ਮਾਨਸਾ: ਸਰਕਾਰੀ ਜ਼ਮੀਨ ਉਪਰ ਨਜਾਇਜ਼ ਕਬਜਾ ਕਰਨ ਵਾਲੇ ਮਕਾਨਾਂ ’ਤੇ ਚੱਲਿਆ ਵਿਭਾਗ ਦਾ ਪੀਲਾ ਪੰਜਾ
ਭੀਖੀ ਵਿਖੇ ਪ੍ਰਸ਼ਾਸਨ ਨੇ ਨਜਾਇਜ਼ ਕਬਜ਼ਾ ਕਰਨ ਵਾਲੇ 2 ਮਕਾਨ ਢਾਹੇ
ਭੀਖੀ/ਮਾਨਸਾ, 26 ਮਾਰਚ 2025 : ਨਗਰ ਪੰਚਾਇਤ ਜਾਂ ਨਗਰ ਕੌਂਸਲਾਂ ਦੀ ਸਰਕਾਰੀ ਥਾਂ ’ਤੇ ਨਜਾਇਜ਼ ਕਬਜੇ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੀਖੀ ਵਿਖੇ 2 ਘਰਾਂ ਨੂੰ ਨਜਾਇਜ਼ ਕਬਜ਼ਾ ਕਰਨ ਦੇ ਚੱਲਦਿਆਂ ਢਾਹਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਮਾਨਸਾ ਸ਼੍ਰੀ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਭੀਖੀ ਦੇ ਵਾਰਡ ਨੰਬਰ 2, ਨੇੜੇ ਕਾਲੀ ਮਾਤਾ ਮੰਦਿਰ, ਪੰਡਤਾਂ ਦਾ ਢੌਬਾ ਵਿਖੇ 2 ਪਰਿਵਾਰਾਂ ਵੱਲੋਂ ਸਰਕਾਰੀ ਜ਼ਮੀਨ ਉਪਰ ਨਜਾਇਜ਼ ਉਸਾਰੀ ਕੀਤੀ ਹੋਈ ਸੀ। ਜਿਸ ਸਬੰਧੀ ਨਗਰ ਪੰਚਾਇਤ ਭੀਖੀ ਵੱਲੋਂ ਜਿੱਥੇ ਜ਼ਿਲ੍ਹਾ ਪ੍ਰ੍ਰਸ਼ਾਸਨ ਨੂੰ ਇਸ ਉਸਾਰੀ ਸਬੰਧੀ ਸੂਚਿਤ ਕੀਤਾ ਗਿਆ, ਉਥੇ ਹੀ ਪੁਲਿਸ ਸੁਰੱਖਿਆ ਲਈ ਵੀ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦੇ ਚੱਲਦਿਆਂ ਇਸ ਨਜਾਇਜ਼ ਕਬਜੇ ਨੂੰ ਹਟਾਉਣ ਲਈ ਤੁਰੰਤ ਕਾਰਵਾਈ ਆਰੰਭੀ ਗਈ ਅਤੇ ਪੁਲਿਸ ਸੁਰੱਖਿਆ ਵਿੱਚ ਇਨ੍ਹਾਂ ਦੋਵੇਂ ਮਕਾਨਾਂ ਨੂੰ ਜੇ.ਸੀ.ਬੀ. ਦੀ ਮਦਦ ਨਾਲ ਢਾਹਿਆ ਗਿਆ।
ਐਸ.ਡੀ.ਐਮ. ਨੇ ਦੱਸਿਆ ਕਿ ਇਹ ਦੋਵੇਂ ਪਰਿਵਾਰ ਨਸ਼ਿਆਂ ਦਾ ਵੀ ਕਾਰੋਬਾਰ ਕਰਦੇ ਸਨ ਅਤੇ ਇਹਨਾਂ ਕਾਬਜਕਾਰਾਂ ’ਤੇ ਨਸ਼ਾ ਵੇਚਣ ਤਹਿਤ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮੇ ਵੀ ਦਰਜ ਹਨ।
ਐਸ.ਐਸ.ਪੀ. ਮਾਨਸਾ ਸ਼੍ਰੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਨਗਰ ਪੰਚਾਇਤ ਦੀ ਜ਼ਮੀਨ ਉਪਰ ਅਣ-ਅਧਿਕਾਰਤ ਉਸਾਰੀ ਕੀਤੀ ਗਈ ਸੀ, ਉਸ ਨੂੰ ਪੰਜਾਬ ਸਰਕਾਰ ਦੀ ਮੁਹਿੰਮ ਅਨੁਸਾਰ ਅੱਜ ਢਾਹਿਆ ਗਿਆ ਹੈ। ਉਨ੍ਹਾਂ ਨਾਲ ਹੀ ਕਿਹਾ ਇਨ੍ਹਾਂ ਕਬਜਾਕਾਰਾਂ ਗੁਰਪ੍ਰੀਤ ਸਿੰਘ ਅਤੇ ਜੱਗਾ ਸਿੰਘ ਖਿਲਾਫ਼ ਐਨ.ਡੀ.ਪੀ.ਐਸ. ਤਹਿਤ ਪਰਚੇ ਦਰਜ਼ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨਸ਼ਿਆਂ ਦਾ ਕੰਮ ਕਰਨ ਵਾਲਿਆਂ ਖਿਲਾਫ਼ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਐਸ.ਪੀ. ਐਚ. ਸ਼੍ਰੀ ਜਸਕਿਰਤ ਸਿੰਘ, ਡੀ.ਐਸ.ਪੀ. ਸ਼੍ਰੀ ਬੂਟਾ ਸਿੰਘ ਗਿੱਲ, ਕਾਰਜ ਸਾਧਕ ਅਫ਼ਸਰ ਭੀਖੀ ਸ਼੍ਰੀ ਹੈਪੀ ਜਿੰਦਲ ਅਤੇ ਨਾਇਬ ਤਹਿਸੀਲਦਾਰ ਮੌਜੂਦ ਸਨ।