ਅਕਾਲ ਅਕੈਡਮੀ ਕੋਲਿਆਂਵਾਲੀ ਵਿੱਚ ਪਹਿਲਗਾਮ ਹਮਲੇ ਕਾਰਨ ਮਾਰੇ ਗਏ ਬੇ-ਕਸੂਰ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਸੁਖਮਨੀ ਸਾਹਿਬ ਦੇ ਪਾਠ ਰਾਹੀਂ ਅਰਦਾਸ
ਹਰਜਿੰਦਰ ਸਿੰਘ ਭੱਟੀ
ਕੋਲਿਆਂਵਾਲੀ, 25 ਅਪ੍ਰੈਲ 2025 : ਕਲਗੀਧਰ ਟਰਸਟ ਬੜੂ ਸਾਹਿਬ ਅਧੀਨ ਚੱਲ ਰਹੀ ਅਕਾਲ ਅਕੈਡਮੀ ਕੋਲਿਆਂਵਾਲੀ ਵਿਖੇ ਪਹਿਲਗਾਮ ਵਿੱਚ ਹੋਏ ਆਤੰਕੀ ਹਮਲੇ ਕਾਰਨ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਸੁਖਮਨੀ ਸਾਹਿਬ ਦਾ ਪਾਠ ਕਰਨ ਉਪਰੰਤ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ। ਪਹਿਲਗਾਮ ਘਟਨਾ ਨੇ ਸਾਰੇ ਦੇਸ਼ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਇਸ ਦੁਖਦਾਈ ਘਟਨਾ ਵਿੱਚ ਆਪਣੀ ਜਾਨਾਂ ਗੁਆ ਬੈਠੇ ਨਿਰਦੋਸ਼ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਕਾਲ ਅਕੈਡਮੀ ਕੋਲਿਆਂਵਾਲੀ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਸਾਰੀ ਸੰਗਤ ਨੇ ਇਕੱਠੇ ਹੋ ਕੇ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਹਮਲੇ ਦੀ ਨਿੰਦਾ ਕੀਤੀ ਗਈ। ਇਹ ਪ੍ਰੋਗਰਾਮ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਦੀ ਰਹਿਨੁਮਾਈ ਹੇਠ ਹੋਇਆ। ਅੰਤ ਵਿੱਚ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਨੇ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਅਜਿਹੀਆਂ ਘਟਨਾਵਾਂ ਦੇ ਰਾਹੀਂ ਅਮਨ-ਚੈਨ ਨੂੰ ਖਤਰਾ ਪੈਦਾ ਹੁੰਦਾ ਹੈ, ਪਰ ਸਾਡੀ ਸੰਸਕਾਰੀ ਸਿੱਖਿਆ ਅਤੇ ਆਤਮਿਕ ਸੂਝਬੂਝ ਹੀ ਅਜਿਹੀਆਂ ਤਾਕਤਾਂ ਦਾ ਜਵਾਬ ਦੇ ਸਕਦੀ ਹੈ। ਉਨ੍ਹਾਂ ਨੇ ਕਿਹਾ, “ਅਸੀਂ ਅਜਿਹੀ ਹਿੰਸਾ ਦੀ ਸਖਤ ਨਿੰਦਾ ਕਰਦੇ ਹਾਂ। ਅਕਾਲ ਅਕੈਡਮੀ ਸਿਰਫ ਅਧਿਆਤਮਕ ਸਿੱਖਿਆ ਹੀ ਨਹੀਂ ਦਿੰਦੀ, ਸਗੋਂ ਵਿਦਿਆਰਥੀਆਂ ਵਿੱਚ ਮਨੁੱਖਤਾ, ਸ਼ਾਂਤੀ ਅਤੇ ਦਿਲੀ ਹਮਦਰਦੀ ਦੇ ਸੁਭਾਅ ਪੈਦਾ ਕਰਦੀ ਹੈ।”