Punjab News: ਪੰਜਾਬ ਸਰਕਾਰ ਜਲਦ 1000 ਬੈਡ ਵਾਲਾ ਨਵਾਂ ਸੁਪਰ-ਸਪੈਸ਼ਲਿਟੀ ਹਸਪਤਾਲ ਕਰੇਗਾ ਸਥਾਪਿਤ
ਸਿਹਤ ਮੰਤਰੀ ਵੱਲੋਂ ਨਸ਼ਾ ਛੁਡਾਊ ਕੇਂਦਰ ਦਾ ਦੌਰਾ, ਯੁੱਧ ਨਸ਼ਿਆ ਵਿਰੁਧ ਪ੍ਰੋਗਰਾਮ ਦੀ ਕੀਤੀ ਸਮੀਖਿਆ
- ਪਿੰਡ ਪੱਧਰ 'ਤੇ ਇਲਾਜ ਕੀਤੇ ਗਏ ਵਿਅਕਤੀਆਂ ਦੀ ਸਹਾਇਤਾ ਲਈ ਨਾਰਕੋਟਿਕਸ ਸਪੋਰਟ ਗਰੁੱਪ
- ਪੰਜਾਬ ਜਲਦ ਹੀ 1000 ਬੈਡ ਵਾਲਾ ਨਵਾਂ ਸੁਪਰ-ਸਪੈਸ਼ਲਿਟੀ ਹਸਪਤਾਲ ਕਰੇਗਾ ਸਥਾਪਿਤ
ਸੁਖਮਿੰਦਰ ਭੰਗੂ
ਲੁਧਿਆਣਾ, 16 ਮਾਰਚ 2025 - ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਦਾ ਦੌਰਾ ਕੀਤਾ ਗਿਆ।
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੇ ਨਾਲ ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੇ ਗਏ 'ਯੁੱਧ ਨਸ਼ਿਆ ਵਿਰੁੱਧ' ਪ੍ਰੋਗਰਾਮ ਬਾਰੇ ਚਾਨਣਾ ਪਾਇਆ। ਇਸ ਪਹਿਲਕਦਮੀ ਤਹਿਤ ਸਿਹਤ ਵਿਭਾਗ ਨਸ਼ਿਆਂ ਨਾਲ ਜੂਝ ਰਹੇ ਵਿਅਕਤੀਆਂ ਲਈ ਇਲਾਜ ਦੀਆਂ ਸਹੂਲਤਾਂ ਵਿੱਚ ਵਾਧਾ ਕਰ ਰਿਹਾ ਹੈ।
ਡਾ. ਬਲਬੀਰ ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬ ਸਰਕਾਰ ਇਲਾਜ ਅਧੀਨ ਵਿਅਕਤੀਆਂ ਦਾ ਮੁੜ-ਵਸੇਬਾ ਕਰਨ ਲਈ ਵਚਨਬੱਧ ਹੈ ਜਿਸਦੇ ਤਹਿਤ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਉਨ੍ਹਾਂ ਨੂੰ ਨਸਿਆਂ ਦੀ ਅਲਾਮਤ ਤੋਂ ਬਾਹਰ ਕੱਢ ਕੇ ਰੋ}ਗਾਰ ਵਿੱਚ ਸਹਾਇਤਾ ਲਈ ਕਿੱਤਾਮੁਖੀ ਸਿਖਲਾਈ ਵੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਿਜਾਣ ਲਈ ਸੂਬੇ ਭਰ ਵਿੱਚ ਖੇਡ ਮੈਦਾਨਾਂ ਅਤੇ ਲਾਇਬ੍ਰੇਰੀਆਂ ਵਰਗੀਆਂ ਸਹੂਲਤਾਂ ਨੂੰ ਵੀ ਵਧਾਇਆ ਜਾਵੇਗਾ।
