ਮੇਰਾ ਖ਼ਜ਼ਾਨਾ -ਕੈਪਟਨ ਕੰਵਲਜੀਤ ਸਿੰਘ ਨੂੰ ਯਾਦ ਕਰਦਿਆਂ -Mera Khazana
ਪਹਿਲੀ ਸਤੰਬਰ ਨੂੰ ਸਵੇਰੇ ਫੇਸਬੁਕ ਤੇ ਕਿਸੇ ਨੇ ਪੋਸਟ ਪਾਈ ਹੋਈ ਸੀ ਕੈਪਟਨ ਕੰਵਲਜੀਤਸਿੰਘ ਦੇ ਜਨਮ ਤੇ
ਕੈਪਟਨ ਕਮਲਜੀਤ ਸਿੰਘ ਦਾ ਇਹ ਜ਼ਿਕਰ ਪੜ੍ਹ ਕੇ ਮੇਰੇ ਸਾਹਮਣੇ ਕੈਪਟਨ ਕੰਵਲਜੀਤ ਸਿੰਘ ਦੀ ਸ਼ਖ਼ਸੀਅਤ, ਉਹਨਾਂ ਦੀ ਰਾਜਨੀਤਿਕ ਸਰਗਰਮੀ ਅਤੇ ਮੇਰੇ ਨਾਲ ਉਹਨਾਂ ਦੇ ਜਾਤੀ ਤੇ Professional ਸਬੰਧ ਯਾਦ ਆ ਗਏ. ਇੱਕ ਰੀਲ ਜਿਹੀ ਘੁੰਮ ਗਈ. ਸਾਬਕਾ ਫ਼ੌਜੀ ਅਫ਼ਸਰ, ਇੱਕ ਸੀਨੀਅਰ ਸਿਆਸਤਦਾਨ, ਅਕਾਲੀ ਨੇਤਾ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਉਹਨਾਂ ਨਾਲ ਮੇਰਾ ਕਾਫ਼ੀ ਨੇੜਲਾ ਵਾਹ ਰਹਿੰਦਾ ਸੀ. ਮੈਂ ਉਦੋਂ ਅਜੀਤ ਦਾ ਸੀਨੀਅਰ ਰਿਪੋਰਟਰ ਸੀ ਚੰਡੀਗੜ੍ਹ ਵਿੱਚ.
ਉਹ ਆਪਣੀ ਕਿਸਮ ਦੀ ਨਵੇਕਲੀ ਹਸਤੀ ਸਨ. ਇਕ ਖ਼ਾਸੀਅਤ ਉਹਨਾਂ ਦੀ ਇਹ ਸੀ ਕਿ ਜਦੋਂ ਵੀ ਉਹਨਾਂ ਨੇ ਕੋਈ ਕਿਸੇ ਮਸਲੇ ਤੇ ਸਟੈਂਡ ਲੈਣਾ ਹੁੰਦਾ, ਬਿਆਨ ਜਾਰੀ ਕਰਨਾ ਹੁੰਦਾ ਜਾਂ ਫ਼ੈਸਲਾ ਕਰਨਾ ਹੁੰਦਾ ਤਾਂ ਉਹ ਸਬੰਧਤ ਫ਼ੀਲਡ ਦੇ ਮਾਹਰਾਂ ਜਾਂ ਆਪਣੇ ਕੁਝ ਦੋਸਤਾਂ-ਮਿੱਤਰਾਂ ਦੀ ਰਾਇ ਜ਼ਰੂਰ ਲੈਂਦੇ ਸੀ. ਇਹਨਾਂ ਵਿੱਚ ਮੈਂ ਤੇ ਮੇਰੇ ਕੁਝ ਸੀਨੀਅਰ ਸਾਥੀ ਪੱਤਰਕਾਰ ਵੀ ਸ਼ਾਮਲ ਸਨ.
Capt ਕੰਵਲਜੀਤ ਅਕਸਰ ਹੀ ਮੇਰੇ ਵਰਗਿਆਂ ਨੂੰ ਆਪਣੇ ਘਰ ਚਾਹ ਦੇ ਕੱਪ ਤੇ ਬੁਲਾ ਲਿਆ ਕਰਦੇ ਸਨ ਜਾਂ ਖ਼ੁਦ ਹੀ ਕਈ ਵਾਰ ਸਿੱਧੇ ਹੀ ਮੇਰੇ ਘਰ ਆ ਜਾਂਦੇ ਸਨ. ਇੱਧਰ ਉੱਧਰ ਡਾ ਹਾਲ ਚਾਲ ਪੁੱਛ ਕੇ ਕਹਿੰਦੇ ਸਨ ਕਿ ਆਹ ਫਲਾਣਾ ਮਸਲਾ ਹੈ, ਮੁੱਦਾ ਹੈ, ਇਸ ਤੇ ਭਲਾ ਆਪਾਂ ਨੂੰ ਕੀ ਕਹਿਣਾ ਚਾਹੀਦਾ ਹੈ. ਮੈਂ ਆਪਣੀ ਉਸ ਵੇਲੇ ਦੀ ਸਮਝ ਆਪਣੀ ਰਾਇ ਦੇ ਦੇਣੀ ਪਰ ਉਹਨਾਂ ਆਪਣੀ ਰਾਇ ਤਾਂ ਹੋਰਨਾਂ ਨਾਲ ਰਾਏ ਕਰਨ ਤੋਂ ਬਾਅਦ ਹੀ ਬਣਾਉਣੀ ਹੁੰਦੀ ਸੀ। ਇੱਕ ਘਟਨਾ ਤਾਂ ਮੈਨੂੰ ਕਦੇ ਵੀ ਨਹੀਂ ਭੁੱਲੀ .
ਇਹ ਗੱਲ 2007 ਦੀ ਹੈ .ਅਕਾਲੀ ਬੀਜੇਪੀ ਗੱਠਜੋੜ ਦੀ ਜਿੱਤ ਹੋਈ ਤਾਂ ਬਾਦਲ ਵਜ਼ਾਰਤ ਦਾ ਗਠਨ ਹੋਣਾ ਸੀ. ਮੋਹਾਲੀ ਸਟੇਡੀਅਮ ਚ ਹੋਣ ਵਾਲੇ ਸਹੁੰ ਚੁੱਕ ਸਮਾਗਮ ਤੋਂ ਇੱਕ ਦਿਨ ਪਹਿਲਾਂ ਸਵੇਰੇ 10 ਕੁ ਵਜੇ ਕੈਪਟਨ ਕੰਵਲਜੀਤ ਸਿੰਘ ਦੇ PA ਦਾ ਫ਼ੋਨ ਆਇਆ. ਕਹਿਣ ਲੱਗੇ ਕੈਪਟਨ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਨੇ, ਆ ਜਾਓ. ਮੈਂ ਉਹਨਾਂ ਦੀ 9 ਸੈਕਟਰ ਵਾਲੀ ਕੋਠੀ ਗਿਆ. ਆਮ ਦਿਨ ਤੋਂ ਉਲਟ, ਉਹ ਉਸ ਦਿਨ ਡਰਾਇੰਗ ਰੂਮ ਚ ਨਹੀਂ ਬੈਠੇ ਸੀ ਸਗੋਂ ਅੰਦਰ ਆਪਣੇ ਬੈਡਰੂਮ ਵਿੱਚ ਸਨ.ਉੱਥੇ ਹੀ ਮੈਨੂੰ ਉਹਨਾਂ ਨੇ ਬੁਲਾ ਲਿਆ. ਮੈਂ ਦੇਖਿਆ ਉਹ ਥੋੜ੍ਹੇ ਉਦਾਸ ਅਤੇ ਮਾਯੂਸੀ ਦੇ ਮੂਡ ਵਿੱਚ ਬੈਠੇ ਸੀ.ਕਮਰੇ ਦੀ ਲਾਈਟ ਵੀ ਮੱਧਮ ਜਿਹੀ ਜਗ ਰਹੀ ਸੀ. ਮੈਂ ਜਾ ਕੇ ਬੈਠ ਗਿਆ ਉਹਨਾਂ ਕੋਲ ਕੁਰਸੀ ਤੇ. ਥੋੜ੍ਹੀ ਦੇਰ ਚੁੱਪ ਛਾਈ ਰਹੀ।
ਕੈਪਟਨ ਨੇ ਮੈਨੂੰ ਸਿੱਧਾ ਠਾਹ ਸਵਾਲ ਕੀਤਾ, " ਮੈਨੂੰ ਇਹ ਦੱਸੋ ਮੈਂ ਕੈਬਨਿਟ ਚ ਜੁਆਇਨ ਕਰਾਂ ਜਾਂ ਨਾ ?". ਸਵਾਲ ਸੁਣ ਕੇ ਮੈਂ ਹੈਰਾਨ ਪਰੇਸ਼ਾਨ ਜਿਹਾ ਹੋਇਆ. ਪੁੱਛਿਆ ਕੀ ਗੱਲ ਹੋਈ ਸੀ. ਇਹ ਸਵਾਲ ਕਿਉਂ ਉੱਠਿਆ ? ਜਵਾਬ ਮਿਲਿਆ, "ਉਹ ਮੈਨੂੰ ਫਾਈਨਾਂਸ ਮਹਿਕਮਾ ਨਹੀਂ ਦੇ ਰਹੇ, ਮਨਪ੍ਰੀਤ ਨੂੰ ਦੇ ਰਹੇ ਨੇ। " ਉਹਨਾਂ ਦਾ ਇਸ਼ਾਰਾ CM ਪ੍ਰਕਾਸ਼ ਸਿੰਘ ਬਾਦਲ ਵੱਲ ਸੀ. ਮੈਂ ਕਿਹਾ ਅੱਛਾ ਤੇ ਪੁੱਛਿਆ ਕਿਹੜਾ ਮਹਿਕਮਾ ਦੇ ਰਹੇ ਨੇ. ਕਹਿਣ ਲੱਗੇ ਕੋਆਪਰੇਸ਼ਨ ਮਹਿਕਮਾ ਦੇ ਰਹੇ ਨੇ. ਥੋੜ੍ਹੀ ਦੇਰ ਫੇਰ ਅਸੀਂ ਦੋਨੇ ਜਣੇ ਚੁੱਪ ਰਹੇ. ਮੈਨੂੰ ਇਹ ਲੱਗਿਆ ਕਿ ਮੈਂ ਇੰਨਾ ਵੱਡਾ ਤੇ ਸਿਆਣਾ ਨਹੀਂ ਕਿ ਉਹਨਾਂ ਨੂੰ ਅਜਿਹੀ ਫ਼ੈਸਲਾ ਕੁਨ ਰਾਇ ਦੇ ਸਕਾਂ.
ਫਿਰ ਵੀ ਮੈਂ ਉਹਨਾਂ ਨੂੰ ਕਿਹਾ ਕਿ ਵਜ਼ਾਰਤ ਚ ਨਾ ਸ਼ਾਮਲ ਹੋਣਾ ਤਾਂ ਕੋਈ ਵੀ ਸਿਆਸੀ ਸਿਆਣਪ ਨਹੀਂ ਹੋਏਗੀ ਕਿਉਂਕਿ ਤੁਹਾਡੇ ਸ਼ਰੀਕ ਤਾਂ ਇਹੀ ਚਾਹੁੰਦੇ ਨੇ ਕਿ ਤੁਸੀਂ ਕੈਬਨਟ ਚੋਂ ਬਾਹਰ ਹੋ ਜਾਓ. ਹਮੇਸ਼ਾ ਵਾਂਗ ਉਹਨਾਂ ਦੇ ਵਰਾਂਡੇ ਵਿੱਚ ਉਹਨਾਂ ਦੇ ਹਲਕੇ ਦੇ ਅਤੇ ਹਲਕੇ ਤੋਂ ਬਾਹਰਲੇ ਲੋਕਾਂ ਦੀ ਭੀੜ ਲੱਗੀ ਹੋਈ ਸੀ. ਮੈਂ ਉੱਧਰ ਇਸ਼ਾਰਾ ਕਰਕੇ ਕਿਹਾ ਕਿ ਜੇ ਤੁਸੀਂ ਮੰਤਰੀ ਨਾ ਰਹੇ ਤਾਂ ਇਸ ਸਭ ਭੀੜਾਂ ਇੱਥੇ ਨਹੀਂ ਹੋਣੀਆਂ, ਤੁਹਾਡਾ ਸਿਆਸੀ ਕੱਦ ਤੇ ਘੇਰਾ ਛੋਟਾ ਹੋ ਸਕਦਾ ਸੀ. ਦੂਜੀ ਗੱਲ ਮੈਂ ਕਹੀ ਕਿ ਕੈਪਟਨ ਸਾਹਿਬ ਜੇ ਤੁਸੀਂ ਇੱਕ ਵਾਰ ਕੋਆਪਰੇਸ਼ਨ ਮਹਿਕਮਾ ਲੈ ਲਿਆ ਤਾਂ ਮੁੜ ਕੇ ਤੁਸੀਂ ਸਾਰੀ ਉਮਰ ਕਦੇ ਫਾਈਨਾਂਸ ਮਹਿਕਮਾ ਨਹੀਂ ਮੰਗੋਗੇ
ਥੋੜ੍ਹੇ ਅਲਰਟ ਜਿਹੇ ਹੋ ਕੇ ਮੈਨੂੰ ਕਹਿਣ ਲੱਗੇ ਉਹ ਕਿਉਂ ?ਮੇਰਾ ਜਵਾਬ ਸੀ ਕਿ ਇਹ ਮਹਿਕਮਾ ਬਹੁਤ ਅਹਿਮ ਹੈ ਅਤੇ ਪਿੰਡ ਪੱਧਰ ਤੱਕ ਇਸ ਦਾ ਸਿੱਧਾ ਰਾਬਤਾ ਹੈ. ਇਹ ਉਹੀ ਮਹਿਕਮਾ ਹੈ ਜਿਸ ਦੇ ਵਿੱਚ 16 ਆਈਐਸ ਤੇ ਪੀਸੀਐਸ ਅਫ਼ਸਰ ਸਿੱਧੇ ਮੰਤਰੀ ਦੇ ਹੇਠਾਂ ਕੰਮ ਕਰਦੇ ਨੇ ( ਜੋ ਕਿ ਉਸ ਵੇਲੇ ਮੇਰੀ ਜਾਣਕਾਰੀ ਵਿੱਚ ਸੀ ਕਿਉਂਕਿ ਮਾਰਕਫੈਡ, ਮਿਲਕਫੈਡ, ਸ਼ੂਗਰ ਫੈਡ, ਹਾਊਸ ਫੈਡ, ਕੋਆਪਰੇਟਿਵ ਬੈਂਕ ਤੇ ਸਾਰੀਆਂ ਕੋਆਪਰੇਟਿਵ ਸੁਸਾਇਟੀਆਂ ਇਸੇ ਮਹਿਕਮੇ ਦੇ ਅਧੀਨ ਹਨ). ਮੈਂ ਕਿਹਾ ਇਸ ਮਹਿਕਮੇ ਚ ਬੇਹੱਦ ਸਕੋਪ ਹੈ ਕੰਮ ਕਰਨ ਦਾ ਅਤੇ ਆਪਣਾ ਸਿਆਸੀ ਆਧਾਰ ਬਣਾਉਣ ਦਾ ਵੀ.ਉਹਨਾਂ ਨੇ ਮੇਰੀ ਗੱਲ ਸੁਣ ਲਈ ਪਰ ਬੋਲੇ ਕੁਝ ਨਹੀਂ. ਮੈਂ ਵਾਪਸ ਆ ਗਿਆ.
ਅਗਲੇ ਦਿਨ ਉਹਨਾਂ ਨੇ ਕੈਬਨਟ ਮਨਿਸਟਰ ਵਜੋਂ ਸਹੁੰ ਚੁੱਕ ਲਈ ਤੇ ਉਹਨਾਂ ਨੂੰ ਸਹਿਕਾਰਤਾ ਵਜ਼ੀਰ ਬਣਾ ਦਿੱਤਾ ਗਿਆ.ਮੈਨੂੰ ਇਹ ਪਤਾ ਸੀ ਕਿ ਸਿਰਫ਼ ਮੇਰੇ ਹੀ ਰਾਏ ਉਹਨਾਂ ਨੇ ਨਹੀਂ ਲਈ ਸਗੋਂ ਆਪਣੇ ਇੱਕ ਰਿਸ਼ਤੇਦਾਰ ਸਾਬਕਾ ਬ੍ਰਿਗੇਡੀਅਰ ਅਤੇ ਕੁਝ ਸੀਨੀਅਰ ਪੱਤਰਕਾਰਾਂ ਤੇ ਚਿੰਤਕਾਂ ਤੋਂ ਵੀ ਰਾਏ ਲਈ ਹੋਏਗੀ.
ਨਵੀਂ ਸਰਕਾਰ ਬਣਨ ਤੋਂ ਬਾਅਦ 20 ਕੁ ਦਿਨ ਲੰਘ ਗਏ. ਜ਼ੀਰਕਪੁਰ ਦੇ ਦੇ AKM ਮੈਰਿਜ ਪੈਲੇਸ ਦੇ ਵਿੱਚ ਕੋਈ ਵਿਆਹ ਸਮਾਗਮ ਸੀ. ਸਵੇਰੇ ਸਾਢੇ ਕੁ 10 ਵਜੇ ਮੈਂ ਉੱਥੇ ਪੁੱਜਿਆ ਤੇ ਕੈਪਟਨ ਕੰਵਲਜੀਤ ਸਿੰਘ ਵੀ ਉੱਥੇ ਆ ਗਏ. ਅਸੀਂ ਦੋ ਨੇ ਇੱਕ ਪਾਸੇ ਸੋਫ਼ੇ ਤੇ ਬੈਠ ਗਏ. ਮੈਨੂੰ ਕੈਪਟਨ ਕੰਵਲਜੀਤ ਕਹਿਣ ਲੱਗੇ ਬੱਲੀ, ਗੱਲ ਤੇਰੀ ਬੜੀ ਠੀਕ ਸੀ, ਵਾਕਈ ਇਹ ਮਹਿਕਮਾ ਤਾਂ ਬਹੁਤ ਵੱਡਾ ਤੇ ਅਹਿਮ ਹੈ. ਫਿਰ ਇਹ ਵੀ ਕਹਿਣ ਲੱਗੇ ਹੁਣ ਇੱਕ ਕੰਮ ਹੋਰ ਕਰੋ. ਇਸ ਮਹਿਕਮੇ ਦੀ ਥੋੜ੍ਹੀ ਫੀਡ ਬੈਕ ਦਿਓ ਅਤੇ ਰਾਇ ਵੀ ਦਿਓ ਕਿ ਆਪਾਂ ਇਸ ਨੂੰ ਕਿਵੇਂ ਚਲਾਈਏ।
ਮੈਂ ਕਿਹਾ ਜੀ ਮੈਂ ਚਲਾਉਣ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਪਰ ਮੈਂ ਤੁਹਾਨੂੰ ਫੀਡ ਬੈਕ ਜ਼ਰੂਰ ਦਵਾ ਸਕਦਾ ਹਾਂ ਕਿਉਂਕਿ ਪੰਜਾਬ ਦੇ ਵਿੱਚ ਕਾਫ਼ੀ ਅਜਿਹੇ ਕੋਆਪਰੇਟਰ ਹੈਗੇ ਨੇ ਜਿਹੜੇ ਇਸ ਮਹਿਕਮੇ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਅਤੇ ਜਿਹੜੇ ਅਕਸਰ ਸਾਡੇ ਕੋਲ ਅਜੀਤ ਵਿੱਚ ਸ਼ਿਕਾਇਤਾਂ ਲੈ ਕੇ ਆਉਂਦੇ ਨੇ ਮਹਿਕਮੇ ਦੀਆਂ ਕਿ ਕਿ ਇਹ ਠੀਕ ਤਰ੍ਹਾਂ ਨਹੀਂ ਕੰਮ ਕਰ ਰਿਹਾ, ਅਫ਼ਸਰ ਮਨ ਮਰਜ਼ੀ ਕਰਦੇ ਨੇ, ਸਹਿਕਾਰਤਾ ਵਾਲੀ ਭਾਵਨਾ ਨਹੀਂ ਠੀਕ ਤਰ੍ਹਾਂ ਲਾਗੂ ਨਹੀਂ ਹੋ ਰਹੀ ਅਤੇ ਚੋਣਾਂ ਮੌਕੇ ਤੇ ਨਹੀਂ ਹੋ ਰਹੀਆਂ ਆਦਿਕ. ਮੈਨੂੰ ਯਾਦ ਹੈ ਮੈਂ ਮੁਕਤਸਰ ਮੁਕਤਸਰ ਦੇ ਪ੍ਰੋਗਰੈਸਿਵ ਕਿਸਾਨ Balishtar ਸਿੰਘ ਮਾਨ ਤੇ ਇੱਕ ਦੋ ਹੋਰ ਅਜਿਹੇ ਕਿਸਾਨਾਂ ਨੂੰ ਫ਼ੋਨ ਕਰਕੇ ਕਿਹਾ ਕਿ ਆਪਣੇ ਜਿੰਨੇ ਵੀ ਸਾਥੀ ਨੇ ਉਹ ਕੈਪਟਨ ਕੰਵਲਜੀਤ ਨੂੰ ਮਿਲਾ ਦਿਓ ਅਤੇ ਉਹਨਾਂ ਨੂੰ ਫੀਡ ਬੈਕ ਦਿਓ।
