ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ਸਲਾਨਾ ਐਥਲੈਟਿਕ ਮੀਟ ਕਰਵਾਈ ਗਈ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 21 ਮਾਰਚ 2025:ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਦੀ 22ਵੀਂ ਸਲਾਨਾ ਐਥਲੈਟਿਕ ਮੀਟ ਕਾਲਜ ਦੇ ਖੇਡ ਮੈਦਾਨ ਵਿੱਚ ਬੜੀ ਧੂਮ-ਧਾਮ ਨਾਲ ਕਰਵਾਈ ਗਈ। ਸੰਸਥਾ ਦੇ ਚੇਅਰਮੈਨ ਤਜਿੰਦਰ ਸਿੰਘ ਨੇ ਖਿਡਾਰੀਆਂ ਦੀ ਹੌਸਲਾਂ ਅਫਜਾਈ ਕੀਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ । ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਣ ਅਤੇ ਖੇਡਾਂ ਵਿੱਚ ਸਾਕਾਰਾਤਮਕ ਨਜ਼ਰੀਏ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਐਥਲੈਟਿਕ ਮੀਟ ਵਿੱਚ ਝੰਡਾ ਲਹਿਰਾਇਆ ਗਿਆ ਅਤੇ ਖਿਡਾਰੀਆਂ ਵੱਲੋਂ ਮਾਰਚ ਪਾਸਟ ਵੀ ਕੀਤੀ ਗਈ। ਇਸ ਦੇ ਨਾਲ ਹੀ ਸਟੇਟ ਅਤੇ ਯੂਨੀਵਰਸਿਟੀ ਪੱਧਰ ਤੇ ਖੇਡਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਵੱਲੋਂ ਮਸ਼ਾਲ ਰੌਸ਼ਨ ਕਰਨ ਤੋਂ ਬਾਅਦ ਐਥਲੈਟਿਕ ਮੀਟ ਵਿੱਚ ਭਾਗ ਲੈ ਰਹੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਇਸ ਖੇਡ ਮੇਲੇ ਵਿੱਚ ਭਾਗ ਲੈਣ ਦੀ ਸਹੁੰ ਚੁਕਾਈ ਗਈ।
ਇਸ ਮੌਕੇ ਕਾਲਜ ਦੇ ਰਜਿਸਟਰਾਰ-ਕਮ-ਡਾਇਰੈਕਟਰ ਡਾ. ਐਸ.ਐਸ.ਬਿੰਦਰਾ ਨੇ ਕਿਹਾ ਕਿ ਪੜ੍ਹਾਈ ਦੇ ਨਾਲ-2 ਖੇਡਾਂ ਵੀ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ, ਇਸ ਲਈ ਵਿਦਿਆਰਥੀਆਂ ਨੂੰ ਸਰੀਰਕ ਤੇ ਮਾਨਸਿਕ ਵਿਕਾਸ ਲਈ ਪੜ੍ਹਾਈ ਦੇ ਨਾਲ-2 ਖੇਡਾਂ ਵਿੱਚ ਵੀ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਖਿਡਾਰੀ ਦਾ ਚਰਿੱਤਰ ਨਿਰਮਾਣ ਖੇਡ ਗਰਾਊਂਡ ਵਿੱਚ ਕੀਤੀ ਸਖਤ ਮਿਹਨਤ, ਵਹਾਏ ਪਸੀਨੇ ਅਤੇ ਸਖਤ ਅਨੁਸ਼ਾਸ਼ਨ ਉਪਰੰਤ ਨਿਖਰਦਾ ਹੈ। ਕਾਲਜ ਦੇ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਇਨ੍ਹਾਂ ਖੇਡਾਂ ਵਿੱਚ ਭਾਗ ਲਿਆ ਅਤੇ ਖੇਡ ਭਾਵਨਾ ਦਾ ਮੁਜ਼ਾਹਰਾ ਕਰਦੇ ਹੋਏ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਐਥਲੈਟਿਕ ਮੀਟ ਵਿੱਚ 100 ਮੀਟਰ, 200 ਮੀਟਰ, 400 ਮੀਟਰ ਦੌੜ, ਜੈਵਲਿਨ ਥ੍ਰੋ, ਸ਼ਾਟ ਪੁੱਟ, ਸੈਕ ਰੇਸ, ਸਪੂਨ ਰੇਸ, ਡਿਸਕਸ ਥ੍ਰੋ ਅਤੇ ਲਾਂਗ ਜੰਪ ਆਦਿ ਦੇ ਮੁਕਾਬਲੇ ਕਰਵਾਏ ਗਏ।
ਲੜਕਿਆਂ ਅਤੇ ਲੜਕੀਆਂ ਵਰਗ ਦੀ 100 ਮੀਟਰ ਦੌੜ ਵਿੱਚ ਗੁਲਫਾਮ ਅਤੇ ਰਜਤ, 200 ਮੀਟਰ ਦੌੜ ਵਿੱਚ ਅਕਾਂਕਸ਼ਾ ਅਤੇ ਵਾਨੀ ਸੁਹੇਲ, 400 ਮੀਟਰ ਦੌੜ ਵਿੱਚ ਪਰਮਿੰਦਰ ਕੌਰ ਅਤੇ ਪੰਕਜ ਠਾਕੁਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਸ਼ਾਟ ਪੁੱਟ ਵਿੱਚ ਪਰਮਿੰਦਰ ਕੌਰ ਅਤੇ ਪਰਵ, ਸਪੂਨ ਰੇਸ ਵਿੱਚ ਅਰਸ਼ੀਆ ਅਤੇ ਆਸਿਫ, ਲਾਂਗ ਜੰਪ ਵਿੱਚ ਅਕਾਂਕਸ਼ਾ ਅਤੇ ਵਾਨੀ ਸੁਹੇਲ, ਜੈਵਲਿਨ ਥ੍ਰੋ ਵਿੱਚ ਜਸ਼ਨਦੀਪ ਕੌਰ ਅਤੇ ਨਵਜੋਤ ਸਿੰਘ, ਡਿਸਕਸ ਥ੍ਰੋ ਵਿੱਚ ਪਰਮਿੰਦਰ ਕੌਰ ਅਤੇ ਪਰਵ ਨੇ ਪਹਿਲਾ ਸਥਾਨ ਹਾਸਿਲ ਕੀਤਾ। ਕਾਲਜ ਪ੍ਰੰਬਧਕਾਂ ਵੱਲੋਂ ਸਟਾਫ਼ ਅਤੇ ਵਿਦਿਆਰਥੀਆਂ ਲਈ ਰਿਫ਼ਰੈਸ਼ਮੈਂਟ ਦਾ ਪ੍ਰੰਬਧ ਕੀਤਾ ਗਿਆ। ਇਨਾਮ ਵੰਡ ਸਮਾਰੋਹ ਦੌਰਾਨ ਕਾਲਜ ਦੇ ਰਜਿਸਟਰਾਰ-ਕਮ-ਡਾਇਰੈਕਟਰ ਡਾ. ਐਸ.ਐਸ.ਬਿੰਦਰਾ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਉਨ੍ਹਾਂ ਇਸ ਸਲਾਨਾ ਐਥਲੈਟਿਕ ਮੀਟ ਮੁਕਾਬਲਿਆਂ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਪ੍ਰਬੰਧਕੀ ਕਮੇਟੀ ਨੂੰ ਵਧਾਈ ਦਿੱਤੀ। ਉਨ੍ਹਾਂ ਵਿਸ਼ੇਸ ਤੌਰ ਤੇ ਭਰਤ ਭੂਸ਼ਨ ਅਤੇ ਯੋਗੀਤਾ ਸ਼ਰਮਾਂ ਵੱਲੋਂ ਸਟੇਜ ਸੰਚਾਲਨ ਦੀ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਮੌਕੇ ਹੋਰਾਂ ਤੋਂ ਇਲਾਵਾ ਡਾ. ਗੁਰਪ੍ਰੀਤ ਸਿੰਘ, ਡਾ. ਕੰਚਨ ਸ਼ਰਮਾਂ, ਡਾ. ਕੰਵਲਪ੍ਰੀਤ ਕੌਰ, ਆਰਕੀਟੈਕਟ ਗੁਰਪ੍ਰੀਤ ਸਿੰਘ, ਉਂਕਾਰ ਸਿੰਘ, ਨਿਲੇਸ਼ਵਰ ਟਾਕ, ਭਵਨਪ੍ਰੀਤ ਕੌਰ ਆਦਿ ਹਾਜ਼ਰ ਸਨ।