ਟੀਐਸਪੀਐਲ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਰੁੱਖ ਲਾਓ ਮੁਹਿੰਮ ਦਾ ਆਗਾਜ਼
ਅਸ਼ੋਕ ਵਰਮਾ
ਮਾਨਸਾ, 5 ਅਗਸਤ 2025:ਵੇਦਾਂਤਾ ਪਾਵਰ ਇਕਾਈ ਤਲਵੰਡੀ ਸਾਹਿਬੋ ਪਾਵਰ ਲਿਮਿਟੇਡ ਵਿਖੇ ਜੰਗਲਾਤ ਵਿਭਾਗ ਮਾਨਸਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੁੱਖ ਲਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਵਾਤਾਵਰਨ ਸੁਰੱਖਿਆ ਅਤੇ ਸਮਾਜਿਕ ਹਿੱਸੇਦਾਰੀ ਵੱਲ ਚੁੱਕੇ ਇਸ ਕਦਮ ਤਹਿਤ ਰੁੱਖ ਲਾਉਣ ਦਾ ਉਦਘਾਟਨ ਡਿਵੀਜ਼ਨਲ ਜੰਗਲਾਤ ਅਫਸਰ ਮਾਨਸਾ ਪਵਨ ਸ੍ਰੀਧਰ ਵੱਲੋਂ ਟੀਐਸਪੀਐਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੰਕਜ ਸ਼ਰਮਾ ਅਤੇ ਅਧਿਕਾਰਤਾ ਤੇ ਵਾਤਾਵਰਣ ਮੁਖੀ ਵਕਾਸ ਸ਼ਰਮਾ ਦੀ ਮੌਜੂਦਗੀ ਵਿੱਚ ਕੀਤਾ ਗਿਆ। ਮੁਹਿੰਮ ਦੀ ਸ਼ੁਰੂਆਤ ਬਣਾਂਵਾਲਾ ਸਥਿਤ ਟੀਐਸਪੀਐਲ ਦੇ ਕੈਂਪਸ ਤੋਂ ਹੋਈ, ਜੋ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਨਿੱਜੀ ਥਰਮਲ ਪਾਵਰ ਪਲਾਂਟ ਹੈ। ਇਸ ਦੌਰਾਨ ਉਹਨਾਂ ਦੇ ਨਾਲ ਜੰਗਲਾਤ ਵਿਭਾਗ ਦੀ ਟੀਮ ਦੇ ਇਕਬਾਲ ਸਿੰਘ, ਜਸਵਿੰਦਰ ਸਿੰਘ, ਹਰਮੇਲ ਸਿੰਘ, ਜਸਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੌਕੇ ‘ਤੇ ਸ਼੍ਰੀਮਤੀ ਸਮੀਤਾ, ਸੀਨੀਅਰ ਵਾਤਾਵਰਣ ਇੰਜੀਨੀਅਰ, ਜੋਨਲ ਦਫਤਰ ਬਠਿੰਡਾ ਤੇ ਦਲਜੀਤ ਸਿੰਘ, ਵਾਤਾਵਰਣ ਇੰਜੀਨੀਅਰ, ਖੇਤਰੀ ਦਫਤਰ ਬਠਿੰਡਾ ਨੇ ਮੁਹਿੰਮ ਦੀ ਸਫਲਤਾ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀਮਤੀ ਸਮੀਤਾ ਨੇ ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਇਸ ਮੁਹਿੰਮ ਦੀ ਇੱਕ ਹਰਿਆ-ਭਰਿਆ ਭਵਿੱਖ ਬਣਾਉਣ ਵੱਲ ਇੱਕ ਅਹਿਮ ਕਦਮ ਕਰਾਰ ਦਿੱਤਾ। ਸ਼੍ਰੀ ਪਵਨ ਸ਼੍ਰੀਧਰ ਨੇ ਟੀਐਸਪੀਐਲ ਵੱਲੋਂ ਵਾਤਾਵਰਣ ਸੁਰੱਖਿਆ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਮੌਕੇ ਪਲਾਂਟ ਵਿੱਚ ਬਣੀ ਲਗਭਗ 1,000 ਏਕੜ ਦੀ ਗ੍ਰੀਨ ਬੈਲਟ ਅਤੇ ਇਕ ਘੰਟੇ ਤੋਂ ਘੱਟ ਸਮੇਂ ਵਿੱਚ 2 ਲੱਖ ਤੋਂ ਵੱਧ ਰੁੱਖ ਲਾਕੇ ਬਣਾਏ ਗਿਨੀਜ਼ ਵਰਲਡ ਰਿਕਾਰਡ ਦਾ ਜ਼ਿਕਰ ਕੀਤਾ। ਅਂਐਸਪੀਐਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 350ਵੀਂ ਸ਼ਹਾਦਤ ਦੀ ਪ੍ਰਤੀਕਾਤਮਕ ਭਾਵਨਾ ਦੇ ਤਹਿਤ, ਸਾਰੇ ਮਾਨਸਾ ਜ਼ਿਲ੍ਹੇ ਵਿੱਚ ਰਿਵਾਇਤੀ ਤ੍ਰਿਵੈਣੀ ਦਾ ਭਾਗ ਬੋਹੜ, ਪਿੱਪਲ਼ ਅਤੇ ਨਿੰਮ ਸਮੇਤ 3.5 ਲੱਖ ਰੁੱਖ ਲਾਉਣ ਦਾ ਟੀਚਾ ਮਿਥਿਆ ਗਿਆ ਹੈ।
ਟੀਐਸਪੀਐਲ ਨੇ ਇਸ ਮੁਹਿੰਮ ਦਾ ਹਿੱਸਾ ਬਣ ਕੇ ਵੇਦਾਂਤਾ ਪਾਵਰ ਦੀ ਈਐਸਜੀ (ਵਾਤਾਵਰਣ, ਸਮਾਜਿਕ ਅਤੇ ਸ਼ਾਸਨ) ਰਣਨੀਤੀ ਦੇ ਪ੍ਰਤੀ ਆਪਣੀ ਵਚਨਬੱਧਤਾ ਦੋਹਰਾਈ, ਜੋ ਕਿ ਸਰਵਪੱਖੀ ਵਿਕਾਸ, ਸਮਾਜਿਕ ਸੱਖ ਅਤੇ ਵਾਤਾਵਰਣ ਸੁਰੱਖਿਆ ਨੂੰ ਆਪਣੀ ਕਾਰੋਬਾਰੀ ਨੀਤੀ ਦਾ ਕੇਂਦਰ ਮੰਨਦੀ ਹੈ। ਕੰਪਨੀ ਨੇ ਇਸ ਮੌਕੇ ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਅਤੇ ਹੋਰ ਸੰਸਥਾਵਾਂ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ। ਟੀਐਸਪੀਐਲ ਅਧਿਕਾਰੀਆਂ ਨੇ ਦੱਸਿਆ ਕਿ ਪੀਪੀਸੀਬੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਵਣ ਵਿਭਾਗ ਨਾਲ ਮਿਲ ਕੇ ਢੁੱਕਵੀਂ ਕਾਰਵਾਈ ਦੇ ਜ਼ਰੀਏ, ਟੀਐਸਪੀਐਲ ਕਾਰਬਨ ਨਿਕਾਸ ਘਟਾਉਣ ਅਤੇ ਸਥਿਰਤਾ ਵੱਲ ਆਪਣੇ ਯਤਨਜਾਰੀ ਰੱਖਦਾ ਹੈ ਅਤੇ ਨਾਲ ਹੀ ਉਹਨਾਂ ਸਮਾਜਿਕ ਹਿੱਸਿਆਂ ਲਈ ਤਰੱਕੀ ਨੂੰ ਵੀ ਤਾਕਤ ਦੇ ਰਿਹਾ ਹੈ ਜਿਨ੍ਹਾਂ ਦੀ ਉਹ ਸੇਵਾ ਕਰਦਾ ਹੈ।