ਸੁਖਬੀਰ ਦੀ ਪਿੱਠ ’ਤੇ ਆਇਆ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ,16 ਮਾਰਚ 2025: ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਬਠਿੰਡਾ ਇਸ ਸੰਕਟ ਦੀ ਘੜੀ ਦਰਮਿਆਨ ਪਾਰਟੀ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਿੱਠ ਥਾਪੜੀ ਹੈ। ਪਾਰਟੀ ਆਗੂਆਂ ਨੇ ਸਪਸ਼ਟ ਕੀਤਾ ਹੈ ਕਿ ਸ਼ਤ੍ਰੋਮਣੀ ਅਕਾਲੀ ਦਲ ਨੂੰ ਦੋਫਾੜ ਕਰਨ ਦੇ ਮਨਸੂਬੇ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦਿੱਤੇ ਜਾਣਗੇ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਸਕੇ ਭਰਾ ਅਤੇ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਵੱਲੋਂ ਕੁਝ ਦਿਨ ਪਹਿਲਾਂ ਪਾਰਟੀ ਲਾਈਨ ਤੋਂ ਹਟਕੇ ਕੀਤੀ ਬਿਆਨਬਾਜੀ ਉਪਰੰਤ ਪੈਦਾ ਹੋਈ ਸਥਿਤੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਕਿ ਜਿਲ੍ਹਾ ਬਠਿੰਡਾ ਲੀਡਰਸ਼ਿਪ ਨੇ ਸੁਖਬੀਰ ਬਾਦਲ ਦੇ ਹੱਕ ’ਚ ਡਟਣ ਦਾ ਐਲਾਨ ਕੀਤਾ ਹੈ। ਜਿਲ੍ਹਾ ਆਗੂਆਂ ਦੇ ਇਸ ਫੈਸਲੇ ਨੂੰ ਪਿਛਲੇ ਕੁੱਝ ਦਿਨਾਂ ਤੋਂ ਰਾਜਨੀਤੀ ਦੇ ਮੈਦਾਨ ਵਿੱਚ ਡਿੱਕਡੋਲੇ ਖਾ ਰਹੇ ਅਕਾਲੀ ਦਲ ਦੀ ਸਿਆਸੀ ਸਿਹਤ ਲਈ ਵਰਦਾਨ ਮੰਨਿਆ ਜਾ ਰਿਹਾ ਹੈ।
ਦਰਅਸਲ ਅੱਜ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਬਠਿੰਡਾ ਦੀ ਮੀਟਿੰਗ ਹੋਈ ਸੀ ਜਿਸ ਦੀ ਪ੍ਰਧਾਨਗੀ ਬਲਕਾਰ ਸਿੰਘ ਬਰਾੜ ਨੇ ਕੀਤੀ ਸੀ। ਇਸ ਮੀਟਿੰਗ ਵਿੱਚ ਭਰਤੀ ਮੁਹਿੰਮ ਦੇ ਆਬਜ਼ਰਵਰ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਅਤੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਵੀ ਸ਼ਾਮਲ ਹੋਏ ਸਨ।ਇਸ ਮੌਕੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ , ਹਰਗੋਬਿੰਦ ਕੌਰ ਅਤੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋ ਨੇ ਕਿਹਾ ਕਿ ਸਮੁੱਚੀ ਲੀਡਰਸ਼ਿਪ ਅਤੇ ਵਰਕਰ ਸੁਖਬੀਰ ਸਿੰਘ ਬਾਦਲ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ , ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ’ਚ ਜਿਲ੍ਹਾ ਬਠਿੰਡਾ ਦੇ ਸਮੂਹ ਅਕਾਲੀ ਕਾਰਕੁੰਨ ਪੂਰੀ ਤਨਦੇਹੀ ਨਾਲ ਸ਼ਮੂਲੀਅਤ ਕਰਨਗੇ।
