ਆਕਸਫੋਰਡ ਸਕੂਲ ਭਗਤਾ ਭਾਈ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਯੋਗਦਾਨ
ਅਸ਼ੋਕ ਵਰਮਾ
ਬਠਿੰਡਾ, 4ਸਤੰਬਰ 2025 : ਪੰਜਾਬ ਵਿੱਚ ਹੜ੍ਹਾਂ ਨਾਲ ਹੋ ਰਹੀ ਤਬਾਹੀ ਨੂੰ ਧਿਆਨ ‘ਚ ਰੱਖਦਿਆਂ ਅਧਿਆਪਕ ਦਿਵਸ ਮੌਕੇ ਆਕਸਫੋਰਡ ਸਕੂਲ ਦੇ ਪ੍ਰਬੰਧਕਾਂ, ਅਧਿਆਪਕਾਂ ਅਤੇ ਸਮੂਹ ਸਟਾਫ ਤੋਂ ਇਲਾਵਾ ਸਕੂਲ ਦੀ ਟਰਾਂਸਪੋਰਟ ਦੇ ਕਰਮਚਾਰੀਆਂ ਨੇ ਆਪਣੀ ਇੱਕ ਦਿਨ ਦੀ ਤਨਖਾਹ ਨਾਲ ਹੜ੍ਹ ਪੀੜਤਾਂ ਦੀ ਸੇਵਾ ’ਚ ਯੋਗਦਾਨ ਪਾਇਆ ਹੈ। ਇਹ ਪਹਿਲਾ ਮੌਕਾ ਨਹੀਂ ਬਲਕਿ ਆਕਸਫੋਰਡ ਸਕੂਲ ਦੇ ਇਹ ਰਵਾਇਤ ਹੀ ਹੈ ਕਿ ਹੰਗਾਮੀ ਹਾਲਤ ਦੌਰਾਨ ਪਹਿਲਾਂ ਵੀ ਸੇਵਾ ਕਾਰਜਾਂ ਦਾ ਰਸਤਾ ਅਖਤਿਆਰ ਕੀਤਾ ਜਾਂਦਾ ਰਿਹਾ ਹੈ। ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਹੜ੍ਹਾਂ ਕਾਰਨ ਪੰਜਾਬ ’ਚ ਬੇਹੱਦ ਗੰਭੀਰ ਸਥਿਤੀ ਬਣੀ ਹੋੲਂੀ ਹੈ ਅਤੇ ਦੁੱਖ ਦੀ ਗੱਲ ਹੈ ਕਿ ਪਾਣੀ ਦਾ ਸੰਤਾਪ ਘਟਣ ਦੀ ਥਾਂ ਵਧਦਾ ਹੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਲੋਕ ਘਰੋਂ ਬੇਘਰ ਹੋ ਗਏ ਹਨ ਅਤੇ ਡੰਗਰ ਪਸ਼ੂਆਂ ਤੋਂ ਇਲਾਵਾ ਖੇਤੀ ਵੀ ਪੂਰੀ ਤਰਾਂ ਤਬਾਹ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਤਰਾਂ ਦੀ ਤ੍ਰਾਸਦੀ ਮੌਕੇ ਆਪਣੇ ਮਨੁੱਖੀ ਫਰਜ਼ ਨੂੰ ਮੁੱਖ ਰੱਖਦਿਆਂ ਸਮੁੱਚੇ ਆਕਸਫੋਰਡ ਸਕੂਲ ਦੇ ਸਟਾਫ ਅਤੇ ਪ੍ਰਬੰਧਕਾਂ ਤਰਫੋਂ ਹੜ੍ਹ ਪੀੜਤਾਂ ਖਾਤਰ ਇਹ ਤੁੱਛ ਜਿਹਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਬੇਸ਼ੱਕ ਮਾੜਾ ਹੈ ਜਿਸ ਨੇ ਵਕਤ ਨਾਲ ਬਤੀਤ ਹੋ ਜਾਣਾ ਹੈ ਪਰ ਇਸ ਵੇਲੇ ਸਮੂਹ ਪੰਜਾਬੀਆਂ ਨੂੰ ਇੱਕਜੁਟ ਹੋਕੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸਹਾਇਤਾ ਕਰਨ ਦੀ ਲੋੜ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ , ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮਾਰਕੀਟ ਕਮੇਟੀ ਭਗਤਾ ਭਾਈ ਦੇ ਸਾਬਕਾ ਚੇਅਰਮੈਨ ਹਰਦੇਵ ਸਿੰਘ ਬਰਾੜ, ਚੇਅਰਮੈਨ ਹਰਗੁਰਪ੍ਰੀਤ ਸਿੰਘ , ਪ੍ਰਧਾਨ ਗੁਰਮੀਤ ਸਿੰਘ ਗਿੱਲ ,ਵਾਈਸ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ ਅਤੇ ਸਮੁੱਚੀ ਮੈਨੇਜਮੈਂਟ ਕਮੇਟੀ ਨੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਹੜ੍ਹ ਪੀੜਤ ਪ੍ਰੀਵਾਰਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨ ’ਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ ਹੈ।