ਸੰਤ ਸੀਚੇਵਾਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 50 ਲੱਖ ਦੀ ਗ੍ਰਾਂਟ ਦਾ ਐਲਾਨ
*ਗ੍ਰਾਂਟ ਨਾਲ ਹੜ੍ਹ ਪੀੜਤ ਪਿੰਡਾਂ ਨੂੰ ਮਿਲਣਗੀਆਂ ਕਿਸ਼ਤੀਆਂ ਤੇ ਪਾਣੀ ਵਾਲੇ ਟੈਂਕਰ*
*ਰਾਹਤ ਸਮੱਗਰੀ ਵਾਲਿਆਂ ਦੀ ਸਹੂਲਤ ਲਈ ਮੋਬਾਇਲ ਨੰਬਰ ਜਾਰੀ*
ਜਲੰਧਰ/ਸੁਲਤਾਨਪੁਰ ਲੋਧੀ, 03 ਸਤੰਬਰ
ਪੰਜਾਬ ਵਿੱਚ ਆਏ ਹੜ੍ਹਾਂ ਦੇ ਦਰਦ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਿਆ ਪੀੜਤ ਲੋਕਾਂ ਦੀ ਮਦੱਦ ਵਾਸਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਅਖਤਿਆਰੀ ਫੰਡਜ਼ ਵਿੱਚੋਂ 50 ਲੱਖ ਰੁਪੈ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਇਸ ਗ੍ਰਾਂਟ ਵਿੱਚੋਂ 5 ਪਿੰਡਾਂ ਨੂੰ ਕਿਸ਼ਤੀਆਂ ਅਤੇ ਪੀਣ ਵਾਲੇ ਪਾਣੀ ਦੇ ਟੈਂਕਰ ਲੈ ਕੇ ਦਿੱਤੇ ਜਾ ਰਹੇ ਹਨ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੁੱਝ ਦਿਨ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਹਾਜ਼ਰੀ ਵਿੱਚ ਮੋਟਰ ਬੋਟ ਦੇਣ ਦਾ ਐਲਾਨ ਕੀਤਾ ਸੀ। ਇਹਨਾਂ ਪਿੰਡਾਂ ਵਿੱਚ ਸੰਤ ਸੀਚੇਵਾਲ ਵੱਲੋਂ ਕਪੂਰਥਲਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਸਾਂਗਰਾ, ਆਹਲੀ ਕਲਾਂ ਅਤੇ ਰਾਮਪੁਰ ਗੋਹਰਾ ਨੂੰ ਗ੍ਰਾਂਟ ਜਾਰੀ ਕਰ ਦਿੱਤੀ ਹੈ। ਇਸੇ ਤਰ੍ਹਾਂ ਮਾਝੇ ਖੇਤਰ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੜ੍ਹ ਦੌਰਾਨ ਮਚੀ ਤਬਾਹੀ ਦੌਰਾਨ ਪੀੜਤ ਲੋਕਾਂ ਨੂੰ ਪੀਣ ਵਾਲੇ ਪਾਣੀ ਦੇ ਆ ਰਹੀ ਕਿੱਲਤ ਨੂੰ ਦੂਰ ਕਰਨ ਲਈ ਉਹਨਾਂ ਵੱਲੋਂ ਅਜਨਾਲੇ ਦੇ 4 ਪਿੰਡਾਂ ਨੂੰ ਪਾਣੀ ਵਾਲੇ ਟੈਂਕਰ ਦਿੱਤੇ ਹਨ। ਉਹਨਾਂ ਵੱਲੋਂ ਹੁਣ ਤੱਕ ਆਪਣੇ ਅਖਤਿਆਰੀ ਫੰਡਜ਼ ਵਿੱਚੋਂ 43 ਲੱਖ ਤੋਂ ਵੱਧ ਪੈਸੇ ਜਾਰੀ ਕਰ ਦਿੱਤੇ ਹਨ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਹ ਹਮੇਸ਼ਾ ਹੜ੍ਹਾਂ ਪੀੜਤਾਂ ਦੀ ਸਹਾਇਤਾ ਲਈ ਖੜ੍ਹੇ ਹਨ। ਉਹਨਾਂ ਦੱਸਿਆ ਕਿ ਸਤਲੁਜ ਦਰਿਆ ਦੇ ਤਿੰਨ ਵਾਰ ਟੁੱਟੇ ਧੱੁਸੀ ਬੰਨ੍ਹ ਦੇ ਨੇੜੇ ਵਸੇ ਪਿੰਡਾਂ ਦੇ ਲੋਕਾਂ ਦਾ ਦਰਦ ਉਹ ਨੇੜਿਓ ਜਾਣਦੇ ਹਨ। ੳੇੁਹਨਾਂ ਕਿਹਾ ਕਿ 24 ਦਿਨਾਂ ਤੋਂ ਪਾਣੀ ਵਿੱਚ ਘਿਰੇ ਲੋਕਾਂ ਦਾ ਜੀਵਨ ਬੜਾ ਸੰਕਟ ਮਈ ਹੈ। ਉਹਨਾਂ ਦੱਸਿਆ ਕਿ ਉਹ 11 ਅਗਸਤ ਤੋਂ ਲਗਾਤਰ ਹੜ੍ਹ ਪੀੜਤਾਂ ਦੀ ਸਹਾਇਤਾ ਵਿੱਚ ਹਾਜ਼ਰ ਸਨ। ਸੰਤ ਸੀਚੇਵਾਲ ਨੇ ਹੜ੍ਹ ਪੀੜਤਾਂ ਦੀ ਮਦੱਦ ਲਈ ਸਮਾਨ ਲੈ ਕੇ ਆਉਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆ ਕਿਹਾ ਕਿ ਪੰਜਾਬ ਦੇ ਲੋਕ ਹੜ੍ਹਾਂ ਦੌਰਾਨ ਇੱਕ ਦੂਜੇ ਦੀ ਮਦੱਦ ਕਰਕੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਆਤਮਸਾਤ ਕਰ ਰਹੇ ਹਨ।
ਸੰਤ ਸੀਚੇਵਾਲ ਨੇ ਦੂਰ ਦਰਾਂਡੇ ਤੋਂ ਰਾਹਤ ਸਮੱਗਰੀ ਲੈ ਕੇ ਆਉਣ ਵਾਲਿਆਂ ਦੀ ਸਹੂਲਤ ਤੇ ਹੜ੍ਹ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਮੋਬਾਇਲ ਨੰਬਰ +91 94630-60363, +91 81466-93793, +91 97818-35919 ਜਾਰੀ ਕੀਤੇ ਹਨ। ਜਿਸ ਰਾਹੀ ਉਹਨਾਂ ਨੂੰ ਸਹੀ ਜਾਣਕਾਰੀ ਮਿਲ ਸਕੇ ਕਿ ਉਹ ਰਾਹਤ ਸਮੱਗਰੀ ਲੈ ਕੇ ਕਦੋਂ ਆਉਣ। ਉਹਨਾਂ ਕਿਹਾ ਕਿ ਹੜ੍ਹਾਂ ਦੀ ਅਸਲ ਸਥਿਤੀ ਪਾਣੀ ਉਤਰਨ ਤੋਂ ਬਾਅਦ ਪਤਾ ਚੱਲੇਗੀ ਤੇ ਉਸ ਵੇਲੇ ਪੀੜਤਾਂ ਦੇ ਮੁੜ ਵਸੇਬੇ ਲਈ ਸੇਵਾ ਦੀ ਸਖਤ ਲੋੜ ਹੋਵੇਗੀ।