ਅਕਾਲੀ ਆਗੂਆਂ ਨੇ ਦਾਅਵਾ ਕੀਤਾ ਕਿ ਬੇਸ਼ੱਕ ਕੁੱਝ ਤਾਕਤਾਂ ਨੇ ਪਾਰਟੀ ਨੂੰ ਨੁਕਸਾਨ ਪਹੰਚਾਉਣ ਲਈ ਅੱਡੀ ਚੋਟੀ ਦਾ ਜੋਰ ਲਾਇਆ ਹੈ ਪਰ ਜਿਸ ਤਰਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਹਰ ਸੰਕਟ ਦੌਰਾਨ ਮਜਬੂਤੀ ਹਾਸਲ ਕੀਤੀ ਹੈ ਉਸੇ ਤਰਾਂ ਹੀ ਹੁਣ ਵੀ ਪਾਰਟੀ ਮਜਬੂਤ ਹੋਕੇ ਨਿਕਲੇਗੀ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਤੇ ਪੰਜਾਬ ਸਰਕਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਸਮੂਹ ਤਾਕਤਾਂ ਪਾਰਟੀ ਨੂੰ ਬਦਨਾਮ ਅਤੇ ਦੋਫਾੜ ਕਰਨ ਤੇ ਤੁਲੀਆਂ ਹੋਈਆਂ ਹਨ ਪਰ ਮਿਹਨਤੀ ਵਰਕਰ ਤੇ ਆਗੂ ਇਹ ਮਨਸੂਬੇ ਕਦੇ ਵੀ ਸਫਲ ਨਹੀਂ ਹੋਣ ਦੇਣਗੇ। ਉਨ੍ਹਾਂ ਆਖਿਆ ਕਿ ਮਿਸ਼ਨ 2027 ਦੌਰਾਨ ਸ਼ੋਮਣੀ ਅਕਾਲੀ ਦਲ ਮਜਬੂਤ ਤਾਕਤ ਵਜੋਂ ਉੱਭਰਕੇ ਸਾਹਮਣੇ ਆਏਗਾ। ਇਸ ਮੌਕੇ ਪਾਰਟੀ ਦੀ ਭਰਤੀ ਮੁਹਿੰਮ ਨੂੰ ਬਠਿੰਡਾ ਜਿਲ੍ਹੇ ਵਿੱਚ ਮਿਲੇ ਭਰਵੇਂ ਹੁੰਗਾਰੇ ਅਤੇ ਮੈਂਸਰਸ਼ਿਪ ਤੇ ਤਸੱਲੀ ਪ੍ਰਗਟ ਕੀਤੀ ਗਈ।
ਇਸ ਮੌਕੇ ਇਹ ਵੀ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਸੂਬੇ ’ਚ ਹੋਏ ਵਿਕਾਸ ਅਤੇ ਚਲਾਈਆਂ ਲੋਕ ਭਲਾਈ ਸਕੀਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵੀ ਵਿੱਢੀ ਜਾਏਗੀ। ਆਗੂਆਂ ਨੇ ਇਹ ਵੀ ਮਹਿਸੂਸ ਕੀਤਾ ਕਿ ਮੌਜੂਦਾ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਵੀ ਪੰਜਾਬ ਵਾਸੀਆਂ ਨੂੰ ਜਾਣੂੰ ਕਰਵਾਇਆ ਜਾਏਗਾ। ਮੀਟਿੰਗ ਵਿੱਚ ਵਿਧਾਨ ਸਭਾ ਹਲਕਾ ਤਲਵੰਡੀ ਦੇ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ, ਰਾਮਪੁਰਾ ਫੂਲ ਦੇ ਇੰਚਾਰਜ ਹਰਿੰਦਰ ਸਿੰਘ ਹਿੰਦਾ ਮਹਿਰਾਜ। ਜਗਸੀਰ ਸਿੰਘ ਬੱਲੂਆਣਾ, ਜਗਮੀਤ ਸਿੰਘ ਭੋਖੜਾ , ਸਾਬਕਾ ਕੌਂਸਲਰ ਨਿਰਮਲ ਸਿੰਘ ਸੰਧ ਅਤੇ ਇਸ ਮਾਮਲੇ ਸਬੰਧੀ ਜਾਣਕਾਰੀ ਦੇਣ ਵਾਲੇ ਡਾਕਟਰ ਓਮ ਪ੍ਰਕਾਸ਼ ਸ਼ਰਮਾ ਤੋਂ ਇਲਾਵਾ ਐਸਜੀਪੀਸੀ ਦੇ ਮੈਂਬਰ ,ਸਾਬਕਾ ਮੈਂਬਰ , ਵੱਡੀ ਗਿਣਤੀ ਵਿੱਚ ਅਕਾਲੀ ਵਰਕਰਾਂ ਤੇ ਆਗੂ ਹਾਜ਼ਰ ਸਨ।