ਚੇਤਰ ਚੜ੍ਹਿਆ-ਸਾਹਿਤਕ ਮਿਲਣੀ ਨੇ ਨਵੇਕਲੀਆ ਪੈੜਾਂ ਪਾਈਆਂ
ਫਗਵਾੜਾ, 17 ਮਾਰਚ 2025 - ਸੁਰਜੀਤ ਪਾਤਰ ਦੇ ਸ਼ਿਅਰ 'ਮੈਂ ਰਾਹਾਂ ਤੇ ਨਹੀਂ ਤੁਰਦਾ, ਤੁਰਦਾ ਹਾਂ ਤਾਂ ਰਾਹ ਬਣਦੇ’ ਦੀ ਸ਼ਬਦੀ ਰੂਹ ਵਾਂਗਰ ਹੀ ਚੇਤਰ ਮਹੀਨੇ ਦੇ ਅਗਾਜ਼ ਤੇ ਪੱਦੀ ਖ਼ਾਲਸਾ (ਫਗਵਾੜਾ) ਵਿਖੇ ਇੱਕ ਨਿਵੇਕਲੇ ਪੈਰਾਡਾਈਜ਼ ਫਾਰਮ ਹਾਊਸ ਵਿਖੇ ਹੋਏ ਪੰਜਾਬੀ ਸਾਹਿਤਕਾਰਾਂ ਦੇ ਇਕੱਠ ਨੇ ਨਵੀਆਂ ਪੈੜਾਂ ਅਤੇ ਨਵੇਂ ਰਸਤੇ ਖੋਲੇ। ਵੱਡੇ ਸਾਹਿਤਕਾਰਾਂ ਦੇ ਵੱਡੇ ਇਕੱਠ ਨੇ ਕਈ ਲੀਹਾਂ ਪਾਈਆਂ। ਸਭ ਤੋਂ ਵੱਡੀ ਗੱਲ ਇਸ ਸਮਾਗਮ ਵਿੱਚ ਰਵਾਇਤੀ ਤੌਰ 'ਤੇ ਕੋਈ ਪ੍ਰਧਾਨਗੀ ਮੰਡਲ ਨਹੀਂ ਬੈਠਾਇਆ ਗਿਆ, ਭਾਵੇਂ ਇਹ ਮਾਣ ਗੁਰਭਜਨ ਗਿੱਲ ਅਤੇ ਵਰਿਆਮ ਸਿੰਘ ਸੰਧੂ ਨੂੰ ਸਤਿਕਾਰ ਵੱਜੋਂ ਆਪੇ ਮਿਲ ਗਿਆ। ਇਸ ਸਮਾਗਮ ਵਿੱਚ ਬਾ-ਕਾਇਦਾ ਕਵੀ-ਦਰਬਾਰ ਵੀ ਨਹੀਂ ਕੀਤਾ ਗਿਆ ਪਰ ਸਾਰੇ ਹਾਜ਼ਰ ਸਾਹਿਤਕਾਰਾਂ ਵਲੋਂ ਸਾਹਿਤ ਦੇ ਸਮਾਜਿਕ, ਸਭਿਆਚਾਰਕ ਤੇ ਆਰਥਕ ਸਰੋਕਾਰਾਂ ਤੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ।
ਸੁਖਦੇਵ ਸਾਹਿਲ ਨੇ ਸੂਫ਼ੀ ਕਲਾਮ, ਜਸਵਿੰਦਰ ਸਿੰਘ ਨੇ ਸ਼ਿਵ ਕੁਮਾਰ ਦੀਆਂ ਰਚਨਾਵਾਂ ਨਾਲ ਸੰਜੀਦਾ ਮਹੌਲ ਸਿਰਜ ਦਿੱਤਾ। ਇਸ ਤੋਂ ਇਲਾਵਾ ਤਰਲੋਚਨ ਲੋਚੀ ਅਤੇ ਡਾ. ਬਲਵਿੰਦਰ ਸਿੰਘ ਸੰਧੂ ਨੇ ਭਾਵ ਪੂਰਤ ਕਵਿਤਾਵਾਂ/ਗ਼ਜ਼ਲਾਂ ਪੇਸ਼ ਕੀਤੀਆਂ।