ਇਸ ਤੋਂ ਇਲਾਵਾ ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਵਾਰਡ ਅਤੇ ਪਿੰਡ ਪੱਧਰ 'ਤੇ ਨਾਰਕੋਟਿਕਸ ਸਪੋਰਟ ਗਰੁੱਪਾਂ ਨੂੰ ਲਾਗੂ ਕਰਨ ਦੀ ਯੋਜਨਾ ਹੈ। ਇਹ ਸਮੂਹ ਉਹਨਾਂ ਵਿਅਕਤੀਆਂ ਦਾ ਸਮਰਥਨ ਕਰਨਗੇ ਜਿਨ੍ਹਾਂ ਨੇ ਸਫਲਤਾਪੂਰਵਕ ਨਸ਼ੇ 'ਤੇ ਕਾਬੂ ਪਾ ਲਿਆ ਹੈ ਤਾਂ ਜੋ ਉਹ ਮੁੜ ਇਸ ਰਸਤੇ ਨਾ ਪੈਣ। ਸਿਹਤ ਵਿਭਾਗ ਮੌਜੂਦਾ ਸਟਾਫ ਦੀ ਘਾਟ ਨੂੰ ਪੂਰਾ ਕਰਦੇ ਹੋਏ ਡਾਕਟਰਾਂ ਅਤੇ ਪੈਰਾਮੈਡਿਕਸ ਦੀ ਵੱਡੀ ਗਿਣਤੀ ਵਿੱਚ ਭਰਤੀ ਕਰਨ ਦੀ ਪ੍ਰਕਿਰਿਆ ਵਿੱਚ ਹੈ।
ਆਪਣੀ ਫੇਰੀ ਦੌਰਾਨ, ਡਾ. ਬਲਬੀਰ ਸਿੰਘ ਨੇ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਕਰਵਾ ਰਹੇ ਲੋਕਾਂ ਨਾਲ ਵੀ ਗੱਲਬਾਤ ਕੀਤੀ, ਉਹਨਾਂ ਨੂੰ ਆਪਣਾ ਇਲਾਜ ਪੂਰਾ ਕਰਨ ਤੋਂ ਬਾਅਦ ਨਸ਼ੇ ਦੀ ਵਰਤੋਂ ਤੋਂ ਬਚਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇੱਕ ਨਵੇਂ 1000 ਬੈਡ ਵਾਲੇ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਯੋਜਨਾ ਦਾ ਵੀ ਜ਼ਿਕਰ ਕੀਤਾ। ਇਹ ਹਸਪਤਾਲ ਹਾਈਬ੍ਰਿਡ ਮਾਡਲ 'ਤੇ ਕੰਮ ਕਰੇਗਾ, ਜੋ ਕਿ ਲੋੜਵੰਦ ਮਰੀਜ਼ਾਂ ਲਈ 500 ਬੈਡ ਮੁਫ਼ਤ ਪ੍ਰਦਾਨ ਕਰੇਗਾ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਥਾਨਕ ਮੈਡੀਕਲ ਸਹੂਲਤਾਂ ਨੂੰ ਹੋਰ ਵਧਾਉਣ ਲਈ ਲੁਧਿਆਣਾ ਵਿੱਚ ਦੋ ਨਵੇਂ ਮੈਡੀਕਲ ਕਾਲਜ ਵੀ ਸਥਾਪਿਤ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਮੁਹੱਲਾ ਕਲੀਨਿਕਾਂ ਦੀ ਸਫਲਤਾ ਬਾਰੇ ਵੀ ਗੱਲ ਕੀਤੀ, ਜਿਨ੍ਹਾਂ ਰਾਹੀਂ ਤਿੰਨ ਕਰੋੜ ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਹੈ।
ਡਾ. ਸਿੰਘ ਨੇ ਸਿਵਲ ਹਸਪਤਾਲ ਵਿਖੇ ਸਿਹਤ ਢਾਂਚੇ ਨੂੰ ਬਿਹਤਰ ਬਣਾਉਣ ਲਈ ਸੰਸਦ ਮੈਂਬਰ ਸੰਜੀਵ ਅਰੋੜਾ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਐਸ.ਡੀ.ਐਮ. ਜਸਲੀਨ ਕੌਰ ਭੁੱਲਰ, ਸਿਹਤ ਨਿਰਦੇਸ਼ਕ ਡਾ. ਹਿਤਿੰਦਰ ਕੌਰ, ਸਿਵਲ ਸਰਜਨ ਡਾ. ਰਮਨਦੀਪ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।