ਗੁਲਾਬ ਚੰਦ ਕਟਾਰੀਆ ਵੱਲੋਂ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਰਾਹਤ ਕਾਰਜਾਂ ਦੀ ਪ੍ਰਸ਼ੰਸਾ
ਦੀਨਾਨਗਰ , 3 ਸਤੰਬਰ 2025- ਪੰਜਾਬ ਦੇ 37ਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਲਗੀਧਰ ਟਰੱਸਟ ਦੇ ਸੇਵਾਦਾਰ ਭਾਈ ਹਰਜੀਤ ਸਿੰਘ ਜੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਸਰਹੱਦੀ ਖੇਤਰ ਵਿੱਚ ਆਏ ਹੜ੍ਹਾਂ ਦੌਰਾਨ ਟਰੱਸਟ ਵੱਲੋਂ ਚਲਾਏ ਗਏ ਇਨਸਾਨੀ ਅਤੇ ਰਾਹਤ ਕੰਮਾਂ ਦੀ ਤਹਿ ਦਿਲੋਂ ਪ੍ਰਸ਼ੰਸਾ ਕੀਤੀ। ਇਸ ਦੌਰਾਨ ਰਾਜਪਾਲ ਨੇ ਦੀਨਾਨਗਰ ਵਿਖੇ ਬਣਾਏ ਗਏ ਰਾਹਤ ਕੈਂਪ ਦੀ ਖਾਸ ਤੌਰ 'ਤੇ ਸਲਾਹਨਾ ਕੀਤੀ ਅਤੇ ਕਲਗੀਧਰ ਟਰੱਸਟ ਵੱਲੋਂ ਮਨੁੱਖਤਾ ਦੀ ਭਲਾਈ ਲਈ ਨਿਰੰਤਰ ਚੱਲ ਰਹੇ ਸੇਵਾ ਕਾਰਜਾਂ ਦੀ ਵੀ ਖੁਲ ਕੇ ਪ੍ਰਸ਼ੰਸਾ ਕੀਤੀ। ਜਿਕਰਯੋਗ ਹੈ ਕਿ ਟਰੱਸਟ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੀ ਦੀਨਾਨਗਰ ਅਤੇ ਗੁਰਦਾਸਪੁਰ ਤਹਿਸੀਲ ਦੇ 35 ਪਿੰਡਾਂ ਵਿੱਚੋਂ 1100 ਵਿਅਕਤੀਆਂ ਨੂੰ, ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ, ਜਲਾਲਾਬਾਦ ਅਤੇ ਫਾਜ਼ਿਲਕਾ ਤਹਿਸੀਲ ਦੇ 32 ਪਿੰਡਾਂ ਵਿੱਚੋਂ 800 ਦੇ ਲਗਭਗ ਵਿਅਕਤੀਆਂ ਨੂੰ, ਅੰਮ੍ਰਿਤਸਰ ਜ਼ਿਲ੍ਹੇ ਦੀ ਰਮਦਾਸ, ਲੋਪੋਕੇ ਅਤੇ ਅਜਨਾਲਾ ਤਹਿਸੀਲ ਦੇ 50 ਪਿੰਡਾਂ ਵਿੱਚੋਂ 2500 ਤੋਂ ਵੱਧ ਵਿਅਕਤੀਆਂ ਨੂੰ ਰੈਸਕਿਊ ਅਤੇ ਰਾਸ਼ਨ ਪਹੁੰਚਾਇਆ ਗਿਆ ਅਤੇ 1500 ਤੋਂ ਵੱਧ ਰਾਸ਼ਨ ਦੀਆਂ ਕਿਟਾਂ ਅਤੇ ਲੰਗਰ ਵੰਡਿਆ ਗਈਆਂ। ਫਿਰੋਜ਼ਪੁਰ ਅਤੇ ਤਰਨ ਤਾਰਨ ਜ਼ਿਲ੍ਹੇ ਵਿੱਚ ਰੈਸਕਿਊ ਅਪ੍ਰੇਸ਼ਨ ਚੱਲ ਰਿਹਾ ਹੈ ਇਸ ਅਪਰੇਸ਼ਨ ਨਾਲ ਹੁਣ ਤੱਕ 500 ਵਿਅਕਤੀਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ। ਇਹਨਾਂ ਪਿੰਡਾਂ ਵਿੱਚ ਹੜ੍ਹ ਪੀੜਤਾਂ ਨੂੰ ਘਰੋਂ-ਘਰੀ ਲੰਗਰ, ਦੁੱਧ, ਪਾਣੀ, ਰਾਹਤ ਕਿੱਟਾਂ, ਪਸ਼ੂਆਂ ਲਈ ਚਾਰਾ ਆਦਿ ਲੈ ਕੇ ਬੇੜੀਆਂ ਰਾਹੀਂ ਵੰਡਿਆ ਜਾ ਰਿਹਾ ਹੈ। ਹੁਣ ਤੱਕ 5000 ਤੋਂ ਵੱਧ ਵਿਅਕਤੀਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ। ਇਹ ਪਲ ਹੋਰ ਵੀ ਮਾਣਯੋਗ ਬਣ ਗਿਆ ਜਦੋਂ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨਾਲ ਆਈ.ਏ.ਐੱਸ ਅਫਸਰ ਜਸਪਿੰਦਰ ਸਿੰਘ ਓਹਨਾ ਨਾਲ ਸਨ, ਜੋ ਕਿ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਦੇ ਪੂਰਵ ਵਿਦਿਆਰਥੀ ਹਨ। ਕਲਗੀਧਰ ਟਰੱਸਟ ਲਈ ਇਹ ਮਾਣ ਦੀ ਗੱਲ ਹੈ ਕਿ ਇਸ ਦੀਆਂ ਸਿੱਖਿਆਤਮਕ ਸੰਸਥਾਵਾਂ ਤੋਂ ਪਾਸ ਹੋਏ ਵਿਦਿਆਰਥੀ ਅੱਜ ਪੰਜਾਬ ਦੇ ਇਹਨਾਂ ਨਾਜ਼ੁਕ ਹਲਾਤਾਂ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਹਨ।
- Download Babushahi App
-
-