ਇਹ ਸਾਹਿੱਤਕ ਮਿੱਤਰ ਮਿਲਣੀ ਫਗਵਾੜੇ ਦੇ ਸਾਹਿੱਤਕਾਰਾਂ ਵਿੱਚ ਖਾਸ ਤੌਰ 'ਤੇ ਗੁਰਮੀਤ ਸਿੰਘ ਪਲਾਹੀ ਅਤੇ ਡਾ: ਲਖਵਿੰਦਰ ਸਿੰਘ ਜੌਹਲ ਦੀ ਨਿਵੇਕਲੀ ਸੋਚ ਦਾ ਨਤੀਜਾ ਸੀ। ਪੰਜਾਬ ਦੇ ਵੱਖੋ-ਵੱਖਰੇ ਹਿੱਸਿਆਂ ਤੋਂ ਆਏ ਸਾਹਿਤਕਾਰਾਂ ਵਿੱਚ ਗੁਰਭਜਨ ਗਿੱਲ, ਵਰਿਆਮ ਸਿੰਘ ਸੰਧੂ, ਲਖਵਿੰਦਰ ਸਿੰਘ, ਜੌਹਲ, ਗੁਰਮੀਤ ਸਿੰਘ ਪਲਾਹੀ, ਐਸ.ਐਲ. ਵਿਰਦੀ, ਮੋਤਾ ਸਿੰਘ ਸਰਾਏ, ਡਾ. ਬਲਵਿੰਦਰ ਸੰਧੂ, ਹਰਵਿੰਦਰ ਸਿੰਘ ਚੰਡੀਗੜ੍ਹ, ਸਹਿਜ ਪ੍ਰੀਤ ਸਿੰਘ, ਗੁਰਮੀਤ ਰੱਤੂ, ਜਸਵਿੰਦਰ ਫਗਵਾੜਾ, ਰਵਿੰਦਰ ਚੋਟ, ਪਰਵਿੰਦਰਜੀਤ ਸਿੰਘ, ਕਮਲੇਸ਼ ਸੰਧੂ, ਦਵਿੰਦਰ ਜੱਸਲ, ਹਰਜਿੰਦਰ ਨਿਆਣਾ, ਸੰਤੋਸ਼ ਕੁਮਾਰੀ, ਸੁਸ਼ੀਲ ਦੋਸਾਂਝ, ਪਰਮਜੀਤ ਕੌਰ ਜੌਹਲ, ਬੰਸੋ ਦੇਵੀ, ਬਲਦੇਵ ਰਾਜ ਕੋਮਲ, ਸੋਹਣ ਸਹਿਜਲ, ਜਨਕ ਪਲਾਹੀ, ਸੁਲੱਖਣ ਸਿੰਘ ਜੌਹਲ ਅਤੇ ਕਮਲ ਭੱਲਾ, ਹਰਜਿਦੰਰ ਧਨੋਆ ਮਨਦੀਪ ਸਿੰਘ ਆਦਿ ਸਾਹਿਤਕਾਰ ਸ਼ਾਮਲ ਹੋਏ।
ਤਾਜੇ ਗੰਨਿਆਂ ਦੀ ਤਾਜੀ ਰਸ, ਚਾਹ, ਫਲ ਅਤੇ ਦੁਪਿਹਰ ਦਾ ਖਾਣਾ ਸੁਲੱਖਣ ਸਿੰਘ ਜੌਹਲ ਵਲੋਂ ਅਟੁੱਟ ਵਰਤਾਇਆ ਗਿਆ। ਇਸ ਸਮੇਂ ਸੁਸ਼ੀਲ ਦੁਸਾਂਝ ਦਾ ਕਾਵਿ-ਸੰਗ੍ਰਿਹ 'ਪੀਲੀ ਧਰਤੀ, ਕਾਲਾ ਅੰਬਰ' ਲੋਕ ਅਰਪਨ ਕੀਤਾ ਗਿਆ।