ਜ਼ਿਲ੍ਹਾ ਤਰਨ ਤਾਰਨ: ਮਾੜੀ ਕੰਬੋਕੇ ਪਿੰਡ ਵਿੱਚ ਮੀਂਹ ਕਾਰਨ ਬਜ਼ੁਰਗ ਜੋੜੇ ਦਾ ਕੱਚਾ ਘਰ ਢਹਿ ਢੇਰੀ, ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ
Baljit Singh
ਤਰਨ ਤਾਰਨ : ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਮਾੜੀ ਕੰਬੋਕੇ ਵਿੱਚ ਭਾਰੀ ਬਾਰਿਸ਼ ਕਾਰਨ ਇੱਕ ਬਜ਼ੁਰਗ ਪਰਿਵਾਰ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਹੈ। ਮੀਂਹ ਕਾਰਨ ਉਨ੍ਹਾਂ ਦੇ ਕੱਚੇ, ਕਾਨਿਆਂ ਦੀ ਛੱਤ ਵਾਲੇ ਕੋਠੇ ਢਹਿ ਗਏ ਹਨ, ਜਿਸ ਕਾਰਨ ਉਹ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹਨ।
ਪੀੜਤ ਬਜ਼ੁਰਗ ਜੋੜੇ, ਮੇਜਰ ਸਿੰਘ ਅਤੇ ਸਵਰਨ ਕੌਰ ਨੇ ਦੱਸਿਆ ਕਿ ਉਹ ਆਪਣੀ ਨੂੰਹ ਅਤੇ ਪੋਤਰੇ-ਪੋਤਰੀਆਂ ਨਾਲ ਕਈ ਸਾਲਾਂ ਤੋਂ ਇਸੇ ਘਰ ਵਿੱਚ ਗੁਜ਼ਾਰਾ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਤੇਜ਼ ਬਾਰਿਸ਼ ਕਾਰਨ ਉਨ੍ਹਾਂ ਦਾ ਘਰ ਪੂਰੀ ਤਰ੍ਹਾਂ ਨਾਲ ਢਹਿ ਗਿਆ ਹੈ।
ਸਰਕਾਰੀ ਮਦਦ ਦੀ ਆਸ, ਪਰ ਕੋਈ ਨਹੀਂ ਆਇਆ
ਸਵਰਨ ਕੌਰ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਅਤੇ ਪੰਚ ਕਈ ਵਾਰ ਉਨ੍ਹਾਂ ਦੇ ਦਸਤਾਵੇਜ਼ ਲੈ ਕੇ ਗਏ ਹਨ ਅਤੇ ਘਰ ਬਣਾਉਣ ਦਾ ਵਾਅਦਾ ਕਰਦੇ ਰਹੇ ਹਨ, ਪਰ ਇਹ ਵਾਅਦੇ ਸਿਰਫ ਵੋਟਾਂ ਤੱਕ ਹੀ ਸੀਮਤ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਘਰ ਢਹਿਣ ਤੋਂ ਬਾਅਦ ਉਨ੍ਹਾਂ ਦਾ ਸਾਰਾ ਸਾਮਾਨ, ਇੱਥੋਂ ਤੱਕ ਕਿ ਕੱਪੜੇ ਵੀ ਖਰਾਬ ਹੋ ਚੁੱਕੇ ਹਨ। ਉਹ ਰਾਤ ਨੂੰ ਖੁੱਲ੍ਹੇ ਅਸਮਾਨ ਹੇਠ ਤਰਪਾਲ ਲੈ ਕੇ ਸੌਣ ਲਈ ਮਜਬੂਰ ਹਨ। ਬਜ਼ੁਰਗ ਜੋੜੇ ਨੇ ਚਿੰਤਾ ਜ਼ਾਹਰ ਕੀਤੀ ਕਿ ਉਨ੍ਹਾਂ ਦਾ ਦੂਸਰਾ ਕਮਰਾ ਵੀ ਬੁਰੀ ਤਰ੍ਹਾਂ ਨਾਲ ਚੋ ਰਿਹਾ ਹੈ ਅਤੇ ਕਿਸੇ ਵੀ ਸਮੇਂ ਡਿੱਗ ਸਕਦਾ ਹੈ।
ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ
ਬਜ਼ੁਰਗ ਜੋੜੇ ਨੇ ਭਾਵੁਕ ਅਪੀਲ ਕਰਦਿਆਂ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਾਈ ਹੈ। ਉਨ੍ਹਾਂ ਕਿਹਾ, "ਸਰਕਾਰ ਨੇ ਤਾਂ ਸਾਡੀ ਬਾਂਹ ਨਹੀਂ ਫੜਨੀ, ਕਿਰਪਾ ਕਰਕੇ ਤੁਸੀਂ ਹੀ ਸਾਡੀ ਮਦਦ ਕਰੋ ਅਤੇ ਸਾਨੂੰ ਇੱਕ ਕੋਠਾ ਬਣਾ ਕੇ ਦਿਓ ਤਾਂ ਜੋ ਸਾਡੀ ਰਹਿੰਦੀ ਜ਼ਿੰਦਗੀ ਸੁਖੀ ਹੋ ਸਕੇ।"