ਪੰਜਾਬ ਵੀ ਭਾਰਤ ਦਾ ਹਿੱਸਾ..! ਫਿਰ ਮੋਦੀ ਸਾਬ੍ਹ ਵਿਤਕਰਾ ਕਿਉਂ? ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਤੇ ਚੁੱਕੇ ਸਵਾਲ
ਚੰਡੀਗੜ੍ਹ, 3 ਸਤੰਬਰ 2025- ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨੇ ਅੱਜ ਕਰੀਬ 20 ਦਿਨਾਂ ਬਾਅਦ ਪੰਜਾਬ ਦੀ ਸਾਰ ਲੈਣ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸੇ ਵਿਚਾਲੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਨਵੇਂ ਅਕਾਲੀ ਦਲ ਦੇ ਪ੍ਰਧਾਨ ਹਨ, ਉਨ੍ਹਾਂ ਦੇ ਵੱਲੋਂ ਮੋਦੀ ਸਰਕਾਰ ਦੀ ਪੰਜਾਬ ਪ੍ਰਤੀ ਵਰਤੇ ਜਾ ਰਹੇ ਵਤੀਰੇ ਦੀ ਨਿਖੇਧੀ ਕੀਤੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਪ੍ਰਧਾਨ ਮੰਤਰੀ ਜੀ, ਇਹ ਚੰਗਾ ਹੈ ਕਿ ਤੁਸੀਂ ਅਫਗਾਨਿਸਤਾਨ ਪ੍ਰਤੀ ਹਮਦਰਦੀ ਪ੍ਰਗਟ ਕੀਤੀ, ਪਰ ਪੰਜਾਬ ਵੀ ਇਸੇ ਦੇਸ਼ ਦਾ ਹਿੱਸਾ ਹੈ, ਜਿੱਥੇ 17 ਅਗਸਤ ਤੋਂ ਲਗਭਗ 1,500 ਪਿੰਡ ਅਤੇ ਲਗਭਗ 300,000 ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਸਾਨੂੰ ਅਫ਼ਸੋਸ ਹੈ ਕਿ ਪੰਜਾਬ ਪ੍ਰਤੀ ਤੁਹਾਡਾ ਕੋਈ ਟਵੀਟ ਸਾਹਮਣੇ ਨਹੀਂ ਆਇਆ।
ਉਥੇ ਹੀ ਦੂਜੇ ਪਾਸੇ ਆਪ ਸਰਕਾਰ ਦੇ ਨੁਮਾਇੰਦਿਆ ਦਾ ਕਹਿਣਾ ਹੈ ਕਿ ਹੜ੍ਹਾਂ ਨਾਲ ਤਬਾਹ ਹੋਏ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਲਈ ਕੇਂਦਰ ਸਰਕਾਰ ਵੱਲੋਂ ਪੂਰਾ ਸਹਿਯੋਗ ਨਹੀਂ ਮਿਲ ਰਿਹਾ। ਉਨ੍ਹਾਂ ਨੇ ਇਹ ਵੀ ਸਵਾਲ ਕੀਤਾ ਹੈ ਕਿ ਜਦੋਂ ਪੰਜਾਬ ਇਸੇ ਦੇਸ਼ ਦਾ ਇੱਕ ਅਹਿਮ ਹਿੱਸਾ ਹੈ, ਤਾਂ ਉਸਨੂੰ ਮੁਸੀਬਤ ਵੇਲੇ ਲੋੜੀਂਦੀ ਮਦਦ ਕਿਉਂ ਨਹੀਂ ਕੇਂਦਰ ਵੱਲੋਂ ਦਿੱਤੀ ਜਾ ਰਹੀ।