ਜ਼ਿਲ੍ਹਾ ਪ੍ਰਸ਼ਾਸਨ ਨੇ ਪੰਚਾਇਤ ਵਿਭਾਗ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫ਼ੌਗਿੰਗ ਕਰਨ 11 ਫੌਗਿੰਗ ਮਸ਼ੀਨਾਂ ਦਿੱਤੀਆਂ
ਕੱਲ੍ਹ ਤੋਂ ਹੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੱਛਰ-ਮੱਖੀਆਂ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਜਾਵੇਗੀ ਫ਼ੌਗਿੰਗ
ਰੋਹਿਤ ਗੁਪਤਾ
ਗੁਰਦਾਸਪੁਰ, 4 ਸਤੰਬਰ - ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਮੱਛਰ ਤੇ ਮੱਖੀਆਂ ਤੋਂ ਕੋਈ ਬਿਮਾਰੀ ਨਾ ਫੈਲੇ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਹਿਤਿਆਤ ਵਰਤਦਿਆਂ ਅਗੇਤੇ ਹੀ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈੱਡ ਕਰਾਸ ਦੇ ਸਹਿਯੋਗ ਨਾਲ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ 11 ਫੌਗਿੰਗ ਮਸ਼ੀਨਾਂ ਲੈ ਕੇ ਦਿੱਤੀਆਂ ਗਈਆਂ ਹਨ ਜੋ ਪਿੰਡ-ਪਿੰਡ ਜਾ ਕੇ ਫੌਗਿੰਗ ਕਰਨਗੀਆਂ।
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ 11 ਫੌਗਿੰਗ ਮਸ਼ੀਨਾਂ ਦੇਣ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਹ ਫੌਗਿੰਗ ਮਸ਼ੀਨਾਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਕੱਲ੍ਹ ਤੋਂ ਹੀ ਫੌਗਿੰਗ ਸ਼ੁਰੂ ਕਰ ਦੇਣਗੀਆਂ ਤਾਂ ਜੋ ਮੱਛਰਾਂ ਤੇ ਮੱਖੀਆਂ ਨਾਲ ਕੋਈ ਵੀ ਬਿਮਾਰੀ ਨਾ ਫੈਲੇ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਜ਼ਿਲ੍ਹੇ ਦੇ ਕਈ ਪਿੰਡ ਪ੍ਰਭਾਵਿਤ ਹੋਏ ਹਨ ਜਿਸ ਕਾਰਨ ਕਈ ਪਿੰਡਾਂ ਵਿੱਚ ਅਜੇ ਵੀ ਹੜ੍ਹ ਦਾ ਪਾਣੀ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਮੱਛਰਾਂ ਕਾਰਨ ਡੇਂਗੂ, ਮਲੇਰੀਆ, ਚਿਕਨਗੁਨੀਆ ਤੇ ਹੋਰ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਲਈ ਅਹਿਤਿਆਤ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਗੇਤੇ ਹੀ ਪ੍ਰਬੰਧ ਕਰਕੇ ਜ਼ਿਲ੍ਹੇ ਦੇ 11 ਬਲਾਕਾਂ ਵਿੱਚ ਇਹ ਮਸ਼ੀਨਾਂ ਮੁਹੱਈਆ ਕਰਵਾ ਦਿੱਤੀਆਂ ਹਨ ਅਤੇ ਨਾਲ ਹੀ ਪੰਚਾਇਤ ਵਿਭਾਗ ਦੇ ਕਰਮਚਾਰੀਆਂ ਨੂੰ ਫੌਗਿੰਗ ਮਸ਼ੀਨ ਚਲਾਉਣ ਦੀ ਸਿਖਲਾਈ ਦੇ ਦਿੱਤੀ ਗਈ ਹੈ। ਉਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਸਰਪੰਚਾਂ ਨੂੰ ਕਿਹਾ ਕਿ ਉਹ ਪਹਿਲ ਦੇ ਅਧਾਰ 'ਤੇ ਆਪਣੇ ਪਿੰਡ ਵਿੱਚ ਫੌਗਿੰਗ ਕਰਵਾਉਣ ਲਈ ਸਬੰਧਿਤ ਬੀ.ਡੀ.ਪੀ.ਓ. ਦਫ਼ਤਰ ਨਾਲ ਸੰਪਰਕ ਕਰਨ।
ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਗੁਰਪ੍ਰੀਤ ਸਿੰਘ ਗਿੱਲ, ਡੀ.ਡੀ.ਪੀ.ਓ. ਸ. ਹਰਪ੍ਰੀਤ ਸਿੰਘ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਰਾਜੀਵ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।