ਯੁਵਕ ਸੇਵਾਵਾਂ ਵਿਭਾਗ ਲੁਧਿਆਣਾ ਵੱਲੋਂ ਜ਼ਿਲ੍ਹਾ ਪੱਧਰੀ ਦੋ ਰੋਜ਼ਾ ਸਿਖਲਾਈ ਵਰਕਸ਼ਾਪ
ਸੁਖਮਿੰਦਰ ਭੰਗੂ
ਲੁਧਿਆਣਾ, 21 ਮਾਰਚ 2025 - ਯੁਵਕ ਸੇਵਾਵਾਂ ਵਿਭਾਗ, ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਲੁਧਿਆਣਾ ਦੀ ਅਗਵਾਈ ਵਿੱਚ 18 ਅਤੇ 19 ਮਾਰਚ ਨੂੰ ਜ਼ਿਲ੍ਹਾ ਪੱਧਰ ਦੀ ਦੋ ਰੋਜ਼ਾ ਯੂਥ ਸਿਖਲਾਈ ਵਰਕਸ਼ਾਪ ਐਸ.ਸੀ.ਡੀ ਕਾਲਜ਼, ਲੁਧਿਆਣਾ ਵਿਖੇ ਕਰਵਾਈ ਗਈ।
ਇਸ ਦੋ ਦਿਨਾ ਸਿਖਲਾਈ ਵਰਕਸ਼ਾਪ ਵਿੱਚ ਪੰਚਾਇਤੀ ਵਿਭਾਗ ਖੇਤੀਬਾੜੀ ਵਿਭਾਗ, ਜੰਗਲਾਤ ਵਿਭਾਗ, ਸਿਵਲ ਸਰਜਨ ਦਫਤਰ, ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਆਦਿ ਦੇ ਵੱਖ ਵੱਖ ਬੁਲਾਰਿਆਂ ਵੱਲੋਂ ਆਪਣੇ ਆਪਣੇ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਗਈ।
ਦਵਿੰਦਰ ਸਿੰਘ ਲੋਟੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਯੂਥ ਸਰਵਿਸਜ਼ ਪਾਲਿਸੀ 2024 ਦੇ ਆਧਾਰ 'ਤੇ ਮਾਨਯੋਗ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਯੂਥ ਕਲੱਬਾਂ ਨੂੰ ਹੋਰ ਸਰਗਰਮ ਬਣਾਉਣ ਹਿੱਤ ਅਤੇ ਵਧੀਆ ਕਾਰਗੁਜ਼ਾਰੀ ਵਾਲੇ ਕਲੱਬਾਂ ਨੂੰ ਜ਼ਿਲ੍ਹਾ ਪੱਧਰ 'ਤੇ 5 ਲੱਖ, 3 ਲੱਖ ਅਤੇ 2 ਲੱਖ ਰੁਪਏ ਦੇ ਨਕਦ ਇਨਾਮ ਪ੍ਰਦਾਨ ਕਰਨ ਹਿੱਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਲਈ ਜਾਗਰੂਕ ਕਰਨ ਹਿੱਤ ਇਹ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਕਰਵਾਈ ਗਈ।
ਇਸ ਵਰਕਸ਼ਾਪ ਦੌਰਾਨ ਪਹਿਲੇ ਦਿਨ ਸ਼੍ਰੀ ਪਿਆਰ ਸਿੰਘ ਬੀ.ਡੀ.ਪੀ.ਓ ਪੰਚਾਇਤੀ ਵਿਭਾਗ ਵੱਲੋਂ 'Organizing Cultural Programme in Villages' ਵਿਸ਼ੇ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ। ਖੇਤੀਬਾੜੀ ਵਿਭਾਗ ਤੋਂ ਕਿਰਪਾਲ ਸਿੰਘ ਖੇਤੀਬਾੜੀ ਅਫਸਰ ਵੱਲੋਂ 'Efforts for improvement of Environment' ਵਿਸ਼ੇ 'ਤੇ ਜਾਣਕਾਰੀ ਦਿੱਤੀ ਗਈ ਅਤੇ ਸਤਿੰਦਰ ਸਿੰਘ ਵੱਲੋਂ ਬਲੱਡ ਡੋਨੇਸ਼ਨ ਵਿਸ਼ੇ 'ਤੇ ਜਾਣਕਾਰੀ ਦਿੱਤੀ ਗਈ। ਦੂਸਰੇ ਦਿਨ ਵਣ ਵਿਭਾਗ ਲੁਧਿਆਣਾ ਦੇ ਨੁਮਾਇੰਦੇ ਵੱਲੋਂ 'Trees grown to at least 3 girth and 8 feet