Big Breaking: ਨੰਗਲ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਕੁਝ ਪਿੰਡਾਂ ਨੂੰ ਘਰ ਖਾਲੀ ਕਰਕੇ ਉੱਚੀਆਂ ਥਾਵਾਂ ਜਾ ਰਾਹਤ ਕੈਂਪਾਂ ਵਿੱਚ ਜਾਣ ਦੀ ਹਦਾਇਤ
ਰੂਪਨਗਰ, 04 ਸਤੰਬਰ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜ਼ੂਦਾ ਸਮੇਂ ਭਾਖੜਾ ਡੈਮ ਦੇ ਪਾਣੀ ਪੱਧਰ 1679 ਫੁੱਟ ਹੈ ਅਤੇ ਛੱਡਿਆ ਜਾ ਰਿਹਾ ਪਾਣੀ 75000 ਕਿਊਸਿਕ ਤੋਂ ਵਧਾ ਕੇ 80,000 ਤੋਂ ਲੈ ਕੇ 85000 ਕੀਤਾ ਜਾ ਰਿਹਾ ਹੈ। ਇਸੇ ਦੇ ਮੱਦੇਨਜ਼ਰ ਨੰਗਲ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਕੁਝ ਪਿੰਡਾਂ ਨੂੰ ਘਰ ਖਾਲੀ ਕਰਕੇ ਉੱਚੀਆਂ ਥਾਵਾਂ ਜਾ ਰਾਹਤ ਕੈਂਪਾਂ ਵਿੱਚ ਜਾਣ ਦੀ ਹਦਾਇਤ ਕੀਤੀ ਹੈ।
ਸ਼੍ਰੀ ਵਰਜੀਤ ਵਾਲੀਆ ਨੇ ਇਸ ਦੇ ਨਾਲ ਹੀ ਕਿਹਾ ਕਿ ਦਰਿਆ ਵਿੱਚ ਆਉਣ ਵਾਲੀਆਂ ਛੋਟੀਆਂ ਨਦੀਆਂ ਦਾ ਪਾਣੀ ਘੱਟ ਹੋਣ ਕਰਕੇ ਰੋਪੜ ਹੈਡਵਰਕਸ ’ਤੇ ਪਿਛਲੇ ਦੋ ਦਿਨਾਂ ਵਾਂਗ ਹੀ ਪਾਣੀ ਦੀ ਸਥਿਤੀ ਰਹੇਗੀ। ਇਸ ਲਈ ਡਾਊਨਸਟ੍ਰੀਮ ਇਲਾਕੇ ਵਿੱਚ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੰਗਲ ਸਬ ਡਿਵੀਜ਼ਨ ਦੇ ਹਰਸਾ ਬੇਲਾ, ਪੱਤੀ ਦੁੱਲਚੀਆਂ, ਪੱਟੀ ਟੇਕ ਸਿੰਘ, ਸੈਂਸੋਵਾਲ, ਐਲਗਰਾਂ, ਬੇਲਾ ਧਿਆਨੀ ਲੋਅਰ, ਬੇਲਾ ਧਿਆਨੀ ਅੱਪਰ, ਬੇਲਾ ਰਾਮਗੜ੍ਹ, ਬੇਲਾ ਸ਼ਿਵ ਸਿੰਘ, ਥੱਲੂ, ਪਲਾਸੀ, ਸਿੰਘਪੁਰਾ, ਜੋਲ, ਭੱਠੋ ਮਜਾਰੀ, ਤਰਫਮਜਾਰਾ, ਭਲਾਣ, ਕਲਿਤਰਾ, ਦਡੋਲੀ ਨੀਵਾ ਅਤੇ ਡੱਬਖੇੜਾ ਨੀਚਲਾ ਪਿੰਡ ਪ੍ਰਭਾਵਿਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਵਸਨੀਕ 04 ਸਰਕਾਰੀ ਰਾਹਤ ਕੇਂਦਰਾਂ ਜਿਹੜੇ ਹਨ – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਾਣ, ਸਰਕਾਰੀ ਮਿਡਲ ਸਕੂਲ ਭਨਾਮ, ਕਮਿਊਨਿਟੀ ਹਾਲ ਸਿੰਘਪੁਰਾ ਪਲਾਸੀ ਅਤੇ ਡੀਏਵੀ ਹਾਲ ਬ੍ਰਹਮਮਪੁਰ ਹਾਲ ਵਿੱਚ ਸ਼ਿਫਟ ਹੋ ਸਕਦੇ ਹਨ।
ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਸਬ ਡਿਵੀਜ਼ਨ ਦੇ ਕੁਝ ਪਿੰਡ ਵੀ ਪ੍ਰਭਾਵਿਤ ਹੋ ਸਕਦੇ ਹਨ ਜਿਵੇਂ ਕਿ ਬੁਰਜ, ਚੰਦਪੁਰ ਬੇਲਾ, ਗੱਜਪੁਰ ਬੇਲਾ, ਸ਼ਾਹਪੁਰ ਬੇਲਾ, ਨਿੱਕੂਵਾਲ, ਅਮਰਪੁਰ ਬੇਲਾ, ਲੋਧੀਪੁਰ ਅਤੇ ਦਸਗਰਾਂ ਇਨ੍ਹਾਂ ਪਿੰਡਾਂ ਦੇ ਵਸਨੀਕ ਕਿਲਾ ਆਨੰਦਗੜ੍ਹ ਰਾਹਤ ਕੇਂਦਰ ਅਤੇ ਗੁਰਦੁਆਰਾ ਸ੍ਰੀ ਹਰਰਾਏ ਜੀ ਡਮੋਲੀ (ਪਿੰਡ ਲੋਧੀਪੁਰ) ਵਿਖੇ ਰਾਹਤ ਕੈਂਪ ਵਿੱਚ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਨਤਾ ਦੀ ਸਹੂਲਤ ਲਈ 24 ਘੰਟੇ ਚੱਲਣ ਵਾਲਾ ਹੈਲਪਲਾਈਨ ਨੰਬਰ 01881 -221157 ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਹੈਲਪਲਾਈਨ 112 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਐਨ.ਡੀ.ਆਰ.ਐਫ ਦੀਆਂ ਟੀਮਾਂ 24 ਘੰਟੇ ਮੌਕੇ ’ਤੇ ਤਾਇਨਾਤ ਹਨ ਅਤੇ ਹਰ ਕਿਸੇ ਐਮਰਜੈਂਸੀ ਨਾਲ ਨਿਭਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਲਈ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ’ਤੇ ਵਿਸ਼ਵਾਸ ਨਾ ਕੀਤਾ ਜਾਵੇ ਅਤੇ ਸਿਰਫ਼ ਸਰਕਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।