ਨਸ਼ਾ ਤਸਕਰਾਂ ਤੇ ਗੈਗਸਟਰਾਂ ਲਈ ਪੰਜਾਬ ਵਿਚ ਕੋਈ ਥਾਂ ਨਹੀ - ਧਾਲੀਵਾਲ
- ਦੁਸ਼ਮਣ ਦੇਸ਼ ਦੀਆਂ ਕੋਝੀਆਂ ਚਾਲਾਂ ਨੂੰ ਨਹੀ ਹੋਣ ਦੇਵਾਂਗੇ ਕਾਮਯਾਬ
ਅੰਮ੍ਰਿਤਸਰ 17 ਮਾਰਚ 2025 - ਪਿਛਲੇ ਦਿਨੀ ਖੰਡਵਾਲਾ ਖੇਤਰ ਦੇ ਅਧੀਨ ਪੈਂਦੇ ਮੰਦਰ ਉਤੇ ਹੋਏ ਹਮਲੇ ਦੇ ਦੋਸ਼ੀ ਨੂੰ ਪੰਜਾਬ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ 48 ਘੰਟਿਆਂ ਦੇ ਅੰਦਰ ਅੰਦਰ ਹੀ ਹਲਾਕ ਕਰ ਦਿੱਤਾ ਹੈ। ਉਕਤ ਪ੍ਰਕਟਾਵਾ ਕਰਦੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਗੈਰ ਕਾਨੂੰਨੀ ਕਾਰਵਾਈਆਂ ਵਿੱਚ ਲੱਗੇ ਅਨਸਰਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਪੰਜਾਬ ਅੰਦਰ ਨਸ਼ਾ ਤਸਕਰਾਂ ਅਤੇ ਗੈਗਸਟਰਾਂ ਲਈ ਕੋਈ ਥਾਂ ਨਹੀ ਹੈ। ਉਨਾਂ ਸਪਸ਼ਟ ਕੀਤਾ ਕਿ ਜਾਂ ਤਾਂ ਨਸ਼ਾ ਤਸਕਰ ਤੇ ਗੈਗਸਟਰ ਪੰਜਾਬ ਛੱਡ ਜਾਣ ਜਾਂ ਪੁਲਸ ਕਾਰਵਾਈ ਲਈ ਤਿਆਰ ਰਹਿਣ।
ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਡਾ ਗੁਆਂਢੀ ਦੁਸ਼ਮਣ ਮੁਲਕ ਕੋਝੀਆਂ ਚਾਲਾਂ ਚੱਲਣ ਤੋ ਬਾਜ਼ ਨਹੀ ਆ ਰਿਹਾ ਪਰ ਸਾਡੇ ਪੰਜਾਬੀ ਦੁ਼ਸਮਣ ਦੇਸ਼ ਦੀਆਂ ਕੋਝੀਆਂ ਚਾਲਾਂ ਨੂੰ ਕਾਮਯਾਬ ਨਹੀ ਹੋਣ ਦੇਣਗੇ। ਉਨਾਂ ਕਿਹਾ ਕਿ ਦੁ਼ਸਮਣ ਦੇਸ਼ ਹਿੰਦੂ-ਸਿੱਖਾਂ ਵਿਚ ਪਾੜਾ ਪਾਉਣ ਦੀ ਕੋਸ਼ਿਸ ਕਰ ਰਿਹਾ ਹੈ ਪਰ ਪੰਜਾਬੀ ਨਫਰਤ ਦੇ ਬੀਜਾਂ ਨੂੰ ਫੱਲ ਨਹੀ ਲੱਗਣ ਦੇਣਗੇ। ਉਨਾਂ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਦਾ ਮਾਹੌਲ ਖ਼ਰਾਬ ਨਹੀ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਨਸ਼ਾ ਤਸਕਰਾਂ ਦੀਆਂ ਗਿ੍ਫਤਾਰੀਆਂ ਹੋ ਰਹੀਆਂ ਹਨ ਅਤੇ ਨਸ਼ਾ ਤਸਕਰ ਘਰ ਬਾਹਰ ਛੱਡ ਦੇ ਬਾਹਰ ਨੂੰ ਦੋੜ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਦੀ ਜਮੀਨ ਵਿੱਚ ਹਰੇਕ ਕਿਸਮ ਦਾ ਬੀਜ ਵੱਧ, ਫਲ, ਫੁੱਲ ਸਕਦਾ ਹੈ ਪਰ ਇੱਥੇ ਫਿਰਕੂ ਮਾਹੌਲ ਨੂੰ ਕਦੇ ਵੀ ਥਾਂ ਨਹੀਂ ਮਿਲੀ। ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦ ਪੰਜਾਬ ਨਸ਼ਾ ਮੁਕਤ ਹੋਵੇਗਾ ਅਤੇ ਇੱਥੋਂ ਦੇ ਜਵਾਨ ਫਿਰ ਹਰੇਕ ਖੇਤਰ ਵਿਚ ਦੇਸ਼ ਦਾ ਸਰਤਾਜ ਬਣਨਗੇ।