ਪਹਿਲ ਯੋਜਨਾ ਤਹਿਤ ਪੇਂਡੂ ਔਰਤਾਂ ਦਾ ਸੁਧਰ ਰਿਹਾ ਹੈ ਆਰਥਿਕ ਪੱਧਰ : ਡਿਪਟੀ ਕਮਿਸ਼ਨਰ
ਅਸ਼ੋਕ ਵਰਮਾ
ਬਠਿੰਡਾ, 25 ਅਪ੍ਰੈਲ 2025: ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਅੱਜ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਪੰਜਾਬ ਵਿਭਾਗ ਦੇ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਦੀ ਪਹਿਲ ਯੋਜਨਾ ਤਹਿਤ ਤਿਆਰ ਕੀਤੀਆਂ ਸਕੂਲੀ ਵਿਦਿਆਰਥੀਆਂ ਦੀਆਂ ਵਰਦੀਆਂ ਦੀ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵੰਡ ਕਰਨ ਦੀ ਸ਼ੁਰੂਆਤ ਅੱਜ ਸਥਾਨਕ ਭਾਈ ਘਨੱਈਆ ਨਗਰ ਦੇ ਸਰਕਾਰੀ ਹਾਈ ਸਕੂਲ ਵਿਖੇ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਸਕੂਲੀ ਵਿਦਿਅਰਥੀਆਂ ਨੂੰ ਵਰਦੀਆਂ ਵੰਡ ਕਰਨ ਉਪਰੰਤ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਹਿਲ ਯੋਜਨਾ ਤਹਿਤ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਹੋਈਆਂ ਪੇਂਡੂ ਔਰਤਾਂ ਨੂੰ ਸਿੱਧਾ ਰੁਜ਼ਗਾਰ ਮਿਲ ਰਿਹਾ ਹੈ। ਜਿਸ ਨਾਲ ਉਨ੍ਹਾਂ ਦੇ ਆਰਥਿਕ ਪੱਧਰ ਵਿੱਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਪਹਿਲਾਂ ਵੀ ਵਰਦੀਆਂ ਦੀ ਖਰੀਦ ਕੀਤੀ ਜਾਂਦੀ ਸੀ, ਜਿਸ ਦਾ ਮੁਨਾਫ਼ਾ ਸਿਰਫ ਇਕ ਪ੍ਰਾਇਵੇਟ ਕੰਪਨੀ ਜਾਂ ਦੁਕਾਨਦਾਰ ਨੂੰ ਹੁੰਦਾ ਸੀ, ਪਰ ਹੁਣ ਪਹਿਲ ਯੋਜਨਾ ਤਹਿਤ ਸੈਂਕੜੇ ਔਰਤਾਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਪਹਿਲ ਨਾਲ ਜੁੜੀਆਂ ਔਰਤਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਇਹ ਔਰਤਾਂ ਆਪਣੇ ਪੱਧਰ ਤੇ ਜਿਥੇ ਵਰਦੀਆਂ ਬਣਾ ਰਹੀਆਂ ਹਨ, ਉਥੇ ਵੱਡੇ ਸ਼ਹਿਰਾਂ ਵਿੱਚ ਜਾ ਕੇ ਸਮਾਨ ਖਰੀਦਣ, ਵਰਦੀਆਂ ਦੇ ਰੱਖ-ਰਖਾਵ, ਪੈਕਜਿੰਗ ਅਤੇ ਵਿਤਰਣ ਸਬੰਧੀ ਸਾਰੇ ਕੰਮ ਆਪਣੇ ਹੱਥੀ ਬੜੇ ਆਤਿਮ ਵਿਸ਼ਵਾਸ ਨਾਲ ਕਰ ਰਹੀਆਂ ਹਨ।
ਇਸ ਦੌਰਾਨ ਉਨ੍ਹਾਂ ਸਕੂਲੀ ਬੱਚਿਆਂ ਨੂੰ ਪੜਾਈ ਦੀ ਅਹਿਮੀਅਤ ਸਬੰਧੀ ਦੱਸਦਿਆਂ ਕਿਹਾ ਕਿ ਜਿੰਦਗੀ ਵਿੱਚ ਸਫ਼ਲ ਅਤੇ ਚੰਗੇ ਇਨਸਾਨ ਬਣਨ ਲਈ ਪੜ੍ਹਾਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਉਹਨਾਂ ਨੂੰ ਪੜਾਈ ਅਤੇ ਸਕੂਲ ਸਬੰਧੀ ਕੋਈ ਪ੍ਰੇਸ਼ਾਨੀ ਹੈ ਤਾਂ ਕਿਸੇ ਸਮੇਂ ਵੀ ਉਹਨਾਂ ਨਾਲ ਉਹਨਾਂ ਦੇ ਦਫ਼ਤਰ ਆ ਕੇ ਦੱਸ ਸਕਦੇ ਹਨ।
ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਕੰਚਨ ਨੇ ਦੱਸਿਆ ਕਿ ਇਸ ਸਾਲ ਪਹਿਲ ਯੋਜਨਾ ਤਹਿਤ ਪਹਿਲੇ ਪੜਾਅ ਲਈ 40 ਹਜ਼ਾਰ ਸਕੂਲੀ ਵਿਦਿਆਰਥੀਆਂ ਦੀਆਂ ਵਰਦੀਆਂ ਬਣਾਉਣ ਦਾ ਟੀਚਾ ਮਿਲਿਆ ਹੈ, ਜਿਸ ਨੂੰ ਸਮਾਂ ਰਹਿੰਦੇ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਇਸ ਨਾਲ ਪਹਿਲ ਯੋਜਨਾ ਤਹਿਤ ਖੁੱਲ੍ਹੇ ਸੈਂਟਰਾਂ ਦੀ ਟਰਨ ਓਵਰ 2 ਕਰੋੜ 40 ਲੱਖ ਹੋ ਜਾਵੇਗੀ।
ਇਸ ਤੋਂ ਪਹਿਲਾਂ ਯੋਜਨਾ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸੁਖਵਿੰਦਰ ਸਿੰਘ ਚੱਠਾ ਨੇ ਦੱਸਿਆ ਕਿ ਪਿਛਲੇ ਸਾਲ ਇਸ ਸੈਂਟਰ ਦੀ ਟਰਨ ਓਵਰ 1 ਕਰੋੜ 20 ਲੱਖ ਰੂਪੈ ਦੇ ਲਗਭਗ ਸੀ। ਇਸ ਮੌਕੇ ਇਸ ਯੋਜਨਾ ਨਾਲ ਜ਼ਿਲ੍ਹੇ ਦੇ ਸਵੈ-ਸਹਇਤਾ ਸਮੂਹਾਂ ਦੀਆਂ 250 ਤੋਂ ਵੱਧ ਔਰਤਾਂ ਜੁੜ ਕੇ ਕੰਮ ਕਰ ਰਹੀਆਂ ਹਨ ਅਤੇ ਜੇਕਰ ਇਹ ਟੀਚਾ ਵੱਧ ਕੇ 78 ਹਜ਼ਾਰ ਦਾ ਹੁੰਦਾ ਹੈ ਤਾਂ ਕੁੱਲ ਟਰਨ ਓਵਰ ਵੱਧ ਕੇ 4 ਕਰੋੜ 68 ਲੱਖ ਤੱਕ ਪਹੁੰਚ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਨਿੰਦਰ ਕੌਰ ਨੇ ਸਿੱਖਿਆ ਵਿਭਾਗ ਵੱਲੋਂ ਪਹਿਲ ਮੈਂਬਰਾਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਸਰਕਾਰ ਦੀ ਇਸ ਯੋਜਨਾ ਨੂੰ ਰੁਜਗਾਰ ਦਾ ਚੰਗਾ ਸਾਧਨ ਦੱਸਿਆ।
ਇਸ ਮੌਕੇ ਮੁੱਖ ਅਧਿਆਪਕ ਸ੍ਰੀ ਸੰਜੀਵ ਗਰਗ, ਸੰਦੀਪ ਕੁਮਾਰ ਕੋਆਰਡੀਨੇਟਰ ਸਮੱਗਰਾ, ਬਲਜੀਤ ਸਿੰਘ ਬਲਾਕ ਪ੍ਰੋਗਰਾਮ ਮੈਨੇਜਰ ਗੋਨਿਆਣਾ, ਪਹਿਲ ਮੈਨੇਜਰ ਹਰਪ੍ਰੀਤ ਕੌਰ, ਕੋਆਰਡੀਨੇਟਰ ਸੁਖਦੀਪ ਕੌਰ ਤੋਂ ਇਲਾਵਾ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।