ਮਾਡਲ ਪੇਂਡੂ ਖੇਡ ਮੈਦਾਨਾਂ ਨਾਲ ਜਲੰਧਰ ’ਚ ਖੇਡ ਬੁਨਿਆਦੀ ਢਾਂਚੇ ਨੂੰ ਮਿਲੇਗਾ ਵੱਡਾ ਹੁਲਾਰਾ
• ਜ਼ਿਲ੍ਹੇ ਦੇ ਪੇਂਡੂ ਬੁਨਿਆਦੀ ਢਾਂਚੇ ’ਚ ਤਬਦੀਲੀ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਨੇ ਨਵੇਂ ਪ੍ਰਾਜੈਕਟਾਂ ਲਈ ਤਜਵੀਜ਼ਾਂ ਮੰਗੀਆਂ
• ਪ੍ਰਮੁੱਖ ਤਰਜੀਹਾਂ ’ਚ ਅਤਿ-ਆਧੁਨਿਕ ਖੇਡ ਮੈਦਾਨ, ਛੱਪੜਾਂ ਦਾ ਨਵੀਨੀਕਰਨ, ਸਿੰਚਾਈ ਪ੍ਰਾਜੈਕਟ, ਮੀਆਵਾਕੀ ਜੰਗਲ ਤੇ ਠੋਸ ਰਹਿੰਦ-ਖੂਹੰਦ ਪ੍ਰਬੰਧਨ ਸ਼ਾਮਲ
ਜਲੰਧਰ, 26 ਮਾਰਚ : ਪੇਂਡੂ ਵਿਕਾਸ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਅਹਿਮ ਕਦਮ ਚੁੱਕਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅਗਲੀ ਤਿਮਾਹੀ ਲਈ ਟੀਚੇ ਨਿਰਧਾਰਤ ਕਰਦਿਆਂ ਵੱਖ-ਵੱਖ ਵਿਭਾਗਾਂ ਨੂੰ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਅਤੇ ਵਾਤਾਵਰਣ ਨਾਲ ਸਬੰਧਤ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।
ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਅਗਰਵਾਲ ਨੇ ਖੇਡ ਮੈਦਾਨਾਂ ਦੇ ਨਿਰਮਾਣ, ਛੱਪੜਾਂ ਦੇ ਨਵੀਨੀਕਰਨ, ਸਿੰਚਾਈ ਸੁਧਾਰ ਅਤੇ ਠੋਸ ਰਹਿੰਦ-ਖੂਹੰਦ ਪ੍ਰਬੰਧਨ ਨੂੰ ਤਰਜੀਹ ਦਿੱਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਨੇ ਉਪ ਮੰਡਲ ਮੈਜਿਸਟ੍ਰੇਟਸ (ਐਸ.ਡੀ.ਐਮਜ਼.) ਨੂੰ ਨਿਰਦੇਸ਼ ਦਿੱਤੇ ਕਿ ਉਹ ਇਹ ਯਕੀਨੀ ਬਣਾਉਣ ਕਿ ਹਰੇਕ ਪਿੰਡ ਵਿੱਚ ਨਵਾਂ ਖੇਡ ਮੈਦਾਨ ਹੋਵੇ। ਉਨ੍ਹਾਂ 890 ਪੰਚਾਇਤਾਂ ਲਈ ਅਤਿ-ਆਧੁਨਿਕ ਖੇਡ ਸਹੂਲਤਾਂ ਵਿਕਸਤ ਕਰਨ ਲਈ ਇੱਕ ਵਿਸਥਾਰਤ ਪ੍ਰਾਜੈਕਟ ਰਿਪੋਰਟ ਪੇਸ਼ ਕਰਨ ਲਈ ਕਿਹਾ। ਉਨ੍ਹਾਂ ਨੇ ਪਿੰਡਾਂ ਵਿੱਚ ਮਾਡਲ ਖੇਡ ਮੈਦਾਨਾਂ ਲਈ ਏਕੜ-ਵਾਰ ਪ੍ਰਾਜੈਕਟ ਰਿਪੋਰਟ ਤਿਆਰ ਕਰਨ ਦੀ ਹਦਾਇਤ ਕੀਤੀ ਤਾਂ ਜੋ ਜਲੰਧਰ, ਜੋ ਕਿ ਸੂਬੇ ਦੀ ਖੇਡ ਰਾਜਧਾਨੀ ਵਜੋਂ ਪ੍ਰਸਿੱਧ ਹੈ, ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਜ਼ਿਲ੍ਹਾ ਬਣਾਇਆ ਜਾ ਸਕੇ।
ਪਿੰਡਾਂ ਨੂੰ ਸ਼ਹਿਰਾਂ ਦੀ ਤਰਜ਼ ’ਤੇ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਦਹੁਰਾਉਂਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਸਾਰੇ 1,086 ਛੱਪੜਾਂ ਦੀ ਸਫਾਈ ਅਤੇ ਨਵੀਨੀਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪਾਣੀ ਦੀ ਸੰਭਾਲ ਵਿੱਚ ਵਾਧਾ ਕਰਨ ਲਈ ਥਾਪਰ/ਸੀਚੇਵਾਲ ਮਾਡਲ ਅਨੁਸਾਰ ਹਰੇਕ ਬਲਾਕ ਵਿੱਚ ਪੰਜ ਨਵੇਂ ਛੱਪੜ ਬਣਾਉਣ ਲਈ ਤਜਵੀਜ਼ਾਂ ਦੀ ਵੀ ਮੰਗ ਕੀਤੀ।
