Babushahi Exclusive ਹੜ੍ਹਾਂ ਦੀ ਮਾਰ: ਰੱਬਾ-ਰੱਬਾ ਮੀਂਹ ਨਾ ਪਾ ਦੀ ਅਰਜੀ ਲਈ 'ਮਹਾਜਨ ਸਰਪੰਚ ਨੇ ਗੱਡਿਆ ਜੱਟ ਦਾ ਸੁਹਾਗਾ'
ਅਸ਼ੋਕ ਵਰਮਾ
ਬਠਿੰਡਾ, 2 ਸਤੰਬਰ 2025: ਪੰਜਾਬ ’ਚ ਬਰਸਾਤਾਂ ਨਾਂ ਹੋਣ ਦੀ ਸਥਿਤੀ ’ਚ ਗੁੱਡੀਆਂ ਫੂਕਣ ,ਚੌਲਾਂ ਦੇ ਯੱਗ ਅਤੇ ਦਾਨ ਪੁੰਨ ਦੇ ਮਾਮਲੇ ਤਾਂ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਮਾਨਸਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਅਧੀਨ ਆਉਂਦੇ ਪਿੰਡ ਚੂਹੜੀਆ ’ਚ ਪਿੰਡ ਦੇ ਸਰਪੰਚ ਨੇ ਪ੍ਰਮਾਤਮਾ ਨੂੰ ਹੋਰ ਮੀਂਹ ਨਾਂ ਪਾਉਣ ਦੀ ਅਰਦਾਸ ਬੇਨਤੀ ਵਜੋਂ ਕਿਸਾਨਾਂ ਵੱਲੋਂ ਜਮੀਨ ਪੱਧਰ ਕਰਨ ਲਈ ਵਰਤਿਆ ਜਾਂਦਾ ‘ਸੁਹਾਗਾ’ ਧਰਤੀ ਵਿੱਚ ਗੱਡਣ ਦੀ ਨਿਵੇਕਲੀ ਪਹਿਲਕਦਮੀ ਕੀਤੀ ਹੈ।
ਸਰਪੰਚ ਅਰੁਣ ਕੁਮਾਰ ਨੇ ਬਜ਼ੁਰਗਾਂ ਵੱਲੋਂ ਦੱਸੀ ਪੁਰਤਾਨ ਮਿੱਥ ਅਨੁਸਾਰ ਇਲਾਕੇ ’ਚ ਹੜ੍ਹਾਂ ਵਰਗੀ ਸਥਿਤੀ ਦੇ ਖਤਰੇ ਨੂੰ ਭਾਂਪਦਿਆਂ ਇਹ ਕਦਮ ਚੁੱਕਿਆ ਹੈ। ਬਜ਼ੁਰਗਾਂ ਮੁਤਾਬਕ ਅਨੁਸਾਰ ਪੁਰਾਣੇ ਸਮਿਆਂ ਦੌਰਾਨ ਜਦੋਂ ਹੱਦੋਂ ਜਿਆਦਾ ਮੀਂਹ ਪੈਂਦੇ ਸਨ ਤਾਂ ਲੋਕ ਫਸਲਾਂ ਅਤੇ ਹੋਰ ਤਬਾਹੀ ਹੋਣ ਤੋਂ ਰੋਕਣ ਲਈ ਅਜਿਹਾ ਕਰਦੇ ਸਨ। ਲੋਕਾਂ ’ਚ ਇਹ ਧਾਰਨਾ ਸੀ ਕਿ ਇਸ ਤਰਾਂ ਇੰਦਰ ਦੇਵਤਾ ਮੀਂਹ ਬੰਦ ਕਰ ਦਿੰਦਾ ਹੈ।

ਹਾਲਾਂਕਿ ਵਿਗਿਆਨਕ ਨਜ਼ਰੀਏ ਤੋਂ ਇਸ ਮਿੱਥ ਦਾ ਕੋਈ ਆਧਾਰ ਸਾਹਮਣੇ ਨਹੀਂ ਆਇਆ ਪਰ ਪੰਜਾਬ ਦੇ ਲੋਕਾਂ ਵਿੱਚ ਪੁਰਾਣਾ ਵਿਸ਼ਵਾਸ ਬਣਿਆ ਹੋਇਆ ਹੈ ਕਿ ਜੇਕਰ ਸਾਂਝੀ ਥਾਂ ਤੇ ਸੁਹਾਗਾ ਗੱਡ ਦਿੱਤਾ ਜਾਏ ਤਾਂ ਬਾਰਸ਼ ਰੁਕ ਜਾਂਦੀ ਹੈ। ਪਿੰਡ ਚੂਹੜੀਆ ਦੇ ਕਰੀਬ 90 ਸਾਲ ਦੀ ਉਮਰ ਦੇ ਇੱਕ ਬਜ਼ੁਰਗ ਵੱਲੋਂ ਦਿੱਤੀ ਸਲਾਹ ਦੇ ਅਧਾਰ ਤੇ ਸਰਪੰਚ ਅਰੁਣ ਕੁਮਾਰ ਨੇ ਅੱਜ ਪਿੰਡ ਵਾਸੀਆਂ ਦੀ ਮੌਜੂਦਗੀ ’ਚ ਸੁਹਾਗਾ ਗੱਡਿਆ ਤੇ ਵਾਹਿਗੁਰੂ ਅੱਗੇ ਪੰਜਾਬ ਵਿੱਚ ਹੋਰ ਮੀਂਹ ਨਾ ਪਾਉਣ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਹੈ।
ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੇ ਵੀ ਇਹੋ ਦੁਆ ਮੰਗੀ ਹੈ ਕਿ ਪ੍ਰਮਾਤਮਾ ਆਪਣੀ ਸ੍ਰਿਸ਼ਟੀ ਤੇ ਰਹਿਮ ਕਰੇ ਤਾਂ ਜੋ ਲੋਕ ਆਪਣੇ ਘਰੇ ਸੁੱਖੀਂ ਸਾਂਦੀ ਵੱਸਦੇ ਰਹਿਣ। ਪੰਜਾਬ ਵਿੱਚ ਪਿਛਲੇ 15-20 ਦਿਨਾਂ ਤੋਂ ਪੈ ਰਹੀ ਲੋਹੜੇ ਦੀ ਬਾਰਸ਼ ਦਾ ਕਹਿਰ ਜਾਰੀ ਹੈ ਅਤੇ ਹੁਣ ਮਾਨਸਾ ਜਿਲ੍ਹੇ ਵਿੱਚ ਵੀ ਖਤਰਾ ਵਧ ਰਿਹਾ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਅਰਦਾਸ ਕਰਨ ਤੋਂ ਬਾਅਦ ਮੀਂਹ ਪੈਣਾ ਜ਼ਰੂਰ ਬੰਦ ਹੋ ਜਾਏਗਾ। ਉਨ੍ਹਾਂ ਦੱਸਿਆ ਕਿ ਹੱਦ ਤੋਂ ਵੱਧ ਮੀਂਹ ਪੈਣ ਕਰਕੇ ਪੰਜਾਬ ਦੇ ਇੱਕ ਦਰਜਨ ਤੋਂ ਵੱਧ ਜਿਲਿ੍ਹਆਂ ’ਚ ਹੜ੍ਹ ਆਇਆ ਹੋਇਆ ਹੈ ਜਦੋਂਕਿ ਉਨ੍ਹਾਂ ਦਾ ਸਰਦੂਲਗੜ੍ਹ ਹਲਕਾ ਖਤਰੇ ਦੇ ਕੰਢੇ ਖਲੋਤਾ ਹੈ ਜਿੱਥੇ ਬਾਰਸ਼ਾਂ ਦਾ ਪਾਣੀ ਕਿਸੇ ਵੀ ਵਕਤ ਕਹਿਰਵਾਨ ਹੋ ਸਕਦਾ ਹੈ।
ਇਸ ਮੌਕੇ ਹਾਜ਼ਰ ਇੱਕ ਕਿਸਾਨ ਨੇ ਦੱਸਿਆ ਕਿ ਮੀਂਹ ਕਾਰਨ ਫਸਲਾਂ ਤੇ ਵੀ ਬੇਹੱਦ ਮਾੜਾ ਅਸਰ ਪਿਆ ਹੈ। ਲੋਕਾਂ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਮੀਂਹ ਦੀ ਹੁਣ ਬਿਲਕੁਲ ਵੀ ਲੋੜ ਨਹੀਂ ਹੈ, ਜਿਸ ਕਰਕੇ ਉਨ੍ਹਾਂ ਨੇ ਪਰਮਾਤਮਾ ਅੱਗੇ ਅਰਜੋਈ ਕੀਤੀ ਹੈ। ਇਸ ਮੌਕੇ ਹਾਜ਼ਰ ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਰੱਬ ਉਨ੍ਹਾਂ ਦੀ ਅਰਦਾਸ ਮਨਜੂਰ ਕਰੇਗਾ ਅਤੇ ਬਜ਼ੁਰਗਾਂ ਦਾ ਵਿਸ਼ਵਾਸ ਵੀ ਆਪਣਾ ਪ੍ਰਭਾਵ ਦਿਖਾਏਗਾ।
ਮਾਨਸਾ ਜਿਲ੍ਹੇ ’ਚ ਘੱਗਰ ਖਤਰਾ
ਘੱਗਰ ਵਿੱਚ ਪਾਣੀ ਵਧਣ ਕਰਕੇ ਮਾਲਵਾ ਖਿੱਤੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਖਨੌਰੀ ਕੋਲ ਵੀ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ ਜਦੋਂ ਕਿ ਸਰਦੂਲਗੜ੍ਹ ਕੋਲ 24,160 ਕਿਊਸਕ ਪਾਣੀ ਚੱਲ ਰਿਹਾ ਹੈ। ਮੌਸਮ ਵਿਭਾਗ ਨੇ ਵੀ ਮਾਨਸਾ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਸਬੰਧੀ ‘ਰੈੱਡ ਅਲਰਟ’ ਜਾਰੀ ਕੀਤਾ ਹੋਇਆ ਹੈ। ਇਸ ਤੋਂ ਬਿਨਾਂ ਆਉਂਦੇ ਦਿਨ ਵੀ ਮਾਨਸਾ ਜ਼ਿਲ੍ਹੇ ਲਈ ਪ੍ਰੀਖਿਆ ਤੋਂ ਘੱਟ ਨਾਂ ਹੋਣ ਦੀ ਸੰਭਾਵਨਾ ਹੈ।