height after a year' ਵਿਸ਼ੇ ਨਾਲ ਸਬੰਧਤ ਜਾਣਕਾਰੀ ਦਿੰਦਿਆਂ ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਦੱਸਿਆ ਕਿ ਕਿਹੜੇ ਕਿਹੜੇ ਬੂਟੇ ਕਿਸ ਰੁੱਤ ਵਿੱਚ ਲਗਾ ਕੇ ਅਸੀਂ ਨਾ ਸਿਰਫ ਵਾਤਾਵਰਨ ਨੂੰ ਸ਼ੁੱਧ ਕਰ ਸਕਦੇ ਹਾਂ ਸਗੋਂ ਇਸ ਤਰ੍ਹਾਂ ਕਰਨ ਨਾਲ ਕਈ ਤਰ੍ਹਾਂ ਦੇ ਰੁਜ਼ਗਾਰ ਵੀ ਪੈਦਾ ਕਰ ਸਕਦੇ ਹਾਂ।
ਡਾ ਅੰਸ਼ੁਲ ਮਹਾਜ਼ਨ, ਸਮਰਾਲਾ ਵੱਲੋਂ 'Efforts for Drug-De-Addiction' ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ੇ ਕਰਨ ਵਾਲਾ ਆਪਣੇ ਭਵਿੱਖ ਦੇ ਨਾਲ ਨਾਲ ਆਪਣੇ ਪਰਿਵਾਰ ਅਤੇ ਸਮਾਜ ਦੇ ਭਵਿੱਖ ਨਾਲ ਵੀ ਖਿਲਵਾੜ ਕਰਦਾ ਹੈ। ਨਸ਼ੇ ਵਿੱਚ ਗ੍ਰਸਤ ਨੌਜਵਾਨੀ ਨੂੰ ਬਚਾਉਣ ਲਈ ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਅੱਗੇ ਆ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ ਅਤੇ ਡਾ: ਗਗਨ ਕਾਕੋਵਾਲ ਨੇ ਅੱਖਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀੀ ਸਾਂਝੀ ਕੀਤੀ।
ਇਸ ਤੋਂ ਇਲਾਵਾ ਡਾਇਰੈਕਟਰ, ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਨਾਲ ਸਬੰਧਤ ਚੱਲ ਰਹੀਆਂ ਸਕੀਮਾਂ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਗਈ।ਇਸ ਵਰਕਸ਼ਾਪ ਵਿੱਚ ਦੋਨੋਂ ਦਿਨ ਜ਼ਿਲ੍ਹਾ ਲੁਧਿਆਣਾ ਦੀਆਂ ਲਗਭਗ ਵੱਖ ਵੱਖ ਯੂਥ ਕਲੱਬਾਂ ਦੇ 60-60 ਨੌਜਵਾਨਾਂ ਨੇ ਭਾਗ ਲਿਆ।ਇਸ ਵਰਕਸ਼ਾਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਡਾ. ਗੀਤਾਂਜਲੀ, ਸ਼੍ਰੀਮਤੀ ਈਰਾਦੀਪ ਪ੍ਰਿੰਸੀਪਲ ਐਸ.ਸੀ.ਡੀ.ਕਾਲਜ਼, ਲੁਧਿਆਣਾ, ਮਨਜੀਤ ਸਿੰਘ ਸਮਰਾਲਾ, ਮਨਜੀਤ ਸਿੰਘ ਪੂੰਨੀਆ ਅਤੇ ਸਮੂਹ ਯੂਥ ਕਲੱਬਾਂ ਦੇ ਨੌਜਵਾਨਾਂ ਦਾ ਭਰਪੂਰ ਯੋਗਦਾਨ ਰਿਹਾ।ਵਰਕਸ਼ਾਪ ਦੇ ਅੰਤ ਵਿੱਚ ਸ਼: ਕੁਲਵਿੰਦਰ ਸਿੰਘ ਡਿਪਟੀ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਪੰਜਾਬ ਚੰਡੀਗੜ੍ਹ ਨੇ ਨੌਜਵਾਨਾ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸ਼ਿਰਕਤ ਕੀਤੇ ਬੁਲਾਰਿਆ ਨੂੰ ਟਰਾਫੀਆ ਅਤੇ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ।