ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਵਚਨਬੱਧ: ਰੰਧਾਵਾ
- ਸੇਵਾ ਕੇਂਦਰ ਰਾਹੀਂ ਮਿਲਣ ਵਾਲੀਆਂ 406 ਸੇਵਾਵਾਂ ਹੁਣ 1076 ਨੰਬਰ ਡਾਇਲ ਕਰਕੇ ਮਿਲਣਗੀਆਂ
ਮਲਕੀਤ ਸਿੰਘ ਮਲਕਪੁਰ
ਲਾਲੜੂ 17 ਮਾਰਚ 2025: ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪਿੰਡ ਕੁਰਲੀ ਵਿਖੇ ਲਗਾਏ ਸਰਕਾਰ ਆਪ ਦੇ ਦੁਆਰ ਕੈਂਪ ਵਿੱਚ ਪੁੱਜੇ ਲੋਕਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ’ਤੇ ਲਾਏ ਜਾ ਰਹੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਕੈਂਪਾਂ ਦਾ ਮੰਤਵ ਲੋਕਾਂ ਨੂੰ ਉਨ੍ਹਾਂ ਦੇ ਪਿੰਡ ਜਾ ਕੇ ਸਰਕਾਰੀ ਸੇਵਾਵਾਂ ਦੇਣਾ ਹੈ।
ਸੁਵਿਧਾ ਕੈਂਪ ਦੌਰਾਨ ਉਨ੍ਹਾਂ ਖੁਦ ਪ੍ਰਸ਼ਾਸਨਿਕ ਅਧਿਕਾਰੀਆ ਨੂੰ ਮੌਕੇ ’ਤੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਲੋਕਾਂ ਨੂੰ ਸੇਵਾ ਕੇਂਦਰਾਂ ਰਾਹੀਂ ਮਿਲਣ ਵਾਲੀਆਂ ਸਾਰੀਆਂ ਸੇਵਾਵਾਂ ਹੁਣ 1076 ਨੰਬਰ ਡਾਇਲ ਕਰਕੇ ਘਰ ਬੈਠੇ ਹੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਈ ਸਟੈਂਪ ਅਤੇ ਆਧਾਰ ਕਾਰਡ ਸੇਵਾਵਾਂ ਨੂੰ ਛੱਡ ਕੇ ਬਾਕੀ ਦੀਆਂ 406 ਸੇਵਾਵਾਂ (ਜਿਹੜੀਆਂ ਕਿ ਪਹਿਲਾਂ 43 ਤੋਂ ਸ਼ੁਰੂ ਕੀਤੀਆਂ ਗਈਆਂ ਸਨ) ਹੁਣ ਇੱਕ ਫ਼ੋਨ ’ਤੇ ਘਰ ਬੈਠੇ ਮਿਲਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਤਿੰਨ ਸਾਲ ਸਫ਼ਲਤਾਪੂਰਵਕ ਲੋਕ ਹਿੱਤਾਂ ’ਚ ਕੰਮ ਕਰਦੇ ਪੂਰੇ ਕੀਤੇ ਹਨ, ਜਿਸ ਦੌਰਾਨ ਲੋਕਾਂ ਦੀ ਸੌਖ ਨੂੰ ਅਹਿਮੀਅਤ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਕਦੇ ਸਮਾਂ ਹੁੰਦਾ ਸੀ ਲੋਕ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਵਿੱਚ ਖੱਜਲ ਖੁਆਰ ਹੁੰਦੇ ਸਨ, ਪਰ ਹੁਣ ਸਰਕਾਰ ਦੇ ਕਰਮਚਾਰੀ ਖੁਦ ਚੱਲ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਪੁੱਛਣ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰ ਅਤੇ ਮੌਜੂਦਾ ਸਰਕਾਰ ਦਾ ਇਹੀ ਸਭ ਤੋਂ ਵੱਡਾ ਫ਼ਰਕ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ, ਸਕੂਲ ਆਫ਼ ਐਮੀਨੈਂਸ ਅਤੇ ਘਰਾਂ ਦੇ 600 ਯੂਨਿਟ ਤੱਕ ਦੇ ਜ਼ੀਰੋ ਬਿਜਲੀ ਬਿਲ ਜਿਹੇ ਫ਼ੈਸਲੇ ਆਮ ਲੋਕਾਂ ਨੂੰ ਸਾਹਮਣੇ ਰੱਖ ਕੇ ਹੀ ਲਏ ਗਏ ਹਨ। ਵਿਧਾਇਕ ਰੰਧਾਵਾ ਨੇ ਪਿੰਡ ਦੇ ਵਿਕਾਸ ਅਤੇ ਨਿਕਾਸੀ ਪਾਣੀ ਦੀ ਮੁਸ਼ਕਿਲ ਨੂੰ ਤੈਅ ਸਮੇਂ ’ਚ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਸ ਲਈ ਨਵੇਂ ਬਣੇ ਸਰਪੰਚਾਂ ਅਤੇ ਪੰਚਾਇਤਾਂ ਨੂੰ ਵੀ ਵਿਸ਼ੇਸ਼ ਉਦਮ ਕਰਨਾ ਚਾਹੀਦਾ ਹੈ ਅਤੇ ਸਾਡੇ ਵਰਗੇ ਨੁਮਾਇੰਦਿਆਂ ਤੱਕ ਪਹੁੰਚ ਕਰਕੇ ਆਪਣੀਆਂ ਅਜਿਹੀਆਂ ਮੁਸ਼ਕਿਲਾਂ ਬਿਨਾਂ ਦੇਰੀ ਦੇ ਸਰਕਾਰ ਦੇ ਧਿਆਨ ’ਚ ਲਿਆਉਣੀਆਂ ਚਾਹੀਦੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਕੈਂਪ ਕੁਰਲੀ, ਸਤਾਰਪੁਰ ਅਤੇ ਸਾਧਾਂਪੁਰ ਦੇ ਵਸਨੀਕਾਂ ਲਈ ਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਆਪਣੇ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਤਤਪਰ ਰਹਿਣਗੇ ਅਤੇ ਜਿੱਥੇ ਵੀ ਕਿਸੇ ਨੂੰ ਕੋਈ ਮੁਸ਼ਕਿਲ ਆਉਂਦੀ ਹੋਵੇ, ਤੁਰੰਤ ਹੱਲ ਕਰਨਗੇ। ਇਸ ਮੌਕੇ ਡੇਰਾਬੱਸੀ ਸਬ ਡਵੀਜ਼ਨ ਦੇ ਅਧਿਕਾਰੀਆਂ ਤੇ ਕਰਮਚਾਰੀ ਵੀ ਮੌਜੂਦ ਸਨ, ਜਿਨ੍ਹਾਂ ਨੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਵਿੱਚ ਮਦਦ ਕੀਤੀ।