ਖੂਹ 'ਤੇ ਬੰਨ੍ਹੀਆਂ ਦੋ ਮੱਝਾਂ ਤੇ ਕੱਟਾ ਕੀਤਾ ਚੋਰੀ
ਰਾਜਿੰਦਰ ਕੁਮਾਰ
ਨਵਾਂਸ਼ਹਿਰ 17 ਮਾਰਚ 2025 - ਬੰਗਾ ਦੇ ਸਥਾਨਕ ਸਾਗਰ ਗੇਟ–ਨਹਿਰ ਰੋਡ 'ਤੇ ਪੈਂਦੇ ਇਕ ਖੂਹ 'ਤੇ ਬਣੇ ਕਮਰੇ ਦੇ ਤਾਲੇ ਤੋੜ ਕੇ ਚੋਰਾਂ ਵੱਲੋਂ ਅੰਦਰ ਬੰਨ੍ਹੀਆਂ ਦੋ ਮੱਝਾਂ ਅਤੇ ਇਕ ਕੱਟੇ ਨੂੰ ਚੋਰੀ ਕਰ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਹੋਈ ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਮੱਝਾ ਦੇ ਮਾਲਕ ਮਲਕੀਤ ਸਿੰਘ ਪੁੱਤਰ ਰਘਬੀਰ ਸਿੰਘ ਨਿਵਾਸੀ ਸਾਗਰ ਗੇਟ ਬੰਗਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰਾਂ ਬੀਤੀ ਰਾਤ ਵੀ ਆਪਣੇ ਖ਼ੂਹ 'ਤੇ ਬਣੇ ਕਮਰੇ ਅੰਦਰ ਦੋ ਮੱਝਾਂ ਜੋ 10-15 ਦਿਨਾਂ ਨੂੰ ਸੂਣ ਵਾਲੀਆਂ ਸਨ ਅਤੇ ਇਕ ਕੱਟਾ ਬੰਨ੍ਹ ਕੇ ਅਤੇ ਉਕਤ ਕਮਰੇ ਨੂੰ ਬਾਹਰ ਤੋਂ ਤਾਲਾ ਮਾਰ ਘਰ ਆਇਆ ਸੀ।
ਉਨਾ ਨੇ ਦੱਸਿਆ ਉਸ ਨੂੰ ਅੱਜ ਸਵੇਰੇ ਉਸ ਦੇ ਖ਼ੂਹ 'ਤੇ ਰਹਿਣ ਵਾਲੇ ਇਕ ਪ੍ਰਵਾਸੀ ਮਜ਼ਦੂਰ ਨੇ ਦੱਸਿਆ ਕਿ ਰਾਤ ਨੂੰ ਉਕਤ ਕਮਰੇ ਦਾ ਤਾਲਾ ਤੋੜ ਕੇ ਚੋਰ ਅੰਦਰ ਬੰਨ੍ਹੇ ਪਸ਼ੂ ਚੋਰੀ ਕਰ ਲੈ ਗਏ ਹਨ। ਉਕਤ ਸੂਚਨਾ ਮਿਲਦੇ ਹੀ ਉਹ ਤੁਰੰਤ ਮੌਕੇ 'ਤੇ ਪੁੱਜੇ ਅਤੇ ਦੇਖਿਆ ਪਸ਼ੂ ਕਮਰੇ ਅੰਦਰ ਨਹੀਂ ਸਨ ਸਗੋਂ ਉਥੇ ਇਕ ਪਰਨਾ ਜ਼ਰੂਰ ਡਿੱਗਆ ਪਿਆ ਸੀ, ਜੋ ਲੱਗਦਾ ਹੈ ਉਹ ਚੋਰਾਂ ਦਾ ਹੈ, ਜੋ ਉੱਥੇ ਰਹਿ ਗਿਆ।
ਉਸ ਨੇ ਦੱਸਿਆ ਕਿ ਕੁਝ ਕੁ ਦਿਨ ਪਹਿਲਾਂ ਵਾਰ ਵਾਰ ਇਕ ਵਿਅਕਤੀ ਉਹਨਾਂ ਨੂੰ ਕੱਟਾ ਵੇਚਣ ਲਈ ਕਹਿ ਰਹੇ ਸਨ ਪਰ ਉਸ ਨੇ ਉਨ੍ਹਾਂ ਨੂੰ ਕੋਰੀ ਨਾਂਹ ਕਹਿ ਦਿੱਤੀ ਸੀ, ਜਿਸ ਤੋ ਬਾਅਦ ਹੁਣ ਇਹ ਭਾਣਾ ਵਾਪਰ ਗਿਆ। ਉਸ ਨੇ ਦੱਸਿਆ ਕਿ ਉਕਤ ਹੋਈ ਚੋਰੀ ਵਿੱਚ ਉਸ ਦਾ ਅੰਦਾਜ਼ਨ 2.5 ਤੋਂ 3 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ। ਜਿਸ ਸਬੰਧੀ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਉਸ ਦੱਸਿਆ ਕਿ ਸੂਚਨਾ ਮਿਲਦੇ ਹੀ ਬੰਗਾ ਸਿਟੀ ਪੁਲਸ ਦੇ ਅਧਿਕਾਰੀ ਮੌਕੇ 'ਤੇ ਪੁੱਜੇ ਸਨ ਅਤੇ ਮੌਕਾ ਵੇਖਣ ਉਪੰਰਤ ਉਨ੍ਹਾਂ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਸ ਪ੍ਰਸ਼ਾਸਨ ਤੋਂ ਗੁਹਾਰ ਲਾਉਂਦੇ ਕਿਹਾ ਕਿ ਉਕਤ ਪਸ਼ੂਆਂ ਨਾਲ ਉਸ ਦਾ ਘਰ ਦਾ ਗੁਜ਼ਾਰਾ ਚਲਦਾ ਸੀ। ਉਸ ਨੂੰ ਉਕਤ ਪਸ਼ੂ ਲੱਭ ਕੇ ਵਾਪਸ ਦਿਵਾਏ ਜਾਣ ਤਾਂ ਜੋ ਉਹ ਆਪਣੀ ਰੋਜ਼ੀ ਰੋਟੀ ਖਾ ਸਕਣ ।