ਕਿਸੇ ਤੇ ਥੋਪਣ ਲਈ ਨਹੀਂ, ਸਗੋਂ ਸਮੱਸਿਆਵਾਂ ਦੇ ਹੱਲ ਲਈ ਬਣਾਏ ਜਾਂਦੇ ਹਨ ਕਾਨੂੰਨ: ਮੇਅਰ ਪਦਮਜੀਤ ਮਹਿਤਾ
ਅਸ਼ੋਕ ਵਰਮਾ
ਬਠਿੰਡਾ, 17 ਮਾਰਚ 2025:ਸਰਕਾਰ ਵੱਲੋਂ ਬਣਾਏ ਜਾਣ ਵਾਲੇ ਕਾਨੂੰਨ ਵਪਾਰੀਆਂ ਤੇ ਆਮ ਜਨਤਾ 'ਤੇ ਥੋਪਣ ਲਈ ਨਹੀਂ, ਸਗੋਂ ਸਮੱਸਿਆਵਾਂ ਦੇ ਹੱਲ ਲਈ ਹੁੰਦੇ ਹਨ, ਅਜਿਹੇ ਵਿੱਚ ਕੋਈ ਵੀ ਕਾਨੂੰਨ ਵਪਾਰੀਆਂ ਤੇ ਆਮ ਜਨਤਾ 'ਤੇ ਥੋਪੇ ਨਹੀਂ ਜਾਣਗੇ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਵਪਾਰੀਆਂ ਤੇ ਆਮ ਜਨਤਾ ਨੂੰ ਪਿਛਲੇ ਲੰਬੇ ਸਮੇਂ ਤੋਂ ਟਰੈਫਿਕ ਤੇ ਟੋਹ ਵੈਨ ਸਬੰਧੀ ਸਮੱਸਿਆ ਆ ਰਹੀ ਸੀ, ਜਿਸ ਦੇ ਸਮਾਧਾਨ ਲਈ ਉਨ੍ਹਾਂ ਵੱਲੋਂ ਆਪਣੇ ਪੱਧਰ 'ਤੇ ਬਠਿੰਡਾ ਦੇ ਮੁੱਖ ਬਾਜ਼ਾਰਾਂ ਦੇ ਵਪਾਰੀਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੇ ਸੁਝਾਅ ਲਏ ਗਏ ਹਨ ਅਤੇ ਸੁਝਾਅ ਦੇ ਅਨੁਸਾਰ ਕੰਮ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਟਰੈਫਿਕ ਸਮੱਸਿਆ ਦੇ ਸੁਧਾਰ ਲਈ ਟੋਹ ਵੈਨਾਂ ਚਲਾਈਆਂ ਜਾ ਰਹੀਆਂ ਹਨ, ਜਿਸ ਦੇ ਲਈ ਟਰੈਫਿਕ ਪੁਲਿਸ ਤੋਂ ਸਹਿਯੋਗ ਲਿਆ ਜਾਵੇਗਾ। ਉਹਨਾਂ ਕਿਹਾ ਕਿ ਕਿ ਟਰੈਫਿਕ ਪੁਲਿਸ ਨੂੰ ਵੀ ਸਹਿਯੋਗ ਦੇਣ ਲਈ ਨਗਰ ਨਿਗਮ ਵੱਲੋਂ ਵਿਦੇਸ਼ੀ ਤਰਜ਼ 'ਤੇ 50 ਮਾਰਸ਼ਲ ਦਿੱਤੇ ਜਾਣਗੇ, ਜਿਨ੍ਹਾਂ ਨੂੰ ਵਰਦੀਆਂ ਦਿੱਤੀਆਂ ਜਾਣਗੀਆਂ।
ਮੇਅਰ ਨੇ ਕਿਹਾ ਕਿ ਇਸ ਸਮੱਸਿਆ ਦੇ ਸਮਾਧਾਨ ਲਈ ਵਪਾਰੀਆਂ ਤੋਂ ਸੁਝਾਅ ਲਏ ਗਏ ਹਨ ਅਤੇ ਉਨ੍ਹਾਂ ਦੇ ਸੁਝਾਅ ਦੇ ਅਨੁਸਾਰ ਹੀ ਕਾਨੂੰਨੀ ਤਰੀਕੇ ਨਾਲ ਸਾਰੇ ਬਠਿੰਡਾ ਵਿੱਚ ਯੈਲੋ ਲਾਈਨ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਸਾਰੇ ਵਪਾਰੀਆਂ ਨਾਲ ਵੱਖ-ਵੱਖ ਇਲਾਕਿਆਂ ਵਿੱਚ ਮੀਟਿੰਗਾਂ ਕਰਕੇ ਉਨ੍ਹਾਂ ਦੇ ਸੁਝਾਅ ਵੀ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਬਾਜ਼ਾਰ ਵਿੱਚ ਆਉਣ ਵਾਲੇ ਗਾਹਕਾਂ ਵੱਲੋਂ ਆਪਣੀਆਂ ਗੱਡੀਆਂ ਵਿੱਚ ਡਰਾਈਵਰਾਂ ਨੂੰ ਬਿਠਾ ਕੇ ਗੱਡੀਆਂ ਯੈਲੋ ਲਾਈਨ ਤੋਂ ਬਾਹਰ ਖੜੀਆਂ ਕਰ ਦਿੱਤੀਆਂ ਜਾਂਦੀਆਂ ਹਨ, ਇਹ ਸਭ ਤੋਂ ਵੱਡੀ ਸਮੱਸਿਆ ਹੈ ਅਤੇ ਇਸ ਸੰਬੰਧੀ ਵਪਾਰੀਆਂ ਨੇ ਸੁਝਾਅ ਦਿੱਤਾ ਹੈ ਕਿ ਉਹ ਆਪਣੇ ਗਾਹਕਾਂ ਨੂੰ ਪਰਚੀ ਜਾਰੀ ਕਰਨਗੇ ਅਤੇ ਸਿਰਫ 15 ਮਿੰਟ ਤੱਕ ਹੀ ਉਕਤ ਗੱਡੀ ਦੁਕਾਨ ਦੇ ਬਾਹਰ ਬਾਜ਼ਾਰ ਵਿੱਚ ਖੜੀ ਰਹਿ ਸਕਦੀ ਹੈ, ਉਸ ਤੋਂ ਬਾਅਦ ਟੋਹ ਵੈਨ, ਟਰੈਫਿਕ ਪੁਲਿਸ ਅਤੇ ਮਾਰਸ਼ਲ ਆਪਣੀ ਕਾਰਵਾਈ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਗਾਹਕਾਂ ਦੀਆਂ ਗੱਡੀਆਂ ਲਈ 15 ਮਿੰਟ ਦਾ ਸਮਾਂ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਗੱਡੀ ਨੂੰ ਟੋਹ ਕਰਕੇ ਪਾਰਕਿੰਗ ਵਿੱਚ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਵਪਾਰ ਚੱਲਣ, ਵਪਾਰੀਆਂ ਤੇ ਆਮ ਜਨਤਾ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ, ਅਜਿਹੇ ਵਿੱਚ ਵਪਾਰੀਆਂ ਤੇ ਆਮ ਜਨਤਾ ਦੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਉਨ੍ਹਾਂ ਅਨੁਸਾਰ ਹੀ ਕਾਨੂੰਨ ਲਾਗੂ ਕੀਤਾ ਜਾਵੇਗਾ, ਤਾਂ ਜੋ ਟਰੈਫਿਕ ਸਮੱਸਿਆ ਤੋਂ ਲੋਕਾਂ ਨੂੰ ਨਿਜ਼ਾਤ ਮਿਲ ਸਕੇ, ਬਾਜ਼ਾਰ ਵਿੱਚ ਰੌਣਕ ਲੱਗੀ ਰਹੇ ਅਤੇ ਗਾਹਕਾਂ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ।