ਟਿਵਾਣਾ ਤੋਂ ਸੜਕ ਪਾਰਲਾ ਖੇਤਰ ਵੀ ਪਾਣੀ ਦੀ ਮਾਰ ਹੇਠ
ਫਸਲ ਡੁੱਬੀ ਤੇ ਕਈ ਪਿੰਡਾਂ ਦਾ ਆਪਸੀ ਸੰਪਰਕ ਟੁੱਟਿਆ
ਮਲਕੀਤ ਸਿੰਘ ਮਲਕਪੁਰ
ਲਾਲੜੂ 3 ਸਤੰਬਰ 2025: ਲਾਲੜੂ ਖੇਤਰ ਵਿੱਚ ਭਾਰੀ ਬਰਸਾਤ ਪੈਣ ਨਾਲ ਪਿੰਡ ਟਿਵਾਣਾ ਤੋਂ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਪਾਰਲਾ (ਚੜਦੇ ਵਾਲਾ) ਖੇਤਰ ਵੀ ਪਾਣੀ ਦੀ ਲਪੇਟ ਵਿੱਚ ਆਉਣ ਲੱਗਾ ਹੈ । ਪਿੰਡ ਸਿਤਾਰਪੁਰ, ਬਟੌਲੀ, ਮੀਰਪੁਰਾ ਤੇ ਕੁਰਲੀ ਸਮੇਤ ਹੋਰਨਾਂ ਪਿੰਡਾਂ ਦੇ ਬਾਹਰ ਪਾਣੀ ਦੀ ਆਮਦ ਵੱਧ ਗਈ ਹੈ ਅਤੇ ਕਈਂ ਪਿੰਡਾਂ ਵਿੱਚ ਆਉਣ- ਜਾਣ ਦਾ ਸੰਪਰਕ ਇੱਕ ਤਰ੍ਹਾਂ ਨਾਲ ਟੁੱਟ ਗਿਆ ਹੈ। ਕਾਬਿਲੇਗੌਰ ਹੈ ਕਿ ਇਨ੍ਹਾਂ ਪਿੰਡਾਂ ਵਿੱਚ ਜੌਲਾ ਤੋਂ ਬਰਸਾਤੀ ਪਾਣੀ ਨਾਲ ਭਰ ਕੇ ਆਉਂਦਾ ਚੋਆ ਅਤੇ ਪਿੰਡਾਂ ਵਿੱਚ ਪੈ ਰਹੀ ਬਰਸਾਤ ਕਾਰਨ ਪਾਣੀ ਦੀ ਬਹੁਤਾਤ ਵੱਧ ਗਈ ਹੈ। ਪਿੰਡ ਕੁਰਲੀ ਤੋਂ ਬਲਾਕ ਸੰਮਤੀ ਮੈਂਬਰ ਮਨਪ੍ਰੀਤ ਸਿੰਘ, ਸਾਬਕਾ ਸਰਪੰਚ ਇੰਦਰਜੀਤ ਸਿੰਘ, ਸਿਤਾਰਪੁਰ ਤੋਂ ਸਰਪੰਚ ਦੁਰਗਾ ਦਾਸ ਤੇ ਪੰਚ ਗੁਰਜੰਟ ਸਿੰਘ ਸਮੇਤ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਜ ਤੜਕੇ ਤੋਂ ਪੈ ਰਹੀ ਤੇਜ਼ ਬਰਸਾਤ ਅਤੇ ਜੌਲਾ ਮੀਰਪੁਰਾ ਵਿਖੇ ਨਿਕਲਦਾ ਚੋਆ, ਜਿਸ ਵਿੱਚ ਬਰਸਾਤ ਦਾ ਪਾਣੀ ਪੂਰੀ ਤਰ੍ਹਾਂ ਭਰ ਕੇ ਆ ਰਿਹਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਪਾਣੀ ਵੜਨ ਤੋਂ ਹਾਲੇ ਬਚਾਅ ਹੈ,ਪਰ ਪਿੰਡ ਦੇ ਬਾਹਰ ਫਸਲ ਪਾਣੀ ਨਾਲ ਪੂਰੀ ਤਰ੍ਹਾਂ ਨਾਲ ਡੁੱਬ ਚੁੱਕੀ ਹੈ ਅਤੇ ਸੜਕਾਂ ਦੇ ਉੱਤੇ ਦੀ ਪਾਣੀ ਲੰਘ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਸਰਸੀਣੀ ਤੋਂ ਕੁਰਲੀ ਆ ਰਹੀ ਸੰਪਰਕ ਸੜਕ ਦਾ ਸੰਪਰਕ ਪਿੰਡ ਨਾਲ ਪਿਛਲੇ 8 ਦਿਨਾਂ ਤੋਂ ਟੁੱਟਿਆ ਹੋਇਆ ਹੈ ਅਤੇ ਉਕਤ ਪਿੰਡਾਂ ਦੇ ਲੋਕ ਡਰਾਇਵ ਇੰਨ 22 ਵਾਲੀ ਸੰਪਰਕ ਸੜਕ ਰਾਹੀਂ ਹੀ ਆ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਉਕਤ ਸੜਕ 'ਤੇ ਵੀ 3-3 ਫੁੱਟ ਪਾਣੀ ਆ ਗਿਆ ਹੈ, ਜਿਸ ਨਾਲ ਲੋਕਾਂ ਦਾ ਸ਼ਹਿਰ ਆਉਣਾ-ਜਾਣਾ ਔਖਾ ਹੋ ਗਿਆ। ਉਨ੍ਹਾਂ ਕਿਹਾ ਕਿ ਜੇਕਰ ਹੋਰ ਬਰਸਾਤ ਹੁੰਦੀ ਹੈ ਤਾਂ ਉਨ੍ਹਾਂ ਦਾ ਸ਼ਹਿਰ ਨਾਲ ਸੰਪਰਕ ਵੀ ਟੁੱਟ ਸਕਦਾ ਹੈ ਅਤੇ ਪਾਣੀ ਨਾਲ ਨੱਕੋ-ਨੱਕ ਭਰੇ ਖੇਤਾਂ ਵਿੱਚ ਖੜੀ ਝੋਨੇ ਦੀ ਫਸਲ ਵੀ ਖਤਮ ਹੋ ਸਕਦੀ ਹੈ ਅਤੇ ਪਿੰਡਾਂ ਵਿੱਚ ਪਾਣੀ ਵੜਨ ਦੀ ਸੰਭਾਵਨਾ ਵੀ ਵੱਧ ਸਕਦੀ ਹੈ।