ਮੋਹਾਲੀ: ਘੱਗਰ ਦਾ ਪਾਣੀ ਕੰਟਰੋਲ 'ਚ: ਡੀ.ਸੀ ਕੋਮਲ ਮਿੱਤਲ
ਲੋਕਾਂ ਨੂੰ ਬਰਸਾਤ ਦੌਰਾਨ ਬਰਸਾਤੀ ਨਾਲਿਆਂ ਅਤੇ ਕਾਜ਼ਵੇਅ ਤੋਂ ਦੂਰ ਰਹਿਣ ਦੀ ਅਪੀਲ
ਕਿਸੇ ਵੀ ਮੁਸ਼ਕਿਲ ਦੀ ਘੜੀ ਵਿੱਚ ਜ਼ਿਲ੍ਹੇ ਦੇ ਕੰਟਰੋਲ ਰੂਮਾਂ ਤੇ ਤੁਰੰਤ ਸੰਪਰਕ ਕਰਨ ਲਈ ਆਖਿਆ
ਅਧਿਕਾਰਿਕ ਸੂਚਨਾ ਤੋਂ ਬਿਨਾਂ ਕਿਸੇ ਵੀ ਅਫਵਾਹ ਤੇ ਯਕੀਨ ਨਾ ਕੀਤਾ ਜਾਵੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਸਤੰਬਰ: ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਨੇ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਜਾਂ ਅਸਹਿਜ ਹੋਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਧਿਕਾਰਿਕ ਸੂਚਨਾ ਤੋਂ ਬਿਨਾਂ ਕਿਸੇ ਵੀ ਅਫ਼ਵਾਹ ਤੇ ਵਿਸ਼ਵਾਸ਼ ਨਾ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਘੱਗਰ ਨਦੀ ਵਿੱਚ ਅੱਜ ਪਾਣੀ ਦਾ ਪੱਧਰ 6000 ਕਿਊਸਕ ਹੈ ਜੋ ਕਿ ਫੁੱਲ ਸਮਰੱਥਾ 70000 ਕਿਊਸਕ ਤੋਂ ਘੱਟ ਹੈ ਅਤੇ ਅੱਜ ਵਰਖਾ ਵੀ ਜ਼ਿਆਦਾ ਨਹੀਂ ਹੋਈ ਤੇ ਸੁਖਨਾ ਝੀਲ ਦੇ ਫਲੱਡ ਗੇਟ ਵੀ ਨਹੀਂ ਖੋਲ੍ਹੇ ਜਾਣ ਕਰਕੇ, ਕਿਸੇ ਵੀ ਤਰ੍ਹਾਂ ਦੀ ਕੋਈ ਜ਼ਿਆਦਾ ਪਾਣੀ ਦੇ ਵਹਾਅ ਦੀ ਸੰਭਾਵਨਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਉਹ ਖੁਦ ਸਾਰੇ ਪ੍ਰਸ਼ਾਸਨਿਕ ਅਮਲੇ ਤੇ ਇੰਜੀਨੀਅਰਿੰਗ ਟੀਮ ਨਾਲ ਘੱਗਰ ਅਤੇ ਸੁਖਨਾ ਚੋਅ ਦੇ ਦੌਰੇ ਕਰ ਰਹੇ ਹਨ ਤੇ ਜਿੱਥੇ ਕੋਈ ਬੰਨ੍ਹ ਜਾਂ ਕਿਨਾਰਾ ਕਮਜ਼ੋਰ ਵਿਖਾਈ ਦਿੰਦਾ ਹੈ ਤਾਂ ਉਸ ਦੀ ਤੁਰੰਤ ਮੁਰੰਮਤ ਦੇ ਹੁਕਮ ਕੀਤੇ ਗਏ ਹਨ।
ਡੀ ਸੀ ਕੋਮਲ ਮਿੱਤਲ ਨੇ ਦਸਿਆ ਕਿ ਜ਼ਿਲ੍ਹੇ ਚ ਬਰਸਾਤੀ ਪਾਣੀ ਕਰਕੇ ਜੋ ਸੜਕਾਂ ਟੁੱਟੀਆਂ ਹਨ, ਉਨ੍ਹਾਂ ਦੀ ਰਿਪੇਅਰ ਦੇ ਅਨੁਮਾਨ ਬਣਾਏ ਜਾ ਰਹੇ ਹਨ ਤਾਂ ਜੋ ਜਲਦ ਮੁਰੰਮਤ ਕੀਤੀ ਜਾ ਸਕੇ, ਖਾਸਕਰ ਲਾਂਡਰਾਂ-ਖਰੜ ਸੜਕ ਦੀ ਮੰਦਹਾਲੀ ਵੱਲ ਗੌਰ ਕਰਦਿਆਂ, ਉਹ ਖੁਦ ਵੀ ਮੌਕੇ ਤੇ ਜਾ ਕੇ ਆਏ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਬਰਸਾਤ ਦੌਰਾਨ ਜ਼ਿਆਦਾ ਵਹਾਅ ਕਾਰਨ ਜਿਨ੍ਹਾਂ ਛੋਟੀਆਂ ਪੁਲੀਆਂ ਅਤੇ ਚੋਈਆਂ ਵਿੱਚ ਵਹਾਅ ਵਿੱਚ ਰੁਕਾਵਟ ਬਣੀ ਹੈ, ਉਨ੍ਹਾਂ ਨੂੰ ਵੀ ਖੋਲ੍ਹਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਚੱਪੜ ਚਿੜੀ ਚੋਅ ਦੀ ਵੀ ਸਫ਼ਾਈ ਕਰਵਾਈ ਗਈ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ, ਖਾਸਕਰ ਨੀਵੇਂ ਇਲਾਕਿਆਂ ਦੇ ਵਸਨੀਕਾਂ, ਨੂੰ ਬਰਸਾਤਾਂ ਦੌਰਾਨ, ਬਰਸਾਤੀ ਨਾਲਿਆਂ/ਚੋਆਂ ਅਤੇ ਕਾਜ਼ਵੇਅ ਤੋਂ ਦੂਰ ਰਹਿਣ ਲਈ ਅਪੀਲ ਕੀਤੀ।
ਉਨ੍ਹਾਂ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਤੇ ਘਬਰਾਹਟ ਤੋਂ ਬਚਣ ਲਈ ਕਿਹਾ ਅਤੇ ਕਿਸੇ ਵੀ ਜਾਣਕਾਰੀ ਸਾਂਝੀ ਕਰਨ ਜਾਂ ਹਾਸਿਲ ਕਰਨ ਲਈ ਜ਼ਿਲ੍ਹੇ ਦੇ ਕੰਟਰੋਲ ਰੂਮ 0172-2219506,
ਅਤੇ ਮੋਬਾਇਲ: 76580-51209 (ਦੋਵੇਂ ਡੀ ਸੀ ਦਫ਼ਤਰ), ਉਪ ਮੰਡਲ ਦਫ਼ਤਰ ਖਰੜ: 0160-2280222 ਅਤੇ ਉਪ ਮੰਡਲ ਡੇਰਾਬੱਸੀ 01762-283224 'ਤੇ ਫ਼ੋਨ ਕਰ ਕੇ ਸੂਚਿਤ ਕੀਤਾ ਜਾਵੇ।