ਜਥੇਦਾਰਾਂ ਦੀਆਂ ਸੇਵਾਵਾਂ ਸਬੰਧੀ ਹੋਣਾ ਚਾਹੀਦਾ ਵਿਧੀ ਵਿਧਾਨ- SGPC ਦੇ ਕਾਲਜਾਂ ਦੇ ਸੇਵਾਮੁਕਤ ਪ੍ਰਿੰਸੀਪਲਾਂ ਨੇ ਮੌਜੂਦਾ ਹਾਲਾਤਾਂ ਤੇ ਪ੍ਰਗਟਾਈ ਚਿੰਤਾ
ਫਤਹਿਗੜ੍ਹ ਸਾਹਿਬ, 16 ਮਾਰਚ 2025 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜਾਂ ਦੇ ਸੇਵਾ-ਮੁਕਤ ਪ੍ਰਿੰਸੀਪਲ ਸਾਹਿਬਾਨ ਦੀ ਇਕੱਤਰਤਾ ਅੱਜ ਮਿਤੀ 16-03-2025 ਦਿਨ ਐਤਵਾਰ ਨੂੰ ਫਤਹਿਗੜ੍ਹ ਸਾਹਿਬ ਵਿਖੇ ਹੋਈ। ਇਸ ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜਾਂ ਵਿੱਚੋਂ ਸੇਵਾ ਮੁਕਤ ਹੋਏ। 10 ਪ੍ਰਿੰਸੀਪਲ ਸਾਹਿਬਾਨਾਂ ਨੇ ਭਾਗ ਲਿਆ।
ਮੀਟਿੰਗ ਵਿੱਚ ਭਖਦੇ ਪੰਥ ਦੇ ਮੌਜੂਦਾ ਹਾਲਾਤਾਂ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਅਤੇ ਪੰਥਕ ਸੰਸਥਾਵਾਂ ਵਿੱਚ ਪਿਛਲੇ ਕੁੱਝ ਸਮੇਂ ਤੋਂ ਆਏ ਹੋਏ ਨਿਘਾਰ ਅਤੇ ਦਵੰਧ ਬਾਰੇ ਵਿਚਾਰ ਵਟਾਂਦਰਾ ਹੋਇਆ। ਇਸ ਇਕੱਤਰਤਾ ਵਿੱਚ ਹੋਈ ਸਹਿਮਤੀ ਅਨੁਸਾਰ ਪੰਥ ਦੀ ਪ੍ਰਮੁੱਖ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ, ਤਖਤ ਦੇ ਜਥੇਦਾਰ ਸਾਹਿਬਾਨ ਦੀ ਅਹਿਮੀਅਤ ਅਤੇ ਸਤਿਕਾਰ ਨੂੰ ਪਿਛਲੇ ਕੁੱਝ ਸਮੇਂ ਵਿੱਚ ਹੋਏ ਫੈਸਲਿਆਂ ਨਾਲ ਭਾਰੀ ਠੇਸ ਪਹੁੰਚੀ ਹੈ। ਪੰਜਾਬ ਵਿੱਚ ਮੌਜੂਦਾ ਸਾਰੇ ਤਖਤਾਂ ਸ੍ਰੀ ਅਕਾਲ ਤਖਤ ਸਾਹਿਬ ਤਖਤ ਕੇਸਗੜ੍ਹ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਲਈ ਸਿੰਘ ਸਾਹਿਬਾਨ ਦੀਆਂ ਨਿਯੁਕਤੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਪ੍ਰਿੰਸੀਪਲ ਸਾਹਿਬਾਨ ਬਹੁਤ ਸ਼ਿੱਦਤ ਅਤੇ ਡੂੰਘਾਈ ਨਾਲ ਮਹਿਸੂਸ ਕਰਦੇ ਹਨ ਕਿ ਤਖਤ ਸਾਹਿਬਾਨਾਂ ਦੀ ਸਰਵ ਉੱਚਤਾ, ਮਰਿਯਾਦਾ ਕਾਇਮ ਰੱਖਣ ਲਈ ਜਥੇਦਾਰ ਸਾਹਿਬਾਨਾਂ ਦੀਆਂ ਨਿਯੁਕਤੀਆਂ, ਉਹਨਾਂ ਦੀਆਂ ਸੇਵਾਵਾਂ, ਸੇਵਾ ਸ਼ਰਤਾਂ, ਕਾਰਜ ਖੇਤਰ ਅਤੇ ਸੇਵਾ ਮੁਕਤੀ ਸਬੰਧੀ ਵਿਧੀ ਵਿਧਾਨ ਹੋਣਾ ਚਾਹੀਦਾ ਹੈ। ਇਹ ਵਿਧੀ ਵਿਧਾਨ ਨਿਸ਼ਚਿਤ ਕਰਨ ਵਾਸਤੇ ਸਿੱਖ ਧਰਮ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ, ਬੁੱਧੀਜੀਵੀ, ਸਿਵਲ ਪ੍ਰਸ਼ਾਸ਼ਨ, ਕਾਨੂੰਨੀ ਮਾਹਿਰ, ਸਿੱਖ ਜਰਨੈਲ (ਆਰਮੀ), ਸਿੱਖ ਸੰਸਥਾਵਾਂ (ਸੰਪਰਦਾਵਾਂ, ਸਭਾ ਸੁਸਾਇਟੀਆਂ, ਜਥੇਬੰਦੀਆਂ ਆਦਿ) ਅਤੇ ਹੋਰ ਸਿੱਖ ਸੂਝਵਾਨਾਂ ਤੇ ਆਧਾਰਿਤ ਉੱਚ ਪੱਧਰੀ ਕਮੇਟੀ ਗਠਿਤ ਕਰ ਲੈਣੀ ਚਾਹੀਦੀ ਹੈ ਤਾਂ ਜੋ ਸਿੰਘ ਸਾਹਿਬਾਨਾਂ ਦੀਆਂ ਨਿਯੁਕਤੀਆਂ ਸਬੰਧੀ ਬਣੀ ਹੋਈ ਅਨਿਸ਼ਚਿਤਤਾ ਨੂੰ ਖਤਮ ਕੀਤਾ ਜਾ ਸਕੇ।
ਸਿੱਖ ਸਿਧਾਂਤ, ਪਰੰਪਰਾਵਾਂ, ਮਰਿਯਾਦਾ, ਇਤਿਹਾਸ ਆਦਿ ਦੀ ਰੌਸ਼ਨੀ ਵਿੱਚ ਉਪਰੋਕਤ ਕਮੇਟੀ ਆਪਣੇ ਸੁਝਾਵਾਂ ਰਾਹੀਂ ਵਿਧੀ ਵਿਧਾਨ ਬਣਾ ਸਕੇ। ਡਾ. ਗੁਰਮੋਹਨ ਸਿੰਘ ਵਾਲੀਆ, ਡਾ. ਕੁਲਦੀਪ ਕੌਰ ਧਾਲੀਵਾਲ, ਡਾ. ਤੇਜਿੰਦਰ ਕੌਰ ਧਾਲੀਵਾਲ, ਡਾ. ਮਨਜਿੰਦਰ ਕੌਰ, ਡਾ. ਜਤਿੰਦਰ ਸਿੰਘ ਸਿੱਧੂ, ਡਾ. ਸਤਵਿੰਦਰ ਸਿੰਘ ਢਿੱਲੋਂ, ਡਾ. ਸਾਹਿਬ ਸਿੰਘ, ਡਾ. ਕੁਲਦੀਪ ਸਿੰਘ ਬੱਲ, ਡਾ. ਗੁਰਵੀਰ ਸਿੰਘ ਸੋਹੀ ਅਤੇ ਡਾ. ਪ੍ਰੀਤਮਹਿੰਦਰਪਾਲ ਸਿੰਘ, ਪ੍ਰਿੰਸੀਪਲ ਸਾਹਿਬਾਨਾਂ ਦੀ ਇਕੱਤਰਤਾ ਵੱਲੋਂ ਇਸ ਗੰਭੀਰ ਸੰਕਟ ਸਮੇਂ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪਿਛਲੇ ਕੁੱਝ ਸਮੇਂ ਵਿੱਚ ਵਾਪਰ ਰਹੀਆਂ ਘਟਨਾਵਾਂ ਅਤੇ ਲਏ ਗਏ ਫੈਸਲਿਆਂ ਤੇ ਡੂੰਘੀ ਮਾਨਸਿਕ ਪੀੜਾ ਵਿੱਚੋਂ ਦੁੱਖ ਦਾ ਪ੍ਰਗਟਾਵਾ ਕੀਤਾ।