ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਹੋ ਰਹੀ ਤਸੱਲੀਬਖ਼ਸ਼ : ਜ਼ਿਲ੍ਹਾ ਮੰਡੀ ਅਫ਼ਸਰ
ਅਸ਼ੋਕ ਵਰਮਾ
ਬਠਿੰਡਾ, 25 ਅਪ੍ਰੈਲ 2025: ਜ਼ਿਲ੍ਹੇ ਭਰ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਕਣਕ ਦੀ ਖ੍ਰੀਦ, ਚੁਕਾਈ ਆਦਿ ਤਸੱਲੀਬਖ਼ਸ਼ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਜ਼ਿਲ੍ਹਾ ਮੰਡੀ ਅਫ਼ਸਰ ਸ਼੍ਰੀ ਗੌਰਵ ਗਰਗ ਨੇ ਦਿੱਤੀ।ਉਨ੍ਹਾਂ ਅੱਗੇ ਦੱਸਿਆ ਕਿ ਲਹਿਰਾ ਮੁਹੱਬਤ ਦੀ ਅਨਾਜ ਮੰਡੀ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਦੇ ਬੈਠਣ ਲਈ ਪੱਕੇ ਸ਼ੈੱਡ ਤੋਂ ਇਲਾਵਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਟੈਂਕੀਆਂ/ਕੈਂਪਰ, ਇੱਕ ਟੁਆਇਲੈਟ ਅਤੇ ਇੱਕ ਯੂਨੀਰਲ ਪੱਕਾ, ਦੋ ਆਰਜ਼ੀ ਤੌਰ ਤੇ ਟੁਆਇਲੈਟ ਅਤੇ ਯੂਨੀਰਲ ਬਣੇ ਹੋਏ ਹਨ। ਇਸੇ ਤਰ੍ਹਾਂ ਹੀ ਅਨਾਜ ਮੰਡੀ ਵਿੱਚ ਰਾਤ ਲਈ ਦੋ ਚੌਂਕੀਦਾਰ ਵੀ ਲਗਾਏ ਹੋਏ ਹਨ।
ਉਨ੍ਹਾਂ ਕਿਹਾ ਕਿ ਮੁੱਖ ਅਨਾਜ ਮੰਡੀ ਬਠਿੰਡਾ ਵਿਖੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਲਈ ਵੱਖ-ਵੱਖ ਪੰਜ ਥਾਵਾਂ ਤੇ ਛਮਿਆਣੇ ਹੇਠ ਡਬਲ ਲੇਅਰ ਵਾਲੀਆਂ ਟੈਂਕੀਆਂ ਰੱਖੀਆਂ ਗਈਆਂ ਹਨ। ਇੰਨ੍ਹਾਂ ਟੈਂਕੀਆਂ ਵਿੱਚ ਹਰ-ਰੋਜ਼ ਤਿੰਨ ਵਾਰ ਸਵੇਰ, ਦੁਪਹਿਰ ਤੇ ਸ਼ਾਮ ਨੂੰ ਠੰਡਾ ਪਾਣੀ ਭਰਿਆ ਜਾਂਦਾ ਹੈ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਲਈ ਕੈਂਪਰਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ।
ਕਣਕ ਖ੍ਰੀਦ ਕੇਂਦਰ ਖਿਆਲੀਵਾਲਾ ਵਿਖੇ ਛਾਂ ਦੇ ਪ੍ਰਬੰਧ ਲਈ ਸ਼ੈੱਡ ਬਣਿਆ ਹੋਇਆ ਹੈ। ਮੰਡੀ ਵਿੱਚ ਛਾਂਦਾਰ ਦਰੱਖ਼ਤ ਵੀ ਲੱਗੇ ਹੋਏ ਹਨ ਅਤੇ ਕਿਸਾਨਾਂ, ਮਜ਼ਦੂਰਾਂ ਦੇ ਬੈਠਣ ਲਈ ਛਾਂ ਦੀ ਘਾਟ ਨਹੀਂ ਹੈ।