ਵੱਡੀ ਖ਼ਬਰ: ਬਠਿੰਡਾ ਪੁਲਿਸ ਨੇ ਡੰਡੇ ਦੇ ਜ਼ੋਰ ਤੇ ਪਾਈ ਆਦਰਸ਼ ਸਕੂਲ ਚਾਉਕੇ ਅੱਗੇ ਲੱਗੇ ਧਰਨੇ ਨੂੰ ਨੱਥ
ਅਸ਼ੋਕ ਵਰਮਾ
ਬਠਿੰਡਾ,26 ਮਾਰਚ 2025: ਬਠਿੰਡਾ ਪੁਲਿਸ ਨੇ ਪਿਛਲੇ ਤਕਰੀਬਨ 70 ਦਿਨਾਂ ਤੋਂ ਆਦਰਸ਼ ਸਕੂਲ ਚੌਂਕੇ ਅੱਗੇ ਲੱਗਿਆ ਧਰਨਾ ਚੁਕਵਾਉਣ ਲਈ ਲਾਠੀਚਾਰਜ ਅਤੇ ਧੂਅ ਘੜੀਸ ਕੀਤੀ। ਇਸ ਮੌਕੇ ਪੁਲਿਸ ਦਾ ਵਿਰੋਧ ਕਰਨ ਵਾਲੇ ਕਿਸਾਨ ਆਗੂਆਂ ਨੂੰ ਅਤੇ ਹੋਰ ਕੁਝ ਹੋਰ ਲੋਕਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ। ਪੁਲਿਸ ਪੁਲਿਸ ਕਾਰਵਾਈ ਦੌਰਾਨ ਕੁਝ ਲੋਕਾਂ ਦੇ ਮਮੂਲੀ ਸੱਟਾਂ ਵੀ ਵੱਜੀਆਂ ਹਨ। ਪੁਲਿਸ ਦਾ ਵਿਰੋਧ ਕਰਨ ਵਾਲਿਆਂ ਨੂੰ ਮੁਲਾਜ਼ਮ ਜ਼ਬਰਦਸਤੀ ਚੱਕ ਕੇ ਲੈ ਗਏ ਅਤੇ ਇਸ ਚੱਕ ਥਲ ਦੌਰਾਨ ਇੱਕ ਵਿਅਕਤੀ ਦੀ ਪੱਗ ਲਹਿ ਗਈ ਜੋ ਕਿ ਪੁਲਿਸ ਮੁਲਾਜ਼ਮ ਦੇ ਹੱਥ ਵਿੱਚ ਫੜੀ ਹੋਈ ਸੀ। ਇਸ ਸੰਬੰਧ ਵਿੱਚ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਪੁਲਿਸ ਧੱਕੇ ਨਾਲ ਧਰਨਾ ਚੁਕਾਉਂਦੀ ਨਜ਼ਰ ਆ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਦਿੱਤੇ ਇਸ ਧਰਨੇ ਵਿੱਚ ਧਰਨਾਕਾਰੀਆਂ ਵੱਲੋਂ ਬੱਚਿਆਂ ਨੂੰ ਕਿਤਾਬਾਂ ਨਾ ਦੇਣ, ਅਧਿਆਪਕਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਵੱਖ-ਵੱਖ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਅੱਜ ਸ਼ਾਮ ਨੂੰ ਵੱਡੀ ਗਿਣਤੀ ਪੁਲਿਸ ਫੋਰਸ ਮੌਕੇ ਤੇ ਪੁੱਜੀ ਅਤੇ ਧਰਨਾ ਚੁਕਵਾਉਣਾ ਸ਼ੁਰੂ ਕਰ ਦਿੱਤਾ।
ਪੁਲਿਸ ਵੱਲੋਂ ਕੀਤੀ ਅਚਾਨਕ ਇਸ ਕਾਰਵਾਈ ਨਾਲ ਮੌਕੇ ਤੇ ਚੀਕ ਚਿਹਾੜਾ ਪੈ ਗਿਆ ਅਤੇ ਕੁਝ ਵੱਡੀ ਉਮਰ ਦੇ ਲੋਕ ਇਧਰ ਉਧਰ ਜਾਣ ਲੱਗੇ। ਇਸ ਮੌਕੇ ਵਿਰੋਧ ਕਰਨ ਵਾਲਿਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।ਇਹਨਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬਲਦੇਵ ਸਿੰਘ ਚੌਕੇ ਅਮਨ ਸਿੰਘ ਚੌਕੇ, ਭੂਰਾ ਸਿੰਘ ਡਿੱਖ ਅਤੇ ਨਿਰਮਲ ਸਿੰਘ ਭੂੰਦੜ ਸ਼ਾਮਿਲ ਹਨ। ਧਰਨਾਕਾਰੀ ਲੋਕਾਂ ਦਾ ਕਹਿਣਾ ਸੀ ਕਿ ਪਿਛਲੇ ਲੰਮੇ ਸਮੇਂ ਤੋਂ ਸਕੂਲ ਪ੍ਰਬੰਧਕ ਅਧਿਆਪਕਾਂ ਅਤੇ ਬੱਚਿਆਂ ਨਾਲ ਧੱਕਾ ਕਰ ਰਹੇ ਹਨ ਜਿਸ ਕਰਕੇ ਉਹਨਾਂ ਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਉਨਾਂ ਆਖਿਆ ਕਿ ਜਰੂਰਤ ਤਾਂ ਸੀ ਕਿ ਮਸਲਾ ਹੱਲ ਕੀਤਾ ਜਾਂਦਾ ਪਰ ਅੱਜ ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨਾਲ ਧੱਕਾ ਕੀਤਾ ਅਤੇ ਡੰਡੇ ਚਲਾਏ ਹਨ। ਲੋਕਾਂ ਨੇ ਕਿਹਾ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਉਹ ਇੱਕ ਵਾਰ ਫਿਰ ਤੋਂ ਸੰਘਰਸ਼ ਸ਼ੁਰੂ ਕਰਨਗੇ।
ਦੂਜੇ ਪਾਸੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਚੌਕੇ ਦੇ ਅਧਿਆਪਕਾਂ ਤੇ ਹੋਰ ਸਟਾਫ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਧਰਨੇ ਦੌਰਾਨ ਅੱਜ ਪੁਲਿਸ ਵੱਲੋਂ ਧੱਕੇ ਨਾਲ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੱਕ ਖੋਹਣ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਸਖਤ ਸ਼ਬਦਾਂ ਵਿੱਚੋਂ ਨਿਖੇਧੀ ਕੀਤੀ ਉਹਨਾਂ ਕਿਹਾ ਕਿ ਅਧਿਆਪਕ ਤੇ ਹੋਰ ਸਟਾਫ ਆਪਣੇ ਪੂਰੇ ਹੱਕ ਲੈਣ ਲਈ ਦੀ ਮੰਗ ਨੂੰ ਲੈ ਕੇ ਮੈਨੇਜਮੈਂਟ ਖਿਲਾਫ ਸੰਘਰਸ਼ ਕਰ ਰਹੇ ਸਨ ਕਿਉਂਕਿ ਮੈਨੇਜਮੈਂਟ ਵੱਲੋਂ ਬੱਚਿਆਂ ਲਈ ਮੁਫਤ ਵਰਦੀਆਂ ਤੇ ਕਿਤਾਬਾਂ ਨਹੀਂ ਦਿੱਤੀਆਂ ਜਾ ਰਹੀਆਂ ਸਨ ਅਤੇ ਸਟਾਫ ਦਾ ਵੀ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਸੀ ਜਿਸ ਦੀ ਆਵਾਜ਼ ਬੁਲੰਦ ਕਰਨ ਤੇ ਅਧਿਆਪਕਾਂ ਨੂੰ ਟਰਮੀਨੇਟ ਕੀਤਾ ਗਿਆ । ਉਹਨਾਂ ਕਿਹਾ ਕਿ ਉਸ ਤੋਂ ਬਾਅਦ ਹੋਰ ਕਰਮਚਾਰੀਆਂ ਵੱਲੋਂ ਸੰਘਰਸ਼ ਕਰਨ ਤੇ ਉਹਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਪੁਲਿਸ ਵੱਲੋਂ ਧਰਨੇ ਤੇ ਬੈਠੀਆਂ ਸਟਾਫ ਦੀਆਂ ਨੌਜਵਾਨ ਕੁੜੀਆਂ ਨੂੰ ਸਮੇਤ ਉਹਨਾਂ ਦੇ ਛੋਟੇ ਛੋਟੇ ਬੱਚਿਆਂ ਗਿਰਫਤਾਰ ਕਰਕੇ ਧਰਨਾ ਚਕਵਾ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲਾ ਕਮੇਟੀ ਵੱਲੋਂ ਮੰਗ ਕੀਤੀ ਗਈ ਕਿ ਸਕੂਲ ਦੇ ਪੁਰਾਣੇ ਸਟਾਫ ਨੂੰ ਬਹਾਲ ਕੀਤਾ ਜਾਵੇ ,ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਅਤੇ ਮੈਨੇਜਮੈਂਟ ਦੀਆਂ ਘਪਲੇਬਾਜ਼ੀਆਂ ਨੰਗੀਆਂ ਕਰਕੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ।