ਤਹਿਸੀਲ ਕੰਪਲੈਕਸ ਬਾਬਾ ਬਕਾਲਾ 'ਚ ਬਿਜਲੀ ਸਪਲਾਈ ਬੰਦ ਹੋਣ ਕਾਰਨ ਲੋਕ ਖੱਜਲ ਖ਼ੁਆਰ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ , 04 ਅਗਸਤ 2025- ਅੱਜ ਤਹਿਸੀਲ ਕੰਪਲੈਕਸ ਵਿਚ ਲਗਾਤਾਰ ਦੋ ਘੰਟੇ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਫ਼ਰਦ ਕੇਂਦਰ ਅਤੇ ਸਾਰੇ ਦਫ਼ਤਰੀ ਕੰਮ ਬੰਦ ਰਹੇ ਲੋਕ ਖੱਜਲ-ਖ਼ੁਆਰ ਹੁੰਦੇ ਦੇਖੇ ਗਏ। ਮੌਕੇ ਤੇ ਜਾ ਕਿ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਜ ਕਰੀਬ 12 ਵਜੇ ਤੋ ਬਾਅਦ ਬਿਜਲੀ ਸਪਲਾਈ ਬੰਦ ਹੋਣ ਕਾਰਨ ਉੱਥੇ ਵੱਖ ਵੱਖ ਕੰਮਾਂ ਲਈ ਪੁੱਜੇ ਲੋਕ ਬਾਅਦ ਦੁਪਹਿਰ ਤੱਕ ਭਾਰੀ ਪਰੇਸ਼ਾਨ ਹੁੰਦੇ ਰਹੇ। ਕਿਸੇ ਵੀ ਅਧਿਕਾਰੀ ਨੇ ਉੱਥੇ ਜਨਰੇਟਰ ਚਾਲੂ ਕਰਨ ਲਈ ਹਦਾਇਤ ਨਹੀਂ ਕੀਤੀ।
ਇਸ ਸਬੰਧੀ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਮੁਖਤਾਰ ਸਿੰਘ ਨੇ ਦੱਸਿਆ ਕਿ ਉਹ ਜਮ੍ਹਾਬੰਦੀ ਲੈਣ ਲਈ ਫ਼ਰਦ ਕੇਂਦਰ ਤੋ ਜਮ੍ਹਾਬੰਦੀ ਲੈਣ ਕਰੀਬ 11 ਵਜੇ ਦੇ ਆਏ ਹੋਏ ਹਨ ਪਰ ਬਿਜਲੀ ਬੰਦ ਹੋਣ ਕਾਰਨ ਹੁਣ ਤਿੰਨ ਵੱਜ ਗਏ ਹਨ ਅਜੇ ਤੱਕ ਜਮ੍ਹਾਬੰਦੀ ਪ੍ਰਾਪਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਆਨਲਾਈਨ ਕੀਤਾ ਹੋਇਆ ਹੈ ਪਰ ਇੱਥੇ ਉਨ੍ਹਾਂ ਨੂੰ ਗਰਮੀ ਵਿਚ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਇਸੇ ਤਰ੍ਹਾਂ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਆਏ ਸਨ ਪਰ ਇੱਥੇ ਕਈ ਘੰਟਿਆਂ ਤੋ ਖੱਜਲ-ਖ਼ੁਆਰ ਹੋ ਰਹੇ ਹਾਂ।
ਉੱਥੇ ਵੱਖ ਵੱਖ ਕੰਮਾਂ ਲਈ ਪੁੱਜੇ ਲੋਕਾਂ ਨੇ ਅਜਿਹੇ ਹੀ ਬਿਆਨ ਦੇਂਦੇ ਕਿਹਾ ਕਿ ਇੱਥੇ ਸਰਕਾਰੀ ਤੌਰ ਤੇ ਜਨਰੇਟਰ ਉਪਲਬਧ ਹਨ ਪਰ ਕੋਈ ਵੀ ਅਧਿਕਾਰੀ ਉਨ੍ਹਾਂ ਵਿਚ ਤੇਲ ਪਾਕੇ ਚਲਾਉਣ ਦੀ ਹਦਾਇਤ ਨਹੀਂ ਕਰ ਰਿਹਾ ਉਹ ਲੋਕ ਖੱਜਲ ਖ਼ੁਆਰ ਹੋ ਰਹੇ ਹਨ। ਇਸ ਸਬੰਧੀ ਤਹਿਸੀਲਦਾਰ ਬਾਬਾ ਬਕਾਲਾ ਰੋਬਨਜੀਤ ਕੌਰ ਨੇ ਕਿਹਾ ਕਿ ਸਾਰਾ ਕੰਮ ਠੀਕ ਤਰ੍ਹਾਂ ਨਾਲ ਚੱਲ ਰਿਹਾ ਹੈ ਜਿਸ ਵਕਤ ਉਨ੍ਹਾਂ ਦਾ ਧਿਆਨ ਬਿਜਲੀ ਬੰਦ ਹੋਣ ਕਾਰਨ ਲੋਕਾਂ ਦੀ ਹੁੰਦੀ ਖੱਜਲ-ਖ਼ੁਆਰੀ ਵੱਲ ਦਿਵਾਇਆ ਤਾਂ ਉਨ੍ਹਾਂ ਸਿਰਫ਼ ਇਨ੍ਹਾਂ ਹੀ ਕਿਹਾ ਬਿਜਲੀ ਚੱਲ ਰਹੀ ਹੈ।