ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਤੇ ਜਾਨਲੇਵਾ ਹਮਲੇ ਦਾ ਮਾਮਲਾ: ਡੀਸੀ ਸੰਗਰੂਰ ਵੱਲੋਂ ਬਣਦੀ ਕਾਰਵਾਈ ਦਾ ਭਰੋਸਾ
- ਕਿਰਤੀ ਕਿਸਾਨ ਯੂਨੀਅਨ, ਡੀਟੀਐੱਫ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਵੱਲੋਂ ਗੁੰਡਾ ਅਨਸਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ
ਦਲਜੀਤ ਕੌਰ
ਸੰਗਰੂਰ, 25 ਅਪ੍ਰੈਲ, 2025: ਕਿਰਤੀ ਕਿਸਾਨ ਯੂਨੀਅਨ, ਡੀਟੀਐੱਫ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸਾਂਝੇ ਵਫ਼ਦ ਵੱਲੋਂ ਅੱਜ ਸੰਗਰੂਰ ਵਿਖੇ ਲਹਿਰਾਗਾਗਾ ਨੇੜਲੇ ਪਿੰਡ ਖਾਈ ਦੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ਨਿਰਭੈ ਸਿੰਘ ਖਾਈ ਦੀ ਕੁੱਟਮਾਰ ਖਿਲਾਫ਼ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਸੰਦੀਪ ਰਿਸ਼ੀ ਨੂੰ ਮਿਲ ਕੇ ਦੋਸ਼ੀਆਂ ਖਿਲਾਫ਼ ਪਰਚਾ ਦਰਜ਼ ਕਰਕੇ ਫੌਰੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ। ਵੱਡੀ ਗਿਣਤੀ ਵਿੱਚ ਡੀਸੀ ਕੰਪਲੈਕਸ ਦੇ ਅੰਦਰ ਪੁੱਜੇ ਆਗੂਆਂ ਦੇ ਰੋਹ ਨੂੰ ਭਾਂਪਦਿਆਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਖਿਲਾਫ਼ ਬੀਐੱਨਐੱਸ-109, 126 (2), 117 (2), 115 (2), 324 (4), 351 (2), 191 (3) ਅਤੇ 190 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਅਤੇ ਮੌਕੇ 'ਤੇ ਇਸ ਦੀ ਕਾਪੀ ਜੱਥੇਬੰਦੀਆਂ ਦੇ ਆਗੂਆਂ ਨੂੰ ਸੌਂਪੀ ਗਈ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਸੰਦੀਪ ਰਿਸ਼ੀ ਵੱਲੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਸਕੱਤਰ ਦਰਸ਼ਨ ਸਿੰਘ ਕੁੰਨਰਾ, ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਵਿੱਤ ਸਕੱਤਰ ਬਿੱਕਰ ਹਥੋਆ ਅਤੇ ਡੀਐੱਮਐੱਫ ਦੇ ਸੂਬਾ ਜਨਰਲ ਸਕੱਤਰ ਹਰਦੀਪ ਟੋਡਰਪੁਰ ਨੇ ਮਾਮਲੇ ਬਾਰੇ ਗੱਲਬਾਤ ਕਰਦਿਆਂ ਨਿਰਭੈ ਸਿੰਘ (ਵਾਸੀ ਪਿੰਡ ਖਾਈ) ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੰਗਰੂਰ ਜਿਲ੍ਹੇ ਦੇ ਪ੍ਰਧਾਨ ਹਨ ਅਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਜਿਲ੍ਹਾ ਸੰਗਰੂਰ) ਦੇ ਸਾਬਕਾ ਜਿਲ੍ਹਾ ਪ੍ਰਧਾਨ ਵੀ ਹਨ। ਅੱਜ ਸਵੇਰ ਜਦੋਂ ਨਿਰਭੈ ਸਿੰਘ ਖਾਈ ਸਰਕਾਰੀ ਹਾਈ ਸਕੂਲ ਰਾਮਪੁਰਾ ਜਵਾਹਰ ਵਾਲਾ (ਜਿਲ੍ਹਾ ਸੰਗਰੂਰ) ਵਿਖੇ ਆਪਣੀ ਅਧਿਆਪਨ ਦੀ ਡਿਊਟੀ ਲਈ ਜਾ ਰਹੇ ਸੀ ਤਾਂ ਪਿੰਡ ਜਵਾਹਰਕੇ ਦੇ ਨੇੜੇ ਉਨ੍ਹਾਂ ਨੂੰ 12 ਦੇ ਕਰੀਬ ਗੁੰਡਾ ਅਨਸਰਾਂ ਵੱਲੋਂ ਰਾਹ ਵਿੱਚ ਘੇਰ ਕੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿੱਚ ਉਨ੍ਹਾਂ ਦੀਆਂ ਦੋਵੇਂ ਲੱਤਾਂ ਅਤੇ ਇੱਕ ਬਾਹ ਬੁਰੀ ਤਰ੍ਹਾਂ ਤੋੜ ਕੇ ਉਨ੍ਹਾਂ ਨੂੰ ਗੰਭੀਰ ਜਖਮੀ ਕੀਤਾ ਹੈ। ਇਸ ਹਮਲੇ ਦਰਮਿਆਨ ਨਿਰਭੈ ਸਿੰਘ ਦੀ ਕਾਰ ਦੀ ਭੰਨਤੋੜ ਕੀਤੀ ਗਈ ਹੈ। ਇਨ੍ਹਾਂ ਗੁੰਡਾ ਅਨਸਰਾਂ ਦੀ ਅਗਵਾਈ ਗੁਰਜੀਤ ਫੌਜੀ (ਸਰਪੰਚ) ਲੇਹਲ ਕਲਾਂ, ਲਾਡੀ ਸੇਖੂਵਾਸ, ਬਿੱਲਾ ਸਰਪੰਚ ਅਤੇ ਪੱਪਨ ਲਦਾਲ ਆਦਿ ਕਰ ਰਹੇ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਗੁੰਡਾ ਅਨਸਰ ਇਲਾਕੇ ਵਿੱਚ ਭੂ ਮਾਫੀਏ ਵਜੋਂ ਬਦਨਾਮ ਹਨ, ਜਿਹਨਾਂ ਦੀ ਸਰਪ੍ਰਸਤੀ ਇਲਾਕੇ ਨਾਲ ਸੰਬੰਧਿਤ ਕੈਬਨਿਟ ਮੰਤਰੀ ਵੱਲੋਂ ਕੀਤੀ ਜਾਂਦੀ ਹੈ। ਨਿਰਭੈ ਸਿੰਘ 'ਤੇ ਇਹ ਹਮਲਾ ਵੀ ਉਨ੍ਹਾਂ ਦੇ ਪਿੰਡ ਖਾਈ ਨਾਲ ਸੰਬੰਧਿਤ ਇੱਕ ਜਮੀਨ 'ਤੇ ਇਹਨਾਂ ਗੁੰਡਾ ਅਨਸਰਾਂ ਵੱਲੋਂ ਨਜਾਇਜ ਕਬਜਾ ਕਰਨ ਦੀਆਂ ਕੋਸ਼ਿਸ਼ਾਂ ਦਾ ਸਿੱਟਾ ਹੈ, ਜਿਸ ਦਾ ਵਿਰੋਧ ਸਮੁੱਚੇ ਪਿੰਡ ਨਿਵਾਸਿਆਂ ਵੱਲੋਂ ਇੱਕਜੁੱਟਤਾ ਨਾਲ ਕੀਤਾ ਜਾ ਰਿਹਾ ਹੈ। ਇਸ ਵਿਰੋਧ ਤੋਂ ਤਿਲਮਲਾਏ ਇਸ ਭੂ ਮਾਫੀਏ ਦੇ ਸਰਗਨਾ ਗੁੰਡਾ ਅਨਸਰਾਂ ਵੱਲੋਂ ਨਿਰਭੈ ਸਿੰਘ ਖਾਈ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ, ਡੈਮੋਕ੍ਰੈਟਿਕ ਟੀਚਰਜ਼ ਫਰੰਟ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਇੱਕ ਸੁਹਿਰਦ ਅਧਿਆਪਕ ਅਤੇ ਕਿਸਾਨ ਆਗੂ ਨਿਰਭੈ ਸਿੰਘ ਖਾਈ 'ਤੇ ਹੋਏ ਇਸ ਹਮਲੇ ਦੇ ਸਾਰੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਨਾ ਕਰਨ ਦੀ ਸੂਰਤ ਵਿੱਚ ਜਥੇਬੰਦੀਆਂ ਵੱਲੋਂ ਗੁੰਡਾ-ਸਿਆਸੀ ਗੱਠਜੋੜ ਖਿਲਾਫ਼ ਤਿੱਖਾ ਸੰਘਰਸ਼ ਕਰਨਗੀਆਂ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਤੋਂ ਦਰਸ਼ਨ ਕੁੰਨਰਾ , ਸੁਖਦੇਵ ਸਿੰਘ ਉਭਾਵਾਲ ਬਲਾਕ ਪ੍ਰਧਾਨ, ਗੁਰਜੀਤ ਸਿੰਘ, ਬਲਵੀਰ ਸਿੰਘ ਕੁੰਨਰਾਂ, ਦਰਸ਼ਨ ਸਿੰਘ ਜਵੰਧਾ, ਡੀਟੀਐੱਫ ਤੋਂ ਜ਼ਿਲ੍ਹਾ ਸਕੱਤਰ ਅਮਨ ਵਿਸ਼ਿਸ਼ਟ ਅਤੇ ਸੂਬਾ ਕਮੇਟੀ ਮੈਂਬਰ ਦਲਜੀਤ ਸਫੀਪੁਰ ਤੋਂ ਇਲਾਵਾ ਰਵਿੰਦਰ ਸਿੰਘ ਦਿੜ੍ਹਬਾ, ਜਸਵੀਰ ਸਫੀਪੁਰ ਕੁਲਵੰਤ ਖਨੌਰੀ, ਕਰਮਜੀਤ ਨਦਾਮਪੁਰ, ਲਾਲ ਸਿੰਘ, ਹਰਮੀਤ ਸਿੰਘ, ਵੀਰਪਾਲ ਸਿੰਘ, ਏਕਮ ਸਿੰਘ, ਕੰਵਰਜੀਤ ਸਿੰਘ, ਸੁਖਦੇਵ ਸਿੰਘ, ਅਮ੍ਰਿਤ ਸਿੰਘ, ਸਾਦਿਕ ਖਾਂ, ਪਵਨ ਕੁਮਾਰ, ਸੁਖਜਿੰਦਰ ਸਿੰਘ, ਬਲਵਿੰਦਰ ਸਿੰਘ ਚੀਮਾ, ਗੁਰਦੀਪ ਸਿੰਘ ਚੀਮਾ, ਕੰਵਲਜੀਤ ਸਿੰਘ, ਦੀਨਾ ਨਾਥ, ਸੁਖਬੀਰ ਸਿੰਘ, ਸਤਿਗੁਰ ਸਿੰਘ, ਰਮਨ ਕੁਮਾਰ, ਰਾਜ ਸਿੰਘ, ਮਨਜੀਤ ਸਿੰਘ, ਅਸ਼ਵਨੀ ਕੁਮਾਰ, ਭੁਪਿੰਦਰ ਸਿੰਘ,, ਬੀਰਬਲ ਸਿੰਘ, ਪਰਵੀਨ ਕੁਮਾਰ, ਲਲਿਤ ਕੁਮਾਰ, ਤਰੁਣ ਸ਼ਰਮਾ, ਪਰਗਟ ਸਿੰਘ, ਗੁਰਦੀਪ ਸਿੰਘ, ਜਸਵੀਰ ਸਿੰਘ, ਪ੍ਰਭਦੀਪ ਸਿੰਘ, ਮਨਜੀਤ ਸਿੰਘ ਅਤੇ ਕਲਰਕ ਸੁਰਿੰਦਰ ਸਿੰਘ ਆਦਿ ਮੌਜੂਦ ਰਹੇ ।