ਮੁੱਖ ਮੰਤਰੀ ਦੇ ਓਐਸਡੀ ਸੁਖਵੀਰ ਸਿੰਘ ਸੁੱਖੀ ਨੇ ਧੂਰੀ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ
- ਧੂਰੀ ਸ਼ਹਿਰ ਦੇ 10 ਵਾਰਡਾਂ ਦੇ ਕੌਂਸਲਰਾਂ ਨਾਲ ਕੀਤੀ ਸਮੀਖਿਆ ਮੀਟਿੰਗ
ਦਲਜੀਤ ਕੌਰ
ਧੂਰੀ/ਸੰਗਰੂਰ, 17 ਮਾਰਚ, 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਧੂਰੀ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਪਿੰਡਾਂ ਅਤੇ ਸ਼ਹਿਰ ਵਿੱਚ ਵਸਦੇ ਨਾਗਰਿਕਾਂ ਨੂੰ ਸਰਵੋਤਮ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਲਗਾਤਾਰ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ।
ਅੱਜ ਮੁੱਖ ਮੰਤਰੀ ਦੇ ਓ.ਐਸ.ਡੀ ਸੁਖਵੀਰ ਸਿੰਘ ਸੁੱਖੀ ਨੇ ਧੂਰੀ ਵਿਖੇ ਸਥਿਤ ਸੀ.ਐਮ ਕੈਂਪ ਆਫਿਸ ਵਿਖੇ ਪੰਜਾਬ ਉਦਯੋਗ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋ, ਸੀ.ਐਮ ਫੀਲਡ ਅਫਸਰ ਡਾ. ਕਰਮਜੀਤ ਸਿੰਘ, ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਅਤੇ ਉਪ ਮੰਡਲ ਮੈਜਿਸਟਰੇਟ ਵਿਕਾਸ ਹੀਰਾ ਦੀ ਮੌਜੂਦਗੀ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਧੂਰੀ ਸ਼ਹਿਰ ਦੇ 10 ਵਾਰਡਾਂ ਵਿੱਚ ਹੋ ਰਹੇ ਵਿਕਾਸ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਓ.ਐਸ.ਡੀ ਸੁਖਵੀਰ ਸਿੰਘ ਸੁੱਖੀ ਨੇ ਦੱਸਿਆ ਕਿ ਪੰਜਾਬ ਸਰਕਾਰ ਹਰ ਵਾਰਡ ਵਿੱਚ ਸਰਵੋਤਮ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਉਦੇਸ਼ ਦੀ ਪੂਰਤੀ ਹਿੱਤ ਜਿੱਥੇ ਪਹਿਲਾਂ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨਾਲ ਪੜਾਅਵਾਰ ਮੀਟਿੰਗਾਂ ਕੀਤੀਆਂ ਗਈਆਂ ਹਨ ਉੱਥੇ ਹੁਣ ਧੂਰੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਬੁਨਿਆਦੀ ਸੁਵਿਧਾਵਾਂ ਦੀ ਘਾਟ ਨੂੰ 100 ਫੀਸਦੀ ਦੂਰ ਕਰਨ ਲਈ ਇਹਨਾਂ ਮੀਟਿੰਗਾਂ ਦਾ ਸਿਲਸਿਲਾ ਆਰੰਭ ਕੀਤਾ ਗਿਆ ਹੈ।
ਇਸ ਮੌਕੇ ਚੇਅਰਮੈਨ ਦਲਵੀਰ ਸਿੰਘ ਢਿੱਲੋ ਨੇ ਦੱਸਿਆ ਕਿ ਮੀਟਿੰਗ ਦੌਰਾਨ ਕੌਂਸਲਰ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤੋਂ ਸੰਤੁਸ਼ਟ ਨਜ਼ਰ ਆਏ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਯੋਜਨਾਵਾਂ ਨੂੰ ਵਾਰਡ ਪੱਧਰ ਉੱਤੇ ਸਫਲਤਾ ਨਾਲ ਲਾਗੂ ਕਰਨ ਦਾ ਭਰੋਸਾ ਦਿੱਤਾ।