਸੇਵਾਲਾ ਵਾਂਗ ਪੰਜਾਬੀ ਸੱਭਿਆਚਾਰ ਦੀ ਖੁਸ਼ਬੂ ਅਤੇ ਬੋਲਡਨੈਸ ਹੈ। ਇਹੋ ਕਾਰਨ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੇ ਉਸ ਨੂੰ ‘ਲੇਡੀ ਸਿੱਧੂ’ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਹੈ। ਗਰੀਬੀ ਅਤੇ ਸੰਘਰਸ਼ ਦੀ ਪੁੱਠ ਤੋਂ ਪੈਦਾ ਹੋਏ ਉਸਦੇ ਗੀਤ ਪੰਜਾਬ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਮਕਬੂਲ ਹੋ ਰਹੇ ਹਨ। ਪਰਮ ਦੀ ਕਹਾਣੀ ਇਹ ਦੱਸਣ ਲਈ ਕਾਫੀ ਹੈ ਕਿ ਹਿੰਮਤ ਹੌਂਸਲੇ ਅਤੇ ਜਨੂੰਨ ਨਾਲ ਜਿੰਦਗੀ ਵਿੱਚ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ।
.jpg)
ਮਾਪਿਆਂ ਲਈ ਘਰ ਦਾ ਸੁਪਨਾ
ਇੱਕ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਪਰਮ ਨੇ ਕਿਹਾ, ‘ਮੇਰਾ ਸੁਪਨਾ ਮਾਪਿਆਂ ਲਈ ਇੱਕ ਵਧੀਆ ਘਰ ਬਣਾਉਣਾ ਹੈ ਜਿੱਥੇ ਹਰ ਤਰਾਂ ਦੀ ਸਹੂਲਤ ਅਤੇ ਅਰਾਮਦਾਇਕ ਹੋਵੇ। ਪਰਮ ਆਪਣੇ ਮਾਪਿਆਂ ਨੂੰ ਗਰੀਬੀ ਚੋਂ ਕੱਢਣਾ ਅਤੇ ਵਧੀਆ ਜੀਵਨ ਦੇਣਾ ਚਾਹੁੰਦੀ ਹੈ ਕਿ ਤਾਂ ਜੋ ਉਨ੍ਹਾਂ ਨੂੰ ਕੋਈ ਵੀ ਕੰਮ ਨਾ ਕਰਨਾ ਪਵੇ। ਉਹ ਦੱਸਦੀ ਹੈ ਕਿ ਉਸ ਦੀ ਮਾਂ ਨੇ ਘਰਾਂ ਵਿੱਚ ਨੌਕਰਾਣੀ ਵਜੋਂ ਰੋਜ਼ਾਨਾ ਘੰਟਿਆਂ ਬੱਧੀ ਕੰਮ ਕੀਤਾ ਅਤੇ ਪਿਤਾ ਨੇ ਮਜ਼ਦੂਰੀ ਕਰਕੇ ਹਰ ਪ੍ਰਕਾਰ ਦੀ ਤੰਗੀ ਤੁਰਸ਼ੀ ਸਹਿੰਦਿਆਂ ਕਬੀਲਦਾਰੀ ਚਲਾਈ ਹੈ। ਆਪਣੀ ਵੱਖਰੀ ਪਛਾਣ ਬਨਾਉਣ ਦੀ ਚਾਹਵਾਨ ਪਰਮ ਮਹਿਲਾ ਸਸ਼ਕਤੀਕਰਨ ਅਤੇ ਕੁੜੀਆਂ ਦੇ ਆਪਣੇ ਬਲਬੂਤੇ ਅੱਗੇ ਵਧਣ ਦੀ ਹਾਮੀ ਹੈ।