ਲਓ ਜੀ, ਕੈਪਟਨ ਸਾਹਿਬ ਨੇ ਫਿਰ ਉਹ ਮਹਿਕਮਾ ਚੰਗੀ ਤਰ੍ਹਾਂ ਸੰਭਾਲ ਲਿਆ. ਇੱਕ ਸਾਲ ਦੇ ਵਿੱਚ ਵਿੱਚ ਇਸ ਮਹਿਕਮੇ ਨੂੰ ਇੰਨਾ ਸਰਗਰਮ ਕਰ ਦਿੱਤਾ ਕਿ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਪੰਜਾਬ ਚ ਇੱਕੋ ਹੀ ਮਹਿਕਮਾ ਕੰਮ ਕਰ ਰਿਹਾ ਹੋਵੇ. ਇਸ ਮਹਿਕਮੇ ਨੂੰ ਨਵੀਂਆਂ ਲੀਹਾਂ ਤੇ ਪਾਉਣ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਪਰ ਉਹਨਾਂ ਦੀ ਇਹ ਇੱਛਾ ਅਧੂਰੀ ਰਹਿ ਗਈ. 29 ਮਾਰਚ, 2009 ਦੀ ਸ਼ਾਮ ਨੂੰ ਇੱਕ ਕਾਰ ਹਾਦਸੇ ਵਿੱਚ ਉਹ ਅਕਾਲ ਚਲਾਣਾ ਕਰ ਗਏ. ਉਂਜ ਉਹਨਾਂ ਉਹਨਾਂ ਦੀ ਸਿਆਸੀ ਅਤੇ ਸਰਕਾਰੀ ਸਰਗਰਮੀ ਬਾਰੇ ਮੈਂ ਕਾਫ਼ੀ ਕੁਝ ਲਿਖਦਾ ਰਹਿੰਦਾ ਸੀ ਪਰ ਉਹਨਾਂ ਦੀ ਮੌਤ ਤੋਂ ਬਾਅਦ ਅਜੀਤ ਵਿੱਚ ਤਿਰਛੀ ਨਜ਼ਰ ਦਾ ਪੂਰਾ ਕਾਲਮ ਉਹਨਾਂ ਦੀ ਸ਼ਖ਼ਸੀਅਤ ਦੇ ਗੁਣਾਂ ਔਗੁਣਾਂ ਬਾਰੇ ਲਿਖਿਆ ਸੀ ਜਿਸ ਦੀ ਇਮੇਜ ਕਾਪੀ ਇਸ ਪੋਸਟ ਦੇ ਨਾਲ ਹੀ ਪਬਲਿਸ਼ ਕਰ ਰਿਹਾ ਹਾਂ. ਇਹ ਵੀ ਮਹਿਸੂਸ ਕਰ ਰਿਹਾ ਹੈ ਕਿ ਕਿ ਹੁਣ ਕੈਪਟਨ ਕੰਵਲਜੀਤ ਸਿੰਘ ਵਰਗੇ ਸਿਆਸਤਦਾਨ ਲੱਭਣੇ ਬਹੁਤ ਔਖੇ ਨੇ.
Baljit Balli
September 01, 2025

-
Baljit Balli, editor in chief babushahi network
tirshinazar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.