ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ, ਪਰਿਵਾਰ ਨੇ ਕਤਲ ਦੇ ਲਾਏ ਇਲਜ਼ਾਮ
ਰੋਹਿਤ ਗੁਪਤਾ
ਗੁਰਦਾਸਪੁਰ 8 ਅ੍ਰਪੈਲ, 2025 - ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਅੰਦਰ ਪੈਂਦੀ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਦੇ ਪਿੰਡ ਰੜੇਵਾਲੀ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਪਰ ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਪਿੰਡ ਦੇ ਹੀ ਕੁਝ ਵਿਅਕਤੀਆਂ ਉਪਰ ਨੌਜਵਾਨ ਦੇ ਕਤਲ ਦੇ ਇਲਜ਼ਾਮ ਲਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਪਤਨੀ ,ਪਿਤਾ ਅਤੇ ਭਰਾ ਨੇ ਦੱਸਿਆ ਕਿ ਮਲਕੀਤ ਸਿੰਘ ਜੋ ਕਿ ਅੱਡਾ ਝੰਗੀ ਵਿਖੇ ਡੀਜੇ ਰਿਪੇਅਰ ਦਾ ਕੰਮ ਕਰਦਾ ਸੀ ਤੇ ਰੋਜ਼ ਦੀ ਤਰ੍ਹਾਂ ਬੀਤੀ ਰਾਤ ਆਪਣੇ ਘਰ ਨੂੰ ਆ ਰਿਹਾ ਸੀ ਜਿਸ ਦੀ ਘਰ ਤੋਂ ਕੁਝ ਦੂਰੀ ਉੱਪਰ ਹੀ ਸੜਕ ਹਾਦਸੇ ਵਿੱਚ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਹੀ ਕੁਝ ਲੋਕਾਂ ਉੱਪਰ ਕਥਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮ੍ਰਿਤਕ ਮਲਕੀਤ ਸਿੰਘ ਦਾ ਪਿੰਡ ਦੇ ਕੁਝ ਲੋਕਾਂ ਨਾਲ ਪਿਛਲੇ ਸਮੇਂ ਦੌਰਾਨ ਲੜਾਈ ਝਗੜਾ ਹੋਇਆ ਸੀ ਤੇ ਜਿਸ ਦਾ ਰਾਜੀਨਾਮਾ ਹੋ ਚੁੱਕਾ ਸੀ ਪਰ ਪਿੰਡ ਦੇ ਹੀ ਉਹਨਾਂ ਲੋਕਾਂ ਵੱਲੋਂ ਰੰਜਿਸ਼ ਰੱਖਦੇ ਹੋਏ ਬੀਤੀ ਰਾਤ ਉਸਦੇ ਸਿਰ ਪਿੱਛੇ ਕਿਸੇ ਤੇਜਧਾਰ ਹਥਿਆਰ ਨਾਲ ਸੱਟ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਵੱਲੋਂ ਜਾਂਚ ਆਰੰਭ ਦਿੱਤੀ ਗਈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਸਤਪਾਲ ਸਿੰਘ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਮਲਕੀਤ ਸਿੰਘ ਪੁਤਰ ਬਲਵਿੰਦਰ ਸਿੰਘ ਦੀ ਸੜਕ ਵਿੱਚ ਡਿੱਗਣ ਨਾਲ ਮੌਤ ਹੋਈ ਹੈ ਤੇ ਜਦੋਂ ਅਸੀਂ ਉਕਤ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਤਾਂ ਮਲਕੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਉਹਨਾਂ ਤੇ ਪਰਿਵਾਰਿਕ ਮੈਂਬਰ ਉਥੋਂ ਚੁੱਕ ਕੇ ਘਰ ਲੈ ਕੇ ਗਏ ਸਨ ਪਰ ਫਿਰ ਵੀ ਸਾਡੇ ਵੱਲੋਂ ਲਾਸ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਰਿਪੋਰਟ ਆਉਣ ਉਪਰੰਤ ਹੀ ਅਸਲੀ ਕਾਰਨਾਂ ਦਾ ਪਤਾ ਲੱਗੇਗਾ।