ਧਾਰਨਾ ਤੇ ਪਹਿਰਾ ਦਿੱਤਾ : ਸਰਪੰਚ
ਪਿੰਡ ਚੂਹੜੀਆ ਦੇ ਨੌਜਵਾਨ ਸਰਪੰਚ ਅਰੁਣ ਕੁਮਾਰ ਦਾ ਕਹਿਣਾ ਸੀ ਕਿ ਪਿੰਡ ਦੇ ਬਜ਼ੁਰਗਾਂ ਨੇ ਹੀ ਮੀਂਹ ਬੰਦ ਕਰਵਾਉਣ ਲਈ ਸੁਹਾਗਾ ਗੱਡਣ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਬਜ਼ੁਰਗਾਂ ਨੇ ਕਿਹਾ ਸੀ ਕਿ ਇਹ ਅੰਧਵਿਸ਼ਵਾਸ ਨਹੀਂ ਸਗੋਂ ਇੱਕ ਰਵਾਇਤ ਹੈ ਜੋ ਉਨ੍ਹਾਂ ਦੇ ਪੁਰਖਿਆਂ ਵੱਲੋਂ ਪਹਿਲਾਂ ਵੀ ਨਿਭਾਈ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸਮੂਹ ਨਗਰ ਆਸਵੰਦ ਹੈ ਕਿ ਰੱਬ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰੇਗਾ ਅਤੇ ਬਾਰਸ਼ ਰੁਕ ਜਾਏਗੀ।
ਮੀਂਹ ਨਾਲ ਜੁੜੀਆਂ ਧਾਰਨਾ
ਪੁਰਾਤਨ ਸਮੇਂ ਤੋਂ ਮੀਂਹ ਬੰਦ ਕਰਵਾਉਣ ਲਈ ਜਿੱਥੇ ਸੁਹਾਗਾ ਗੱਡਣ ਦੀ ਧਾਰਨਾ ਹੈ ਉੱਥੇ ਮੀਂਹ ਪੁਆਉਣ ਲਈ ਕੀਤੀਆਂ ਜਾਂਦੀਆਂ ਰਸਮਾਂ ਚੋਂ ਇੱਕ ‘ਗੁੱਡੀ ਫੂਕਣਾ’ ਵੀ ਹੈ। ਕਿਹਾ ਜਾਂਦਾ ਹੈ ਕਿ ਜਦੋਂ ਮੀਂਹ ਨਾ ਪਵੇ ਅਤੇ ਫਸਲਾਂ ਤੇ ਜੀਵ ਜੰਤੂ ਗਰਮੀ ਨਾਲ ਮਰ ਰਹੇ ਹੋਣ ਤਾਂ ਗੁੱਡੀ ਫੂਕਣ ਨਾਲ ਮੀਂਹ ਪੈ ਜਾਂਦਾ ਹੈ। ਇਸ ਤੋਂ ਇਲਾਵਾ ਲੋਕ ਮੀਂਹ ਪੈਣ ਦੀ ਅਰਦਾਸ ਲਈ ਚੌਲਾਂ ਦੇ ਯੱਗ ਵੀ ਕਰਦੇ ਹਨ ਜਦੋਂਕਿ ਕਈ ਵਾਰ ਬਰਸਾਤ ਰੋਕਣ ਲਈ ਵੀ ਇਹੋ ਕੀਤਾ ਜਾਂਦਾ ਹੈ।
ਵਿਗਿਆਨਕ ਅਧਾਰ ਨਹੀਂ: ਗਗਨ ਗਰੋਵਰ
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਮਾਸਟਰ ਗਗਨ ਗਰੋਵਰ ਦਾ ਕਹਿਣਾ ਸੀ ਕਿ ਇੰਨ੍ਹਾਂ ਗੱਲਾਂ ਦਾ ਮੀਂਹ ਬੰਦ ਹੋਣ ਜਾਂ ਪੈਣ ਨਾਲ ਕੋਈ ਸਬੰਧ ਨਹੀਂ ਅਤੇ ਨਾ ਹੀ ਕੋਈ ਵਿਗਿਆਨਕ ਅਧਾਰ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਜਦੋਂ ਇਸ ਤਰਾਂ ਕਰਨ ਨਾਲ ਮੀਂਹ ਬੰਦ ਹੋ ਜਾਂਦਾ ਹੈ ਤਾਂ ਲੋਕ ਏਦਾਂ ਦੀ ਧਾਰਨਾ ਬਣਾ ਲੈਂਦੇ ਹਨ।