ਡਾ. ਅਗਰਵਾਲ ਨੇ ਛੱਪੜਾਂ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ (ਐਸ.ਟੀ.ਪੀ.) ਤੋਂ ਸੋਧੇ ਹੋਏ ਦੀ ਸਪਲਾਈ ਕਿਸਾਨਾਂ ਤੱਕ ਢੁਕਵੇਂ ਢੰਗ ਨਾਲ ਪਹੁੰਚਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਇਸੇ ਤਰ੍ਹਾਂ, ਉਨ੍ਹਾਂ ਹਰਿਆਲੀ ਵਾਲੀਆਂ ਥਾਵਾਂ ਵਿੱਚ ਵਾਧਾ ਕਰਨ ਲਈ ਅਧਿਕਾਰੀਆਂ ਨੂੰ ਪਿੰਡ-ਪੱਧਰੀ ਪਾਰਕਾਂ ਲਈ ਪ੍ਰਸਤਾਵ ਪੇਸ਼ ਕਰਨ ਦੇ ਨਿਰਦੇਸ਼ ਵੀ ਦਿੱਤੇ।
ਠੋਸ ਰਹਿੰਦ-ਖੂਹੰਦ ਪ੍ਰਬੰਧਨ ਨੂੰ ਪ੍ਰਮੁੱਖ ਤਰਜੀਹ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਭਰ ਵਿੱਚ ਰਹਿੰਦ-ਖੂਹੰਦ ਨੂੰ ਇਕੱਤਰ ਕਰਨ, ਵੱਖ-ਵੱਖ ਕਰਨ ਅਤੇ ਨਿਪਟਾਰੇ ਸਬੰਧੀ ਪ੍ਰਾਜੈਕਟਾਂ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਦਿਆਲਪੁਰ, ਅਠੌਲਾ ਅਤੇ ਰੁੜਕਾ ਕਲਾਂ ਪਿੰਡਾਂ ਦੇ ਸਫ਼ਲ ਮਾਡਲਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਇਨ੍ਹਾਂ ਪ੍ਰਾਜੈਕਟਾਂ ਨੂੰ ਜ਼ਿਲ੍ਹੇ ਭਰ 'ਚ ਲਾਗੂ ਕਰਨ ਦੀ ਅਪੀਲ ਕੀਤੀ। ਪ੍ਰਗਤੀ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਕਿਹਾ ਕਿ ਠੋਸ ਰਹਿੰਦ-ਖੂਹੰਦ ਪ੍ਰਬੰਧਨ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਵਾਲੀਆਂ ਪੰਚਾਇਤਾਂ ਨੂੰ ਵਿਕਾਸ ਫੰਡ ਵਜੋਂ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਰੁੱਖ ਲਾਉਣ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਡਾ. ਅਗਰਵਾਲ ਨੇ ਐਸ.ਡੀ.ਐਮਜ਼ ਨੂੰ ਮੀਆਵਾਕੀ ਜੰਗਲ ਵਿਕਸਤ ਕਰਨ ਲਈ ਸਰਕਾਰੀ ਜ਼ਮੀਨ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਨਾਲ ਜ਼ਿਲ੍ਹੇ ਵਿੱਚ ਹਰਿਆਲੀ ਵਧੇਗੀ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡਾਂ ਨੂੰ ਸ਼ਹਿਰਾਂ ਵਾਂਗ ਵਿਕਸਤ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਈ, ਜਿਸ ਨਾਲ ਸੰਪੂਰਨ ਅਤੇ ਟਿਕਾਊ ਵਿਕਾਸ ਯਕੀਨੀ ਬਣੇਗਾ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਅਤੇ ਉਹ ਖੁਦ ਇਨ੍ਹਾਂ ਪ੍ਰਾਜੈਕਟਾਂ ਦੀ ਵਿਅਕਤੀਗਤ ਤੌਰ ’ਤੇ ਨਿਗਰਾਨੀ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਲਈ ਫੰਡ ਦੀ ਕੋਈ ਕਮੀ ਨਹੀਂ ਹੈ, ਇਸ ਲਈ ਸਬੰਧਤ ਵਿਭਾਗਾਂ ਵੱਲੋਂ ਇਨ੍ਹਾਂ ਨੂੰ ਸਮੇਂ ਸਿਰ ਲਾਗੂ ਕਰਨਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।