ਯਾਦ ਰਹੇ ਕਿ ਸੰਤ ਸੀਚੇਵਾਲ ਵੱਲੋਂ ਸਾਲ 2023 ਦੌਰਾਨ ਸ਼ਾਹਕੋਟ ਏਰੀਏ ਵਿੱਚ ਆਏ ਹੜ੍ਹਾਂ ਦੌਰਾਨ ਵੀ ਆਪਣੀ ਤਨਖਾਹ ਵਿੱਚੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਐਕਸਾਵੇਟਰ ਮਸ਼ੀਨ ਲੈ ਕੇ ਦਿੱਤੀ ਗਈ ਸੀ। ਜਿਸ ਨੇ ਉਸ ਸਮੇਂ ਧੁੱਸੀ ਬੰਨ੍ਹ ਵਿੱਚ ਆਏ 2 ਪਾੜਾਂ ਨੂੰ ਪੂਰਨ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਹੁਣ ਵੀ ਇਹ ਮਸ਼ੀਨ ਕਿਸਾਨਾਂ ਦੀ ਸਹਾਇਤਾ ਲਈ ਹੜ੍ਹਾਂ ਪੀੜਤ ਇਲਾਕਿਆਂ ਵਿੱਚ ਬੰਨ੍ਹ ਨੂੰ ਮਜ਼ਬੂਤ ਕਰਨ ਵਿੱਚ ਲੱਗੀ ਹੋਈ ਹੈ।
*ਬਾਕਸ ਆਈਟਮ : ਨਿਹੰਗ ਮੁੱਖੀ ਬਾਬਾ ਬਲਬੀਰ ਸਿੰਘ, ਮਨੀਸ਼ ਸਿਸੋਦੀਆ ਤੇ ਸਾਂਸਦ ਸਤਨਾਮ ਸਿੰਘ ਸੰਧੂ ਵੱਲੋਂ ਸੰਤ ਸੀਚੇਵਾਲ ਨਾਲ ਮੁਲਾਕਾਤ*
96 ਕਰੋੜੀ ਬੁੱਢਾ ਦੱਲ ਦੇ ਨਿਹੰਗ ਮੁੱਖੀ ਬਾਬਾ ਬਲਬੀਰ ਸਿੰਘ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਸਮੇਤ ਅੱਜ ਬਾਊਪੁਰ ਪੁਲ ਤੇ ਹੜ੍ਹ ਪੀੜਤਾਂ ਦੀ ਸੇਵਾ ਵਿੱਚ ਲੱਗੇ ਸੰਤ ਸੀਚੇਵਾਲ ਨਾਲ ਮੁਲਾਕਾਤ ਕੀਤੀ ਗਈ। ਉਹਨਾਂ ਸੰਤ ਸੀਚੇਵਾਲ ਦੀ ਪ੍ਰਸ਼ੰਸ਼ਾ ਕਰਦਿਆ ਕਿਹਾ ਕਿ ਮਹਾਂਪੁਰਖ ਪਹਿਲੇ ਦਿਨ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਸੇਵਾ ਵਿੱਚ ਡਟੇ ਹੋਏ ਹਨ। ਉਹਨਾਂ ਕਿਹਾ ਕਿ ਸੰਤ ਸੀਚੇਵਾਲ ਦੇ ਉਦਮ ਨੇ ਹੜ੍ਹ ਪ੍ਰਭਾਵਿਤ ਲੋਕਾਂ ਅੰਦਰ ਹੌਂਸਲਾ ਬਣਾ ਕਿ ਰੱਖਿਆ ਹੋਇਆ ਹੈ। ਬਾਬਾ ਬਲਬੀਰ ਸਿੰਘ ਵੱਲੋਂ ਸੰਤ ਸੀਚੇਵਾਲ ਨੂੰ ਭਰੋਸਾ ਦਿੱਤਾ ਗਿਆ ਕਿ ਉਹ, ਸਮੱੁਚੀ ਸਿੱਖ ਸੰਗਤ ਤੇ ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਦੇ ਨਾਲ ਹਨ। ਇਸੇ ਤਰ੍ਹਾਂ ਬੀਤੇ ਦਿਨੀ ਰਾਜ ਸਭਾ ਦੇ ਨਾਮਜ਼ਦ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਵੱਲੋਂ ਸੰਤ ਸੀਚੇਵਾਲ ਨਾਲ ਮੁਲਾਕਾਤ ਕੀਤੀ ਗਈ ਤੇ ਕਿਸ਼ਤੀ ਰਾਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ।
.....