ਦਿਵਿਆਂਗ ਵਿਦਿਆਰਥੀ ਮੁਫਤ ਸਿਲਾਈ ਕਢਾਈ ਅਤੇ ਕੰਪਿਊਟਰ ਕੋਰਸ ਕਰਨ : ਡਿਪਟੀ ਕਮਿਸ਼ਨਰ
ਅਸ਼ੋਕ ਵਰਮਾ
ਬਠਿੰਡਾ, 25 ਅਪ੍ਰੈਲ 2025 : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਧੀਨ ਚੱਲ ਰਹੇ ਸਥਾਨਕ ਦਫਤਰ ਸੁਪਰਡੰਟ ਵੋਕੋਸ਼ਨ ਰੀਹੈਬਲੀਟੇਸ਼ਨ ਸੈਂਟਰ, ਰੈੱਡ ਕਰਾਸ ਬਿਲਡਿੰਗ ਨੇੜੇ ਸਰਕਾਰੀ ਹਸਪਤਾਲ, ਬਠਿੰਡਾ ਵਿਖੇ ਦਿਵਿਆਂਗ ਵਿਦਿਆਰਥੀਆਂ ਦੀ ਭਲਾਈ ਲਈ ਹਰ ਸਾਲ ਮੁਫਤ ਸਿਲਾਈ ਕਢਾਈ ਅਤੇ ਕੰਪਿਊਟਰ ਦੇ ਕੋਰਸ ਕਰਵਾਏ ਜਾਂਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੱਸਿਆ ਕਿ ਇਨ੍ਹਾਂ ਇੱਕ ਸਾਲਾਂ ਕੋਰਸ ਕਰਨ ਵਾਲੇ ਸਿਖਿਆਰਥੀਆਂ ਨੂੰ 1500/- ਪ੍ਰਤੀ ਮਹੀਨਾ ਵਜੀਫਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਕੋਰਸ ਪੂਰਾ ਹੋਣ ਉਪਰੰਤ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਜਾਰੀ ਕੀਤਾ ਜਾਂਦਾ ਹੈ ਜਿਸ ਦੇ ਆਧਾਰ ਤੇ ਦਿਵਿਆਂਗ ਵਿਦਿਆਰਥੀ ਸਰਕਾਰੀ/ਅਰਧ ਸਰਕਾਰੀ/ਪ੍ਰਾਈਵੇਟ ਖੇਤਰ ਵਿੱਚ ਆਪਣਾ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ। ਇਹਨਾਂ ਕੋਰਸਾਂ ਵਿੱਚ ਦਿਵਿਆਂਗ ਲੜਕੇ/ਲੜਕੀਆਂ ਜਿੰਨ੍ਹਾਂ ਦੀ ਉਮਰ 18 ਤੋਂ 40 ਸਾਲ ਤੱਕ ਹੋਵੇ ਅਪਲਾਈ ਕਰ ਸਕਦੇ ਹਨ। ਕੰਪਿਊਟਰ ਕੋਰਸਾਂ ਲਈ ਯੋਗਤਾ ਮੈਟ੍ਰਿਕ ਅਤੇ ਸਿਲਾਈ ਕਢਾਈ ਲਈ ਪੰਜਵੀਂ ਪਾਸ ਹੋਵੇ ਅਤੇ ਅਪੰਗਤਾ 40% ਹੋਣੀ ਜ਼ਰੂਰੀ ਹੈ। ਇਹਨਾਂ ਕੋਰਸਾਂ ਦੀਆਂ ਕਲਾਸਾਂ ਮਈ-ਜੂਨ ਵਿੱਚ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਫ਼ਸਰ ਸ਼੍ਰੀ ਪੰਕਜ ਕੁਮਾਰ ਨੇ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਸਕੀਮ ਦਾ ਦਵਿਆਂਗ ਵਿਦਿਆਰਥੀ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ। ਵਧੇਰੇ ਜਾਣਕਾਰੀ ਲਈ ਰਾਬਤਾ ਨੰਬਰ 98783-77249, 98766-03786, 82838-86812 ਤੇ ਸੰਪਰਕ ਕੀਤਾ ਜਾ ਸਕਦਾ ਹੈ। ਦਫ਼ਤਰ ਦੀ ਏਮੇਲ ਆਈਡੀ sudtvrcbathinda@gmail.com ਹੈ।