ਮੁਕਤਸਰ ਪੁਲਿਸ ਨੇ ਗੁੰਮ ਹੋਏ ਮੋਬਾਇਲ ਫੋਨ ਤਲਾਸ਼ ਕਰਨ ਪਿੱਛੋਂ ਮਾਲਕਾਂ ਨੂੰ ਸੌਂਪੇ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 17 ਮਾਰਚ 2025: ਡਾ. ਅਖਿਲ ਚੌਧਰੀ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿੱਥੇ ਜਿਲ੍ਹਾ ਅੰਦਰ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, ਮਾੜੇ/ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ, ਨਸ਼ੇ ਦਾ ਖਾਤਮਾ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਆਮ ਪਬਲਿਕ ਨੂੰ ਆਧੁਨਿਕ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਵੀ ਕੀਤੇ ਜਾ ਰਹੇ ਹਨ। ਉੱਥੇ ਹੀ ਅੱਜ CEIR ਪੋਰਟਲ ਦੀ ਮੱਦਦ ਨਾਲ ਪਬਲਿਕ ਦੇ ਗੁੰਮ ਹੋਏ 100 ਮੋਬਾਇਲ ਫੋਨ ਟਰੇਸ ਕਰਕੇ ਜਿਲ੍ਹਾ ਪੁਲਿਸ ਮੁੱਖੀ ਵੱਲੋਂ ਫੋਨ ਮਾਲਕਾਂ ਨੂੰ ਸੌਂਪੇ ਗਏ। ਇਸ ਮੌਕੇ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ ਐਸ.ਪੀ(ਐਚ), ਸ੍ਰੀ ਸੁਖਜੀਤ ਸਿੰਘ ਡੀ.ਐਸ.ਪੀ, ਐਸ.ਆਈ ਰਵਿੰਦਰ ਕੌਰ ਇੰਚਾਰਜ ਟੈਕਨੀਕਲ ਸੈੱਲ ਹਾਜਰ ਸਨ।
ਇਸ ਮੌਕੇ ਡਾ. ਅਖਿਲ ਚੌਧਰੀ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਤੇ ਪਿਛਲੇ ਸਮੇਂ ਦੌਰਾਨ ਮੋਬਾਇਲ ਗੁੰਮ ਹੋਣ ਬਾਰੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਸ਼ਿਕਾਇਤਾਂ ਮੌਸੂਲ ਹੋਈਆਂ ਸਨ। ਇਹਨਾਂ ਸ਼ਿਕਾਇਤਾਂ ਤੇ ਕਾਰਵਾਈ ਕਰਦੇ ਹੋਏ ਟੈਕਨੀਕਲ ਟੀਮ ਵੱਲੋਂ ਇਨ੍ਹਾ ਗੁੰਮ ਹੋਏ ਮੋਬਾਇਲ ਫੋਨਾਂ ਨੂੰ CEIR ਪੋਰਟਲ ਪਰ ਟਰੇਸਿੰਗ ਤੇ ਲਗਾਇਆ ਗਿਆ ਸੀ ਜਿਸ ਤੇ 100 ਮੋਬਾਇਲ ਫੋਨ ਚੱਲਦੇ ਪਾਏ ਗਏ। ਇਹ ਮੋਬਾਇਲ ਫੋਨ ਟਰੇਸ ਕਰਕੇ ਅੱਜ ਆਪਣੇ ਦਫਤਰ ਮੋਬਾਈਲ ਮਾਲਕਾਂ ਨੂੰ ਬੁਲਾ ਕੇ , ਲੱਭੇ ਗਏ ਮੋਬਾਇਲ ਫੋਨ ਉਹਨਾ ਨੂੰ ਸੌਂਪੇ ਗਏ। ਉਨ੍ਹਾਂ ਦੱਸਿਆ ਕਿ 01/01/2023 ਤੋਂ ਹੁਣ ਤੱਕ ਤਕਰੀਬਨ 950 ਦੇ ਕਰੀਬ ਮੋਬਾਇਲ ਫੋਨਾਂ ਨੂੰ ਟਰੇਸ ਕਰਕੇ ਉਹਨਾਂ ਦੇ ਮਾਲਕਾਂ ਨੂੰ ਸੌਂਪਿਆ ਜਾ ਚੁੱਕਿਆ ਹੈ ਜਿਨਾਂ ਦੀ ਕੀਮਤ ਲਗਭੱਗ 2 ਕਰੋੜ ਰੁਪਏ ਬਣਦੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਕੋਈ ਮੋਬਾਇਲ ਗੁੰਮ ਹੁੰਦਾ ਹੈ ਤਾਂ ਉਹ ਮੋਬਾਇਲ ਦਾ ਮਾਰਕਾ, ਆਈ.ਐਮ.ਈ.ਆਈ. ਨੰਬਰ, ਕੰਪਨੀ ਅਤੇ ਮੋਬਾਇਲ ਵਿੱਚ ਪਹਿਲਾਂ ਚੱਲਦੇ ਫੋਨ ਨੰਬਰ ਵਗੈਰਾ ਦਾ ਵੇਰਵਾ ਦਿੰਦੇ ਹੋਏ ਸ਼ਿਕਾਇਤ ਨੇੜੇ ਪੁਲਿਸ ਸਾਂਝ ਕੇਂਦਰ ਵਿੱਚ ਦਰਜ ਕਰਵਾਉਣ ਤਾਂ ਜੋ ਉਹਨਾਂ ਦਾ ਮੋਬਾਇਲ ਫੋਨ ਟਰੇਸਿੰਗ ਤੇ ਲਗਾਉਣ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਸਕੇ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਆਮ ਪਬਲਿਕ CEIR ਪੋਰਟਲ ਪਰ ਆਪਣੀ ਸ਼ਕਾਇਤ ਨੰਬਰ (UID No) ਅਪਡੇਟ ਕਰਕੇ ਆਪਣੇ ਗੁੰਮ ਹੋਏ ਮੋਬਾਇਲ ਫੋਨ ਦਾ ਸਟੇਟਸ ਚੈੱਕ ਕਰ ਸਕਦੇ ਹਨ। ਇਸ ਦੇ ਨਾਲ ਹੀ ਮੋਬਾਈਲ ਫੋਨ ਗੁੰਮ ਹੋਣ ਦੀ ਸ਼ਿਕਾਇਤ ਆਪਣੇ ਨੇੜੇ ਤੇ ਥਾਣੇ ਤੇ ਜਾਂ ਟੈਕਨੀਕਲ ਦਫਤਰ ਆ ਕੇ ਵੀ ਦੇ ਸਕਦੇ ਹੋ, ਜਿਲ੍ਹਾ ਪੁਲਿਸ ਮੁੱਖੀ ਵੱਲੋਂ ਆਮ ਪਬਲਿਕ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਮੋਬਾਇਲ ਡਿੱਗਾ ਹੋਇਆ ਮਿਲਦਾ ਹੈ ਤਾਂ ਉਸ ਦੀ ਵਰਤੋਂ ਕਰਨ ਦੀ ਬਜਾਏ ਉਸ ਨੂੰ ਨੇੜੇ ਦੇ ਪੁਲਿਸ ਸਟੇਸ਼ਨ ਵਿਖੇ ਜਮ੍ਹਾ ਕਰਵਾਇਆ ਜਾਵੇ।ਇਸ ਮੌਕੇ ਮੋਬਾਇਲ ਦੇ ਮਾਲਕਾ ਵੱਲੋਂ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਤੇ ਪੁਲਿਸ ਟੀਮ ਦਾ ਧੰਨਵਾਦ ਕੀਤਾ ਗਿਆ।